Close
Menu

ਜੀ.ਕੇ ਨੇ ਪੱਗ ਦੇ ਮੁੱਦੇ ‘ਤੇ ਦਲੇਰਾਨਾ ਸਟੈਂਡ ਲੈਕੇ ਪੱਗ ਦੀ ਮਹੱਤਤਾ ਬਾਰੇ ਸਾਰੀ ਦੁਨੀਆਂ ਨੂੰ ਸੰਦੇਸ਼ ਦਿੱਤਾ – ਸੁਖਬੀਰ

-- 09 August,2013

3-3

ਫਰੀਦਕੋਟ, 9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ ਵਲੋਂ ਰੋਮ ਦੇ ਹਵਾਈ ਅੱਡੇ ‘ਤੇ ਪੱਗ ਨਾ ਉਤਾਰਨ ਦੇਣ ਦੇ ਕਦਮ ਨੂੰ ਦਲੇਰਾਨਾ ਕਰਾਰ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਇਸ ਕਦਮ ਨਾਲ ਸਾਰੀ ਦੁਨੀਆਂ ਵਿਚ ਪੱਗ ਦੀ ਮਹੱਤਤਾ ਸਬੰਧੀ ਸੰਦੇਸ਼ ਗਿਆ ਹੈ।

ਅੱਜ ਇਥੇ 213 ਸਰਪੰਚਾਂ ਅਤੇ 1477 ਪੰਚਾਂ ਨੂੰ ਸਹੁੰ ਚੁਕਾਉਣ ਪਿਛੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੱਗ ਸਿੱਖਾਂ ਦੀ ਸਖ਼ਸ਼ੀਅਤ ਦਾ ਇੱਕ ਅੰਗ ਹੈ ਅਤੇ ਦੁਨੀਆਂ ਵਿਚ ਇਸ ਨਾਲ ਛੇੜਛਾੜ ਕਰਨ ਦਾ ਕਿਸੇ ਕੋਲ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਅਮਰੀਕਾ, ਕੈਨੇਡਾ ਅਤੇ ਹੋਰ ਕਈ ਯੂਰਪੀਅਨ ਦੇਸ਼ਾਂ ਵਲੋਂ ਸਿੱਖਾਂ ਨਾਲ ਇਸ ਮੁੱਦੇ ‘ਤੇ ਨਸਲੀ ਭੇਦਭਾਅ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦੇਸ਼ਾਂ ਵਿਚ ਸਿੱਖਾਂ ਦੀ ਆਨ ਅਤੇ ਸ਼ਾਨ ਬਰਕਰਾਰ ਨਾ ਰੱਖ ਪਾਉਣ ਕਰਕੇ ਕੇਂਦਰ ਸਰਕਾਰ ਸਿੱਖ ਕੌਮ ਤੋਂ ਮਾਫੀ ਮੰਗੇ। ਉਨ੍ਹਾਂ ਕਿਹਾ ਕਿ ਵੱਡੀ ਸਿਤਮ ਜ਼ਰੀਫੀ ਇਹ ਹੈ ਕਿ ਇਹ ਸਾਰਾ ਕੁਝ ਤਦ ਹੋ ਰਿਹਾ ਹੈ ਜਦ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਸਿੱਖ ਹੈ।

ਫੌਜ ਦੇ ਪੰਜ ਜਵਾਨਾਂ ਦੀ ਸ਼ਹੀਦੀ ਬਾਰੇ ਕਾਂਗਰਸ ਦੇ ਸਟੈਂਡ ‘ਤੇ ਵਰਦਿਆਂ ਸ. ਬਾਦਲ ਨੇ ਕਿਹਾ ਕਿ ਸਾਡੇ ਰੱਖਿਆ ਮੰਤਰੀ ਸ਼ਹੀਦਾਂ ਨੂੰ ਸਲਾਮ ਕਰਨ ਦੀ ਥਾਂ ਪਾਕਿਸਤਾਨ ਦੀ ਚਮੜੀ ਬਚਾਉਣ ‘ਤੇ ਟਿੱਲ ਲਾ ਰਹੇ ਹਨ। ਸੂਬੇ ਵਿਚ ਉਦਯੋਗਿਕ ਵਿਕਾਸ ਸਬੰਧੀ ਇੱਕ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪਿਛੇ ਜਿਹੇ ਹੀ ਟਾਟਾ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਵਲੋਂ ਉਨ੍ਹਾਂ ਨਾਲ ਲੰਬੀ ਮੀਟਿੰਗ ਕਰਕੇ ਸੂਬੇ ਵਿਚ ਨਿਵੇਸ਼ ਵਿਚ ਦਿਲਚਸਪੀ ਦਿਖਾਈ ਗਈ ਹੈ। ਉਨ੍ਹਾਂ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਦੇ ਸਾਰਥਕ ਨਤੀਜ਼ੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।

ਇਸ ਤੋਂ ਪਹਿਲਾਂ ਚੁਣੇ ਗਏ ਸਰਪੰਚਾਂ ਅਤੇ ਪੰਚਾਂ ਨੂੰ ਵਧਾਈ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਿਕਾਸ ਦੇ ਅਧਾਰ ‘ਤੇ ਅਕਾਲੀ-ਭਾਜਪਾ ਨੂੰ ਦੁਬਾਰਾ ਸੱਤਾ ਸੌਂਪੀ ਹੈ। ਉਨ੍ਹਾਂ ਸਰਪੰਚਾਂ ਅਤੇ ਪੰਚਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਆਪਣੇ ਪਿੰਡਾਂ ਦੇ ਵਿਕਾਸ ਲਈ ਅੱਗੇ ਆਉਣ ਤਾਂ ਜੋ ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਬਣਾਇਆ ਜਾ ਸਕੇ।

ਉਨ੍ਹਾਂ ਆਟਾ-ਦਾਲ ਸਕੀਮ ਦੇ ਮੌਜੂਦਾ ਲਾਭਪਤਾਰੀ ਪਰਿਵਾਰਾਂ ਦੀ ਗਿਣਤੀ 15 ਲੱਖ ਤੋਂ 30 ਲੱਖ ਕਰਨ ਅਤੇ ਇਨ੍ਹਾਂ ਨੂੰ 30 ਹਜ਼ਾਰ ਰੁਪਏ ਤੱਕ ਦਾ ਸਲਾਨਾ ਮੁਫ਼ਤ ਸਿਹਤ ਤੇ ਇਲਾਜ ਬੀਮਾ ਦੇਣ ਦੀ ਯੋਜਨਾ ਵੀ ਛੇਤੀ ਅਮਲ ਵਿੱਚ ਲਿਆਉਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 40 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਅਧੀਨ ਥਰਮਲ ਪਲਾਂਟ ਅਗਲੇ ਕੁੱਝ ਮਹੀਨਿਆਂ ਵਿੱਚ ਸਰਦੀਆਂ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦੇਣਗੇ ਅਤੇ ਪੰਜਾਬ ਹਕੀਕੀ ਰੂਪ ਵਿੱਚ ਬਿਜਲੀ ਸਰਪਲੱਸ ਸੂਬਾ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ  ਅਗਲੇ ਚਾਰ ਮਹੀਨੇ ਵਿੱਚ ਸਾਰੀਆਂ ਲਿੰਕ ਸੜਕਾਂ ਦਾ ਨਵੀਨੀਕਰਨ 1400 ਕਰੋੜ ਰੁਪਏ ਨਾਲ ਕੀਤਾ ਜਾਵੇਗਾ।

ਇਸ ਮੌਕੇ ਮੁੱਖ ਤੌਰ ‘ਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਮੁੱਖ ਸੰਸਦੀ ਸਕੱਤਰ ਮੰਤਾਰ ਸਿੰਘ ਬਰਾੜ, ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ, ਵਿਧਾਇਕ ਦੀਪ ਮਲਹੋਤਰਾ ਅਤੇ ਸਾਬਕਾ ਸੰਸਦ ਗੁਰਚਰਨ ਕੌਰ ਹਾਜ਼ਰ ਸਨ।

Facebook Comment
Project by : XtremeStudioz