Close
Menu

ਜੇ ਪੁੱਤ ਕਪੁੱਤ ਨਾ ਹੋਣ

-- 27 November,2013

11ਬਿਸ਼ਨੀ ਦਾ ਪੁੱਤਰ ਸੁੱਖੀ ਉਦੋਂ ਅੱਠਵੀਂ ਵਿੱਚ ਪੜ੍ਹਦਾ ਸੀ, ਜਦੋਂ ਕਿਸ਼ਨੇ ਦੀ ਮੌਤ ਹੋ ਗਈ। ਬਿਸ਼ਨੀ ਨੇ ਲੋਕਾਂ ਦੇ ਘਰਾਂ ਦਾ ਕੰਮ ਅਤੇ ਸਿਲਾਈ ਕਰ ਕੇ ਸੁੱਖੀ ਨੂੰ ਪੜ੍ਹਾਇਆ ਸੀ। ਸੁੱਖੀ ਵੀ ਪੜ੍ਹਨ ਵਿੱਚ ਹੁਸ਼ਿਆਰ ਸੀ। ਬੀ ਏ ਕਰਨ ਤੋਂ ਬਾਅਦ ਪਾਰਟ ਟਾਈਮ ਕੰਮ ਕਰ ਕੇ ਉਸ ਨੇ ਆਪਣਾ ਖਰਚਾ ਚਲਾਇਆ ਤੇ ਮੈਨੇਜਮੈਂਟ ਦੀ ਡਿਗਰੀ ਕੀਤੀ। ਬਿਸ਼ਨੀ ਪਿੰਡ ਹੀ ਰਹਿ ਰਹੀ ਸੀ। ਸੁੱਖੀ ਮਹੀਨੇ ਪੰਦਰੀਂ ਦਿਨੀਂ ਪਿੰਡ ਜਾ ਕੇ ਮਾਂ ਨੂੰ ਮਿਲ ਆਉਂਦਾ। ਉਹ ਮਾਂ ਦੀ ਬਹੁਤ ਇੱਜ਼ਤ ਕਰਦਾ ਸੀ। ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਸ ਦੀ ਮਾਂ ਨੇ ਬਹੁਤ ਮਿਹਨਤ ਕਰ ਕੇ ਉਸ ਦੀ ਪਰਵਰਿਸ਼ ਕੀਤੀ ਹੈ।
‘‘ਮਾਂ, ਮੇਰੀ ਨੌਕਰੀ ਲੱਗ ਲੈਣਦੇ, ਮੈਂ ਤੈਨੂੰ ਆਪਣੇ ਕੋਲ ਸ਼ਹਿਰ ਲੈ ਜਾਣਾ।” ਇੱਕ ਦਿਨ ਸੁੱਖੀ ਨੇ ਮਾਂ ਨੂੰ ਕਿਹਾ।
‘‘ਚੰਗਾ ਪੁੱਤ, ਜਿਵੇਂ ਤੇਰੀ ਮਰਜ਼ੀ।” ਬਿਸ਼ਨੀ ਨੇ ਲਾਡ ਨਾਲ ਸੁੱਖੀ ਨੂੰ ਆਪਣੇ ਕਲਾਵੇ ‘ਚ ਲੈ ਲਿਆ।
ਜਲਦੀ ਹੀ ਸੁੱਖੀ ਦੀ ਨੌਕਰੀ ਇੱਕ ਵੱਡੀ ਕੰਪਨੀ ਵਿੱਚ ਲੱਗ ਗਈ। ਉਸ ਨੂੰ ਰਹਿਣ ਲਈ ਕੋਠੀ ਮਿਲੀ ਤੇ ਦਫਤਰ ਆਉਣ-ਜਾਣ ਲਈ ਕਾਰ। ਸੁੱਖੀ ਨੇ ਜਦੋਂ ਮਾਂ ਨੂੰ ਸਾਰੀ ਗੱਲ ਦੱਸੀ ਤਾਂ ਮਾਂ ਨੂੰ ਬਹੁਤ ਖੁਸ਼ੀ ਹੋਈ।
‘‘ਪੁੱਤਰਾਂ ਹੁਣ ਤੂੰ ਸ਼ਾਦੀ ਕਰ ਲੈ।”
‘‘ਹਾਂ ਮਾਂ ਸ਼ਾਦੀ ਵੀ ਕਰਨੀ ਹੈ, ਮਾਂ ਤੂੰ ਸੀਮਾ ਨੂੰ ਜਾਣਦੀ ਏ ਨਾ, ਪੰਡਤ ਜਿਹੜੇ ਸ਼ਹਿਰ ਚਲੇ ਗਏ ਸਨ।” ‘‘ਹਾਂ ਹਾਂ, ਕੀ ਹੋਇਆ ਉਸ ਨੂੰ? ਉਸ ਦਾ ਪਿਓ ਹੱਟੀ ਕਰਦਾ ਹੁੰਦਾ ਸੀ।”
‘‘ਹਾਂ ਮਾਂ ਉਹੀ ਸੀਮਾ, ਮੈਂ ਤੇ ਉਹ ਇਕੱਠੇ ਪੜ੍ਹਦੇ ਸੀ ਤੇ ਹੁਣ ਕੰਮ ਵੀ ਇਕੱਠੇ ਹੀ ਕਰਦੇ ਹਾਂ। ਉਨ੍ਹਾਂ ਦੀ ਧੀ…”
‘‘ਉਹ ਤਾਂ ਬਹੁਤ ਚੰਗੀ ਕੁੜੀ ਸੀ, ਮਿਲੀ ਈ ਨਈ ਮੁੜ ਕੇ ਜਦੋਂ ਦੀ ਸ਼ਹਿਰ ਗਈ ਆ।” ‘‘ਮਾਂ-ਮਿਲ ਪਊ ਉਦਾਸ ਨਾ ਹੋ। ਅਸੀਂ ਦੋਵੇਂ ਵਿਆਹ ਕਰਨਾ ਚਾਹੁੰਦੇ ਹਾਂ, ਤੈਨੂੰ ਕੋਈ ਇਤਰਾਜ਼ ਤਾਂ ਨਹੀਂ?” ਸੁੱਖ ਨੇ ਆਪਣੇ ਦਿਲ ਦੀ ਗੱਲ ਮਾਂ ਨੂੰ ਕਹਿ ਦਿੱਤੀ। ਬਿਸ਼ਨੀ ਸੋਚੀਂ ਪੈ ਗਈ, ‘‘ਪੁੱਤਰਾ ਸਾਡੀਆਂ ਜ਼ਾਤਾਂ ਵੱਖ-ਵੱਖ…।” ‘‘ਮਾਂ ਇਹ ਸਭ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ,” ਸੁੱਖੀ ਨੇ ਮਾਂ ਦੀ ਗੱਲ ਕੱਟਦਿਆਂ ਕਿਹਾ।
‘‘ਸੀਮਾ ਦੇ ਮਾਂ-ਬਾਪ ਰਾਜ਼ੀ ਹਨ, ਤੂੰ ਵੀ ਪੁਰਾਣੇ ਵਿਚਾਰ ਦਿਲੋਂ ਕੱਢ ਦੇ।”
‘‘ਚੰਗਾ ਪੁੱਤਰਾ, ਜਿਵੇਂ ਤੂੰ ਰਾਜ਼ੀ, ਤਿਵੇਂ ਮੈਂ ਰਾਜ਼ੀ, ਜ਼ਿੰਦਗੀ ਤਾਂ ਤੁਸੀਂ ਲੰਘਾਉਣੀ ਹੈ।” ਸੁੱਖੀ ਤੇ ਸੀਮਾ ਦੀ ਸ਼ਾਦੀ ਹੋ ਗਈ। ਸਾਰੇ ਖੁਸ਼ ਸਨ। ਉਨ੍ਹਾਂ ਨੇ ਆਪਣੀ ਸੈਟਿੰਗ ਚੰਗੀ ਤਰ੍ਹਾਂ ਕਰ ਲਈ। ਫਿਰ ਇੱਕ ਦਿਨ ਸੁੱਖੀ ਪਿੰਡ ਆਇਆ ਤੇ ਉਸ ਨੇ ਮਾਂ ਕਿਹਾ, ‘‘ਮਾਂ, ਤੂੰ ਬਹੁਤ ਇਕੱਲ ਤੇ ਤਕਲੀਫ ਸਹੀ ਹੈ, ਹੁਣ ਤੂੰ ਸ਼ਹਿਰ ਸਾਡੇ ਨਾਲ ਹੀ ਰਹਿ।” ‘‘ਪੁੱਤਰਾ ਮੇਰੀਆਂ ਬਹੁਤ ਯਾਦਾਂ ਇਸ ਘਰ ਨਾਲ ਜੁੜੀਆਂ ਹੋਈਆਂ ਹਨ। ਮੈਂ ਇਸ ਘਰ ਨੂੰ ਛੱਡ ਕੇ ਨਹੀਂ ਜਾ ਸਕਦੀ।”
‘‘ਮਾਂ ਤੇਰੀ ਗੱਲ ਠੀਕ ਹੈ, ਪਰ ਹੁਣ ਸਾਨੂੰ ਕੋਈ ਮਜਬੂਰੀ ਨਹੀਂ ‘ਕੱਲੇ-’ਕੱਲੇ ਰਹਿਣ ਦੀ, ਤੇਰੀ ਸਿਹਤ ਵੀ ਠੀਕ ਨਹੀਂ ਰਹਿੰਦੀ। ਫਿਰ ਜਦੋਂ ਦਿਲ ਕਰੇ, ਆਪਾਂ ਆ ਕੇ ਪਿੰਡ ਚੱਕਰ ਮਾਰ ਜਾਇਆ ਕਰਾਂਗੇ, ਗੱਡੀ ਆਪਣੇ ਕੋਲ ਹੈ, ਨਾਲੇ ਤਾਂ ਘਰ ਦੀ ਸਾਫ-ਸਫਾਈ ਹੋ ਜਾਇਆ ਕਰਾਂਗੇ। ਤੂੰ ਤਿਆਰ ਰਹੀਂ, ਮੈਂ ਅਗਲੇ ਐਤਵਾਰ ਨੂੰ ਆ ਕੇ ਤੈਨੂੰ ਲੈ ਚੱਲਾਂਗਾ। ਮਾਂ ਤੂੰ ਉਦਾਸ ਨਾ ਹੋ, ਯਾਦਾਂ ਤਾਂ ਮੇਰੀਆਂ ਵੀ ਜੁੜੀਆਂ ਹੋਈਆਂ ਨੇ, ਪਰ ਮਜਬੂਰੀ ਹੈ।” ਬਿਸ਼ਨੀ ਨੇ ਚੁੱਪ ਰਹਿ ਕੇ ਹਾਮੀ ਭਰ ਦਿੱਤੀ। ਸੁੱਖੀ ਚਲਾ ਗਿਆ। ਜਦੋਂ ਆਂਢਣਾਂ-ਗੁਆਂਢਣਾਂ ਨੂੰ ਪਤਾ ਲੱਗਾ ਕਿ ਬਿਸ਼ਨੀ ਆਪਣੇ ਪੁੱਤ ਕੋਲ ਜਾ ਰੀਹ ਹੈ ਤਾਂ ਉਹ ਸਾਰੀਆਂ ਇੱਕ ਦਿਨ ਇਕੱਠੀਆਂ ਹੋ ਕੇ ਆਈਆਂ। ‘‘ਦੇਖ ਭੈਣ, ਤੈਨੂੰ ਪੁੱਤ ਕੋਲ ਜਾਣ ਦੀ ਖੁਸ਼ੀ ਤਾਂ ਬਹੁਤ ਹੋਏਗੀ, ਪਰ ਸਾਨੂੰ ਇੱਕ ਚਿੰਤਾ ਖਾ ਰਹੀ ਹੈ,” ਇੱਕ ਬੀਬੀ ਨੇ ਅਗਾਂਹ ਹੁੰਦਿਆਂ ਗੱਲ ਸ਼ੁਰੂ ਕੀਤੀ। ‘‘ਉਹ ਕੀ ਭੈਣਾਂ?”
‘‘ਉਹ ਇਹ ਕਿ ਤੈਨੂੰ ਉਤੇ ਲਿਜਾ ਕੇ ਨੌਕਰਾਣੀ ਹੀ ਨਾ ਬਣਾ ਛੱਡਣ ਰਾਮ ਦੇਈ ਵਾਂਗ। ਇਥੇ ਤੂੰ ਆਪਣੀ ਮਰਜ਼ੀ ਦੀ ਮਾਲਕ ਹੈਂ, ਜਦੋਂ ਦਿਲ ਕਰਦਾ ਪਕਾ ਤੇ ਜਦੋਂ ਦਿਲ ਕਰੇ ਖਾ ਲੈਂਦੀ ਹੈਂ, ਜਦੋਂ ਮਨ ਆਵੇ ਸੌਂ ਜਾਵੇਂ, ਮਨ ਆਏ ਉਠ ਪਵੇਂ। ਉਨ੍ਹਾਂ ਦਾ ਨਵਾਂ-ਨਵਾਂ ਵਿਆਹ ਹੋਇਆ, ਉਹ ਵੱਡੀ ਕੰਨਪੀ ਵਿੱਚ ਕੰਮ ਕਰਦੇ ਹਨ ਦੋਵੇਂ, ਉਨ੍ਹਾਂ ਦੀਆਂ ਤਾਂ ਅਜੇ ਪਾਰਟੀਆਂ-ਸ਼ਾਰਟੀਆਂ ਹੀ ਨਹੀਂ ਮੁੱਕੀਆਂ ਹੋਣੀਆਂ, ਇਹ ਨਾ ਹੋਵੇ ਕਿ ਤੈਨੂੰ ਝਾੜੂ ਬੁਹਾਰੀ ਅਤੇ ਰੋਟੀਆਂ ਪਕਾਉਣ ‘ਤੇ ਹੀ ਲਾ ਰੱਖਣ, ਸੇਤ੍ਹ ਤੇਰੀ ਪਹਿਲਾਂ ਈ ਠੀਕ ਨਹੀਂ ਰਹਿੰਦੀ, ਇਹ ਨਾ ਹੋਵੇ ਕਿ ਅੱਧੀ ਅੱਧੀ ਰਾਤ ਤੱਕ ਬੂਹਾ ਖੋਲ੍ਹਣ ਦੀ ਉਡੀਕ ਵਿੱਚ ਜਗਰਾਤੇ ਕੱਟਣੇ ਪੈਣ।”
‘‘ਭੈਣੋਂ, ਤੁਹਾਡੀਆਂ ਗੱਲਾਂ ਸੋਲਾਂ ਆਨੇ ਠੀਕ ਹਨ ਅੱਜ ਦੇ ਸਮੇਂ ਮੁਤਾਬਕ ਪਰ ਮੈਨੂੰ ਆਪਣੇ ਪੁੱਤ ਉਤੇ ਏਨਾ ਕੁ ਯਕੀਨ ਹੈ ਕਿ ਮੇਰਾ ਸੁੱਖੀ ਹੋਰਨਾਂ ਵਰਗਾ ਕਦੀ ਨਹੀਂ ਹੋਊ, ਉਹ ਮੈਨੂੰ ਮਾਂ ਬਣਾ ਕੇ ਹੀ ਰੱਖੇਗਾ।” ‘‘ਰੱਬ ਕਰੇ ਉਹ ਤੈਨੂੰ ਮਾਂ ਬਣਾ ਕੇ ਹੀ ਰੱਖੇ। ਤੇਰਾ ਤੇ ਸਾਡੇ ਕਿਹਾ ਰੱਬ ਸੁਣੇ।” ਇੱਕ ਗੁਆਂਢਣ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ। ਉਨ੍ਹਾਂ ਦੀਆਂ ਗੱਲਾਂ ਹੋ ਹੀ ਰਹੀਆਂ ਸਨ ਕਿ ਬਾਹਰਲੇ ਦਰਾਂ ਅੱਗੇ ਗੱਡੀ ਰੁਕਣ ਦੀ ਆਵਾਜ਼ ਆਈ। ਸਾਰੀਆਂ ਜ਼ਨਾਨੀਆਂ ਬਾਹਰਲੇ ਬੂਹੇ ਵੱਲ ਦੇਖਣ ਲੱਗੀਆਂ।
ਸੁੱਖੀ ਅੰਦਰ ਆਇਆ ਤੇ ਉਸ ਨੇ ਸਾਰਿਆਂ ਦੇ ਪੈਰੀਂ ਹੱਥ ਲਾਇਆ। ਮਾਂ ਨੇ ਸਾਮਾਨ ਬੰਨ੍ਹ ਕੇ ਰੱਖਿਆ ਹੋਇਆ ਸੀ। ਸੁੱਖੀ ਨੇ ਉਹ ਗੱਡੀ ਵਿੱਚ ਰੱਖਿਆ ਬਿਸ਼ਨੀ ਨੇ ਚਾਹ ਬਣਾ ਲਈ, ਸਾਰਿਆਂ ਨੇ ਪੀਤੀ ਤੇ ਭਾਂਡੇ ਸਾਂਭ ਕੇ ਬਿਸ਼ਨੀ ਨੇ ਘਰ ਨੂੰ ਤਾਲਾ ਲਾਇਆ ਤੇ ਕਾਰ ਵਿੱਚ ਬਹਿ ਗਈ। ਪੰਜ ਕੁ ਘੰਟੇ ਉਨ੍ਹਾਂ ਨੂੰ ਰਸਤੇ ਵਿੱਚ ਲੱਗ ਗਏ। ਮਾਂ ਪੁੱਤ ਨਵੇਂ ਘਰ ਬਾਰੇ ਗੱਲਾਂ ਕਰਦੇ ਰਹੇ।
ਕਾਰ ਕੋਠੀ ਦੇ ਗੇਟ ਅੱਗੇ ਜਾ ਖੜ੍ਹੀ ਹੋਈ। ਨੂੰਹ ਤੇ ਨੌਕਰ ਦੌੜੇ ਦੌੜੇ ਆਏ। ਸੀਮਾ ਨੇ ਸੱਸ ਦੇ ਪੈਰੀਂ ਹੱਥ ਲਾਇਆ ਤੇ ਉਸ ਨੂੰ ਆਪਣੇ ਕਲਾਵੇ ‘ਚ ਲੈ ਕੇ ਕੋਠੀ ਦੇ ਅੰਦਰ ਲੈ ਗਈ। ਅੰਦਰ ਇੱਕ ਬੈਡਰੂਮ ਸਜਿਆ ਹੋਇਆ ਸੀ। ਨੂੰਹ-ਪੁੱਤ ਨੇ ਮਾਂ ਨੂੰ ਅੰਦਰ ਲਿਜਾ ਕੇ ਉਸ ਪਲੰਘ ਉਤੇ ਬਿਠਾ ਦਿੱਤਾ।
‘‘ਮਾਂ ਜੀ, ਇਹ ਹੈ ਤੁਹਾਡਾ ਕਮਰਾ, ਤੁਹਾਡਾ ਰੈਣ ਬਸੇਰਾ। ਤੁਸੀਂ ਆਰਾਮ ਕਰੋ, ਮੈਂ ਚਾਹ ਬਣਾ ਕੇ ਲਿਆਉਂਦੀ ਹਾਂ।” ਕਹਿ ਕੇ ਸੀਮਾ ਰਸੋਈ ਵੱਲ ਨੂੰ ਚਲੀ ਗਈ। ਸੀਮਾ ਚਾਅ ਨਾਲ ਭਰੀ ਪਈ ਸੀ। ਬਿਸ਼ਨੀ ਇਹ ਸਭ ਕੁਝ ਹੈਰਾਨੀ ਨਾਲ ਦੇਖ ਰਹੀ ਸੀ। ਖੁਸ਼ੀ ਵਿੱਚ ਉਸ ਦੀਆਂ ਅੱਖਾਂ ਵਿੱਚੋਂ ਦੋ ਮੋਤੀ ਨਿਕਲ ਕੇ ਕੋਰਾਂ ਵਿੱਚ ਅਟਕ ਗਏ।

-ਭੁਪਿੰਦਰ ਉਸਤਾਦ

Facebook Comment
Project by : XtremeStudioz