Close
Menu

ਜੈਸਿੰਡਾ ਨੇ ਚੀਨ ਨਾਲ ਸਬੰਧਾਂ ਨੂੰ ‘ਬੇਹੱਦ ਮਹੱਤਵਪੂਰਨ’ ਦੱਸਿਆ

-- 02 April,2019

ਪੇਈਚਿੰਗ, 2 ਅਪਰੈਲ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅੱਜ ਚੀਨ ਦੇ ਦੌਰੇ ਮੌਕੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਇਸ ਮੌਕੇ ਜੈਸਿੰਡਾ ਨੇ ਚੀਨ ਨਾਲ ਨਿਊਜ਼ੀਲੈਂਡ ਦੇ ਸਬੰਧਾਂ ਨੂੰ ‘ਬੇਹੱਦ ਮਹੱਤਵਪੂਰਨ’ ਦੱਸਿਆ। ਜਦਕਿ ਚੀਨੀ ਟੈਲੀਕਾਮ ਕੰਪਨੀ ‘ਵ੍ਹਾਵੇਅ’ ਨਾਲ ਨਿਊਜ਼ੀਲੈਂਡ ਦੇ ਸੁਰੱਖਿਆ ਦੇ ਪੱਖ ਤੋਂ ਬਣੇ ਟਕਰਾਅ ਦਰਮਿਆਨ ਜਿਨਪਿੰਗ ਨੇ ‘ਆਪਸੀ ਭਰੋਸਾ’ ਬਰਕਰਾਰ ਰੱਖਣ ਦੇ ਨੁਕਤੇ ਉੱਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀਆਂ ਖ਼ੁਫੀਆ ਏਜੰਸੀਆਂ ਨੇ ਲੰਘੇ ਨਵੰਬਰ ‘ਗੰਭੀਰ ਸੁਰੱਖਿਆ ਕਾਰਨਾਂ’ ਕਰ ਕੇ ਚੀਨ ਦੀ ਟੈਲੀਕਾਮ ਫਰਮ ‘ਹੁਵੇਈ’ ਦੇ ਉਪਕਰਨ ਤੇ ਹੋਰ ਤਕਨੀਕਾਂ ਨੂੰ ਮੁਲਕ ਦੇ 5ਜੀ ਨੈੱਟਵਰਕ ਲਈ ਵਰਤਣ ਤੋਂ ਮਨ੍ਹਾਂ ਕਰ ਦਿੱਤਾ ਸੀ। ਕ੍ਰਾਈਸਟਚਰਚ ਮਸਜਿਦਾਂ ਉੱਤੇ ਹੋਏ ਹਮਲਿਆਂ ਤੋਂ ਬਾਅਦ ਜੈਸਿੰਡਾ ਨੇ ਆਪਣੇ ਪਹਿਲੀ ਵਿਦੇਸ਼ੀ ਦੌਰੇ ਮੌਕੇ ਅੱਜ ਗ੍ਰੇਟ ਹਾਲ ਆਫ਼ ਪੀਪਲ ਵਿਚ ਚੀਨੀ ਰਾਸ਼ਟਪਤੀ ਨਾਲ ਮੁਲਾਕਾਤ ਕੀਤੀ। ਜਿਨਪਿੰਗ ਨੇ ਕਿਹਾ ਕਿ ਜੈਸਿੰਡਾ ਦਾ ਦੌਰਾ ਚੀਨ ਨੂੰ ਨਿਊਜ਼ੀਲੈਂਡ ਵੱਲੋਂ ਦਿੱਤੀ ਜਾਂਦੀ ਅਹਿਮੀਅਤ ਨੂੰ ਦਰਸਾਉਂਦਾ ਹੈ। ਉਨ੍ਹਾਂ ਨਿਊਜ਼ੀਲੈਂਡ ਨੂੰ ‘ਸੁਲਝਿਆ ਮਿੱਤਰ ਤੇ ਸਾਥੀ’ ਗਰਦਾਨਿਆ। ਆਰਡਨ ਦਾ 2017 ਵਿਚ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਚੀਨ ਦਾ ਇਹ ਪਹਿਲਾ ਦੌਰਾ ਹੈ। ਦੌਰਾ ਇਸ ਪੱਖ ਤੋਂ ਵੀ ਮਹੱਤਵਪੂਰਨ ਹੈ ਕਿ ਚੀਨ ਨਾਲ 2008 ਵਿਚ ਮੁਕਤ ਵਪਾਰ ਸਮਝੌਤਾ ਕਰਨ ਦੇ ਬਾਵਜੂਦ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਪੇਈਚਿੰਗ ਦਾ ਦੌਰਾ ਕਰਨ ਲਈ ਐਨਾ ਲੰਮਾ ਵਕਤ ਲਿਆ ਹੈ। ਆਰਡਨ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਬੇਹੱਦ ਅਹਿਮ ਕਰਾਰ ਦਿੰਦਿਆਂ ਕਿਹਾ ਕਿ ਉਹ ਇਨ੍ਹਾਂ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦੇ ਚਾਹਵਾਨ ਹਨ। ਜੈਸਿੰਡਾ ਨੇ ਕਿਹਾ ਕਿ ਚੀਨ ਉਨ੍ਹਾਂ ਦੇ ਮੁਲਕ ਨਾਲ ਦੁਵੱਲਾ 18.4 ਬਿਲੀਅਨ ਅਮਰੀਕੀ ਡਾਲਰ ਦਾ ਵਪਾਰ ਕਰਦਾ ਹੈ। ਆਰਡਨ ਨੇ ਚੀਨੀ ਕੰਪਨੀ ਨਾਲ ਸੁਰੱਖਿਆ ਦੇ ਲਿਹਾਜ਼ ਤੋਂ ਬਣੇ ਟਕਰਾਅ ਬਾਰੇ ਕੋਈ ਜ਼ਿਆਦਾ ਗੱਲ ਨਹੀਂ ਕੀਤੀ।
ਉਨ੍ਹਾਂ ਲੰਘੇ ਮਹੀਨੇ ਕਿਹਾ ਸੀ ਕਿ ਇਸ ਸਬੰਧੀ ਕੰਪਨੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਜਿਨਪਿੰਗ ਨੇ ਕਿਹਾ ਕਿ ਦੋਵਾਂ ਮੁਲਕਾਂ ਨੂੰ ‘ਆਪਸੀ ਭਰੋਸਾ ਤੇ ਲਾਭ ਬਰਕਰਾਰ ਰੱਖਣ’ ਬਾਰੇ ਸੋਚਣਾ ਚਾਹੀਦਾ ਹੈ। ਜੈਸਿੰਡਾ ਨੇ ਚੀਨ ਨਾਲ ਇਸ ਮੌਕੇ ਬੈਲਟ ਤੇ ਰੋਡ ਪ੍ਰਾਜੈਕਟ ਬਾਰੇ ਵੀ ਗੱਲਬਾਤ ਕੀਤੀ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਮੁਲਕ ਵਿਚ ‘ਉੱਚ ਗੁਣਵੱਤਾ ਵਾਲੇ ਨਿਵੇਸ਼ ਦਾ ਸੱਦਾ’ ਵੀ ਦਿੱਤਾ।

Facebook Comment
Project by : XtremeStudioz