Close
Menu

ਜੌਨਸਨ ਤੋਂ ਬਾਅਦ ਹੈਰਿਸ ਵੀ ਪਿੱਚਾਂ ਤੋਂ ਨਾਖੁਸ਼

-- 04 January,2015

ਸਿਡਨੀ,ਮਿਸ਼ੇਲ ਜੌਨਸਨ ਤੋਂ ਬਾਅਦ ਆਸਟਰੇਲਿਆਈ ਟੀਮ ਦੇ ਤੇਜ਼ ਗੇਂਦਬਾਜ਼ ਰਿਆਨ ਹੈਰਿਸ ਨੇ ਵੀ ਭਾਰਤ ਖ਼ਿਲਾਫ਼ ਮੌਜੂਦਾ ਟੈਸਟ ਲੜੀ ਵਿੱਚ ਧੀਮੀ ਤੇ ਘੱਟ ਉਛਾਲ ਵਾਲੀਆਂ ਪਿੱਚਾਂ ਦੀ ਆਲੋਚਨਾ ਕੀਤੀ ਹੈ।  ਹੈਰਿਸ ਨੇ ਕਿਹਾ ਕਿ ਅਜਿਹੀਆਂ ਪਿੱਚਾ ਕਰਕੇ ਆਸਟਰੇਲੀਅਨ ਗੇਂਦਬਾਜ਼ਾਂ ਨੂੰ ਐਸ਼ੇਜ਼ ਲੜੀ ਦੇ ਮੁਕਾਬਲੇ ਵਿਕਟਾਂ ਲੈਣ ’ਚ ਵਧੇਰੇ ਮਿਹਨਤ ਕਰਨੀ ਪੈ ਰਹੀ ਹੈ। ਬੌਰਡਰ-ਗਾਵਸਕਰ ਟਰਾਫ਼ੀ ਲਈ ਖੇਡੀ ਜਾ ਰਹੀ ਚਾਰ ਮੈਚਾਂ ਦੀ ਟੈਸਟ ਲੜੀ ਵਿੱਚ 2-0 ਨਾਲ ਅੱਗੇ ਹੋਣ ਦੇ ਬਾਵਜੂਦ ਆਸਟਰੇਲਿਆਈ ਗੇਂਦਬਾਜ਼ ਹੈਰਿਸ ਨੇ ਬੱਲੇਬਾਜ਼ਾਂ ਲਈ ਮਦਦਗਾਰ ਪਿੱਚਾਂ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ।

ਮੰਗਲਵਾਰ ਤੋਂ ਸਿਡਨੀ ਵਿੰਚ ਸ਼ਰੂ ਹੋ ਰਹੇ ਚੌਥੇ ਤੇ ਆਖਰੀ ਟੈਸਟ ਤੋਂ ਪਹਿਲਾਂ ਹੈਰਿਸ ਨੇ ਕਿਹਾ, ‘‘ਮੈਨੂੰ ਨਹੀਂ ਲੱਗ਼ਦਾ ਹੈ ਕਿ ਵਿਕਟ ਇੰਨੇ ਤੇਜ਼ ਤੇ ਉਛਾਲ ਭਰੇ ਹਨ। ਭਾਵੇਂ ਪਹਿਲੇ ਦੋ ਟੈਸਟ ਮੈਚਾਂ ਦੇ ਨਤੀਜੇ ਆਏ ਹਨ, ਪਰ ਗੇਂਦਬਾਜ਼ ਵਜੋਂ ਅਸੀਂ ਹਮੇਸ਼ਾ ਵਧੇਰੇ ਉਛਾਲ ਤੇ ਘਾਹ ਦੀ ਮੰਗ ਕਰਦੇ ਰਹੇ ਹਾਂ।’ ਫਾਰਮ ਵਿੱਚ ਚੱਲ ਰਹੇ ਹੈਰਿਸ ਨੂੰ ਵਿਕਟਾਂ ’ਤੇ ਉਸ ਤੇਜ਼ੀ ਤੇ ਉਛਾਲ ਦੀ ਕਮੀ ਰੜਕ ਰਹੀ ਹੈ ਜੋ ਪਿਛਲੇ ਸਾਲ ਇੰਗਲੈਂਡ ਦੇ 5-0 ਦੇ ਵਾਈਟਵਾਸ਼ ਦਾ ਕਾਰਨ ਬਣੀ ਸੀ। ਹੈਰਿਸ ਨੇ ਕਿਹਾ, ‘‘ਪਿਛਲੇ ਸਾਲ ਜੌਨਸਨ, ਸਿਡਲ ਤੇ ਮੈਂ ਤੇਜ਼ ਤੇ ਉਛਾਲ ਭਰੀਆਂ ਵਿਕਟਾਂ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਮੌਜੂਦਾ ਲੜੀ ਵਿੱਚ ਦੋ ਮੈਚਾਂ ਵਿੱਚ ਨਤੀਜੇ ਆਏ ਤੇ ਮੈਲਬਰਨ ਵਿੱਚ ਵੀ ਲਗਪਗ ਨਤੀਜਾ ਆ ਹੀ ਗਿਆ ਸੀ। ਵਿਕਟਾਂ ਦੀ ਪੂਰੀ ਤਰ੍ਹਾਂ ਆਲੋਚਨਾ ਕਰਨਾ ਮੁਸ਼ਕਲ ਹੈ ਪਰ ਮੈਨੂੰ ਇਹ ਗੱਲ ਸਵੀਕਾਰ ਕਰਨੀ ਹੋਵੇਗੀ ਕਿ ਇਹ ਪਿਛਲੇ ਸਾਲ ਦੇ ਮੁਕਾਬਲੇ ਮੁਸ਼ਕਲ ਹੈ।’
ਆਸਟਰੇਲੀਆ ਦੇ ਤੇਜ਼ ਗੇਂਦਬਾਜ਼ੀ ਹਮਲੇ ਦੀ ਗੱਲ ਕਰਦਿਆਂ ਹੈਰਿਸ ਨੇ ਕਿਹਾ ਕਿ ਉਹ ਪੀਟਰ ਸਿਡਲ ਨੂੰ ਟੀਮ ਵਿੱਚ ਮੁੜ ਵੇਖਣਾ ਚਾਹੁੰਦਾ ਹੈ। ਹੈਰਿਸ ਹਾਲਾਂਕਿ ਪਿਛਲੇ ਦੋ ਟੈਸਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਤੋਂ ਵੀ ਕਾਫ਼ੀ ਪ੍ਰਭਾਵਿਤ ਹੈ ਜਿਸ ਨੇ ਗਾਬਾ (ਬ੍ਰਿਸਬਨ) ਵਿੱਚ ਆਪਣੇ ਟੈਸਟ ਕ੍ਰਿਕਟ ਦੀ ਸ਼ੁਰੂਆਤ ਕਰਦਿਆਂ ਪੰਜ ਵਿਕਟ ਲਏ ਸਨ।

Facebook Comment
Project by : XtremeStudioz