Close
Menu

ਜੂਨੀਅਰ ਨਿਸ਼ਾਨੇਬਾਜ਼ਾਂ ਨੇ ਫੁੰਡੇ ਚਾਂਦੀ ਤੇ ਕਾਂਸੀ ਦੇ ਤਗ਼ਮੇ

-- 13 September,2018

ਚਾਂਗਵੋਨ (ਦੱਖਣੀ ਕੋਰੀਆ), ਜੂਨੀਅਰ ਨਿਸ਼ਾਨੇਬਾਜ਼ਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਆਈਐਸਐਸਐਫ ਵਿਸ਼ਵ ਚੈਂਪੀਅਨਸ਼ਿਪ ਦੇ ਪੁਰਸ਼ ਸਕੀਟ ਮੁਕਾਬਲੇ ਵਿੱਚ ਪਹਿਲੀ ਵਾਰ ਦੇਸ਼ ਦੀ ਟੀਮ ਅਤੇ ਵਿਅਕਤੀਗਤ ਵਰਗ ਵਿੱਚ ਤਗ਼ਮੇ ਦਿਵਾਏ। ਪੁਰਸ਼ ਸਕੀਟ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਇਸ ਮੁਕਾਬਲੇ ਵਿੱਚ ਗੁਰਨਿਹਾਲ ਸਿੰਘ ਗਰਚਾ ਨੇ ਵਿਅਕਤੀਗਤ ਕਾਂਸੀ ਦਾ ਤਗ਼ਮਾ ਹਾਸਲ ਕੀਤਾ।

ਵਿਸ਼ਵ ਚੈਂਪੀਅਨਸ਼ਿਪ ਵਿੱਚ ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਸਾਰੇ ਸ਼ਾਟਗਨ ਤਗ਼ਮੇ ਟਰੈਪ ਅਤੇ ਡਬਲ ਟਰੈਪ ਮੁਕਾਬਲਿਆਂ ਵਿੱਚ ਜਿੱਤੇ ਹਨ। ਇਹ ਪਹਿਲਾ ਮੌਕਾ ਹੈ, ਜਦੋਂ ਭਾਰਤੀ ਸਕੀਟ ਨਿਸ਼ਾਨੇਬਾਜ਼ ਇਸ ਚੈਂਪੀਅਨਸ਼ਿਪ ਤੋਂ ਤਗ਼ਮੇ ਨਾਲ ਪਰਤ ਰਹੇ ਹਨ।
ਗੁਰਨਿਹਾਲ (119), ਅਨੰਤਜੀਤ ਸਿੰਘ ਨਾਰੂਕਾ (117) ਅਤੇ ਅਯੂਸ਼ ਰੁਦਰਰਾਜੂ (119) ਦੀ ਤਿੱਕੜੀ ਨੇ 355 ਅੰਕ ਨਾਲ ਦੂਜਾ ਸਥਾਨ ਹਾਸਲ ਕੀਤਾ। ਕੱਲ੍ਹ ਪਹਿਲੇ ਦਿਨ ਦੇ ਕੁਆਲੀਫਾਈਂਗ ਮੁਕਾਬਲੇ ਮਗਰੋਂ ਭਾਰਤੀ ਟੀਮ ਚੋਟੀ ’ਤੇ ਚੱਲ ਰਹੀ ਸੀ। 19 ਸਾਲ ਦੇ ਗੁਰਨਿਹਾਲ ਨੇ ਛੇ ਨਿਸ਼ਾਨੇਬਾਜ਼ਾਂ ਦੇ ਵਿਅਕਤੀਗਤ ਫਾਈਨਲ ਵਿੱਚ ਵੀ ਥਾਂ ਬਣਾਈ ਅਤੇ 46 ਅੰਕ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਇਹ ਉਸ ਦੇ ਕੌਮਾਂਤਰੀ ਕਰੀਅਰ ਦੀ ਸਭ ਤੋਂ ਵੱਡੀ ਉਪਲਬਧੀ ਹੈ। ਇਟਲੀ ਦੇ ਏਲੀਆ ਸਦਰੁਸਿਓਲੀ ਨੇ 55 ਅੰਕ ਨਾਲ ਸੋਨਾ, ਜਦਕਿ ਅਮਰੀਕਾ ਦੇ ਨਿਕ ਮੋਸ਼ੈਟੀ ਨੇ 54 ਅੰਕ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ।
ਭਾਰਤ ਤਗ਼ਮਾ ਸੂਚੀ ਵਿੱਚ ਸੱਤ ਸੋਨੇ, ਅੱਠ ਚਾਂਦੀ ਅਤੇ ਸੱਤ ਕਾਂਸੀ ਦੇ ਤਗ਼ਮਿਆਂ ਸਣੇ ਕੁੱਲ 22 ਤਗ਼ਮਿਆਂ ਨਾਲ ਆਈਐਸਐਸਐਫ ਦੀ ਇਸ ਚੋਟੀ ਦੀ ਕੌਮਾਂਤਰੀ ਚੈਂਪੀਅਨਸ਼ਿਪ ਵਿੱਚ ਚੌਥੇ ਸਥਾਨ ’ਤੇ ਚੱਲ ਰਿਹਾ ਹੈ। ਇਹ 2020 ਓਲੰਪਿਕ ਦਾ ਪਹਿਲਾ ਕੁਆਲੀਫਾਈਂਗ ਟੂਰਨਾਮੈਂਟ ਵੀ ਹੈ। ਟੀਮ ਮੁਕਾਬਲੇ ਵਿੱਚ ਚੈੱਕ ਗਣਰਾਜ ਨੇ 356 ਅੰਕਾਂ ਨਾਲ ਸੋਨਾ, ਜਦੋਂਕਿ ਇਟਲੀ ਨੇ 354 ਅੰਕ ਨਾਲ ਚਾਂਦੀ ਜਿੱਤੀ।
ਜੂਨੀਅਰ ਮਹਿਲਾ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿੱਚ ਭਾਰਤੀ ਟੀਮ 3383 ਅੰਕ ਨਾਲ 14ਵੇਂ ਸਥਾਨ ’ਤੇ ਰਹੀ।
ਭਾਰਤੀ ਟੀਮ ਵਿੱਚ ਸ਼ਾਮਲ ਭਕਤੀ ਖ਼ਾਸਕਰ (1132), ਸ਼ਿਰਿਨ ਗੋਂਦਾਰਾ (1130) ਅਤੇ ਆਯੂਸ਼ੀ ਪੋਡਰ (1121) ਵਿਅਕਤੀਗਤ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਸਫਲ ਰਹੇ। ਦੂਜੇ ਪਾਸੇ, ਸੀਨੀਅਰ ਨਿਸ਼ਾਨੇਬਾਜ਼ਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ। ਮਹਿਲਾ ਸਕੀਟ ਟੀਮ 319 ਅੰਕ ਨਾਲ ਨੌਵੇਂ ਸਥਾਨ ’ਤੇ ਰਹੀ। ਰਸ਼ਮੀ ਰਾਠੌੜ (108), ਮਹੇਸ਼ਵਰੀ ਚੌਹਾਨ (106) ਅਤੇ ਗਨੀਮਤ ਸੇਖੋਂ (105) ਵਿਅਕਤੀਗਤ ਫਾਈਨਲ ਵਿੱਚ ਥਾਂ ਨਹੀਂ ਬਣਾ ਸਕੀਆਂ। ਭਾਰਤ ਦੀ ਅੰਜੁਮ ਮੌਦਗਿਲ ਅਤੇ ਅਪੂਰਵੀ ਚੰਦੇਲਾ ਹੀ ਇਸ ਚੈਂਪੀਅਨਸ਼ਿਪ ਤੋਂ ਮਹਿਲਾ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਓਲੰਪਿਕ ਕੋਟਾ ਹਾਸਲ ਕਰਨ ਵਿੱਚ ਸਫਲ ਰਹੀ ਹੈ।

Facebook Comment
Project by : XtremeStudioz