Close
Menu

ਜੇਕਰ ਬਾਜਵਾ ‘ਚ ਭੋਰਾ ਵੀ ਹੌਸਲਾ ਹੈ ਤਾਂ 10 ਜਨਪਥ ਸਾਹਮਣੇ ਧਰਨਾ ਲਾਉਣ – ਸੁਖਬੀਰ ਬਾਦਲ

-- 17 January,2014

8 (3)ਲੁਧਿਆਣਾ,17 ਜਨਵਰੀ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵਲੋਂ  ਗੁਆਂਢੀ ਰਾਜਾਂ ਲਈ ਵਿਸ਼ੇਸ਼ ਉਦਯੋਗਿਕ ਪੈਕੇਜ਼ 2017 ਤੱਕ ਵਧਾਉਣਾ ਮੰਦਭਾਗਾ ਤੇ ਪੰਜਾਬ ਵਿਚ ਨਿਵੇਸ਼ ਪ੍ਰਕ੍ਰਿਆ ਨੂੰ ਲੀਂਹੋ ਲਾਉਣ ਦੀ ਸਾਜਿਸ਼ ਹੈ। ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਵਿਚ ਭੋਰਾ ਵੀ ਹੌਸਲਾ ਹੈ ਤਾਂ ਉਹ ਪੰਜਾਬ ਨਾਲ ਇਸ ਧੱਕੇ ਵਿਰੁੱਧ 10 ਜਨਪਥ ਦੇ ਸਾਹਮਣੇ ਧਰਨਾ ਲਾਉਣ।
ਅੱਜ ਇੱਥੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੇ ਨਾਲ ਫੋਰਟਿਸ ਹਸਪਤਾਲ ਦਾ ਨੀਂਹ ਪੱਥਰ ਰੱਖਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਨਿਵੇਸ਼ਕ ਸੰਮੇਲਨ ਨੇ ਪੰਜਾਬ ਦੇ ਸਨਅਤੀਕਰਨ ਦਾ ਮੁੱਢ ਬੰਨਿਆ ਹੈ , ਜੋ ਕਿ ਕਾਂਗਰਸ ਨੂੰ ਪੰਜਾਬ ਵਿਰੋਧੀ ਮਾਨਸਿਕਤਾ ਹੋਣ ਕਰਕੇ ਪਚ ਨਹੀਂ ਰਿਹਾ।
ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੈਡੀਕਲ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਤਵੱਕੋਂ ਦਿੱਤੀ ਜਾ ਰਹੀ ਹੈ ਕਿਉਂ ਜੋ ਪੰਜਾਬ ਵਿਚ ਇਸ ਖੇਤਰ ਦੇ ਅਸੀਮ ਵਾਧੇ ਦੀ ਸੰਭਾਵਨਾਵਾਂ ਹਨ। ਉਨ੍ਹਾਂ  ਪੰਜਾਬ ਸਰਕਾਰ ਵਲੋਂ ਨਿਊ ਚੰਡੀਗੜ੍ਹ ਵਿਖੇ ਦੋ ਮੈਡੀਕਲ ਯੂਨੀਵਰਸਿਟੀਜ਼ ਵੀ ਸਥਾਪਿਤ ਕਰਨ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਲੋਂ ਆਪਣਾ ਕੈਂਪਸ ਐਜੂ- ਸਿਟੀ ਵਿਖੇ ਵੀ ਸਥਾਪਿਤ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਸ. ਬਾਦਲ ਵਲੋਂ ਫੋਰਟਿਸ ਹਸਪਤਾਲ ਦਾ ਵੀ ਉਦਘਾਟਨ ਕੀਤਾ ਗਿਆ ਤੇ ਨਾਲ ਹੀ 125 ਕਰੋੜ ਦੀ ਲਾਗਤ ਵਾਲੀ ਇਸੇ ਹਸਪਤਾਲ ਦੀ ਔਰਤਾਂ ਤੇ ਬੱਚਿਆਂ ਲਈ ਵਿਸ਼ੇਸ਼ ਬਰਾਂਚ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਫੋਰਟਿਸ ਦੇ ਕਾਰਜਕਾਰੀ ਚੇਅਰਮੈਨ ਮਾਲਵਿੰਦਰ ਮੋਹਨ ਸਿੰਘ ਤੇ ਉਪ ਕਾਰਜਕਾਰੀ ਚੇਅਰਮੈਨ ਸ਼ਵਿੰਦਰ ਮੋਹਨ ਸਿੰਘ ਨੇ ਮੁਹਾਲੀ ਵਿਖੇ ਕੈਂਸਰ ਹਸਪਤਾਲ ਖੋਲਣ ਦਾ ਐਲਾਨ ਕੀਤਾ।
ਇਸ ਮੌਕੇ ਮੁੱਖ ਤੌਰ ‘ਤੇ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ,ਮੁੱਖ ਮੰਤਰੀ ਦੇ  ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ, ਵਿਧਾਇਕ ਰਣਜੀਤ ਸਿੰਘ ਢਿੱਲੋਂ ਤੇ ਮੇਅਰ ਹਰਚਰਨ ਸਿੰਘ ਗੋਹਲਵੜੀਆ ਹਾਜ਼ਰ ਸਨ।

Facebook Comment
Project by : XtremeStudioz