Close
Menu

ਜੰਮੂ ਕਸ਼ਮੀਰ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ: ਪਰੀਕਰ

-- 11 December,2014

ਸ੍ਰੀਨਗਰ, ਜੰਮੂ ਕਸ਼ਮੀਰ ਵਿੱਚ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ, ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਅੱਜ ਆਖਿਆ ਕਿ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਦਾ ਲੋਕਾਂ ਨੇ ਕਰਾਰਾ ਜਵਾਬ ਦਿੱਤਾ ਹੈ।

ਰੱਖਿਆ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜੰਮੂ ਕਸ਼ਮੀਰ ਦੇ ਦੌਰੇ ’ਤੇ ਆਏ ਸ੍ਰੀ ਪਰੀਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਇਹ (ਅਤਿਵਾਦੀ ਹਮਲੇ) ਇਸ (ਭਾਰੀ ਮਤਦਾਨ) ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਸੀ। ਪਰ ਅਸੀਂ ਵਧੀਆ ਮਤਦਾਨ ਕਰਵਾਉਣ ’ਚ ਸਫਲ ਹੋਏ ਹਾਂ। ਮਿਸਾਲ ਦੇ ਤੌਰ ’ਤੇ ਤਰਾਲ ਵਿੱਚ 37.8 ਫੀਸਦ ਵੋਟਾਂ ਪਈਆਂ ਹਨ ਜਿੱਥੇ ਕਦੇ 1 ਫੀਸਦ ਵੋਟਿੰਗ ਹੋਈ ਸੀ।
ਲੋਕ ਵਧ ਚੜ੍ਹ ਕੇ ਵੋਟਾਂ ਪਾਉਣ ਆ ਰਹੇ ਹਨ। ਜੰਮੂ-ਕਸ਼ਮੀਰ ਦੇ ਲੋਕ ਭਾਰਤ ਅਤੇ ਲੋਕਰਾਜੀ ਪ੍ਰਣਾਲੀ ਦਾ ਹਿੱਸਾ ਬਣਨਾ ਚਾਹੁੰਦੇ ਹਨ।’’ ਉਂਜ, ਉਨ੍ਹਾਂ ਕਿਹਾ ਕਿ ਚੋਣਾਂ ਤੱਕ ਅਜਿਹੇ ਅਤਿਵਾਦੀ ਹਮਲਿਆਂ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ।
ਊੜੀ ਸੈਕਟਰ ਵਿੱਚ ਫ਼ੌਜ ਦੇ ਕੈਂਪ ’ਤੇ ਅਤਿਵਾਦੀ ਹਮਲਾ ਹੋਣ ਤੋਂ ਬਾਅਦ ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਅੱਜ ਜੰਮੂ-ਕਸ਼ਮੀਰ ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਰੱਖਿਆ ਮੰਤਰੀ ਨੂੰ ਥਲ ਸੈਨਾ ਦੀ ਉੱਤਰੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਡੀ.ਐਸ.ਹੂੱਡਾ ਨੇ ਰਾਜ ਦੇ ਸੁਰੱਖਿਆ ਹਾਲਾਤ ਬਾਰੇ ਜਾਣੂ ਕਰਾਇਆ। ਇੱਕ ਫ਼ੌਜੀ ਅਫ਼ਸਰ ਨੇ ਦੱਸਿਆ ‘‘ਰੱਖਿਆ ਮੰਤਰੀ ਨੂੰ ਅਸਲ ਕੰਟਰੋਲ ਰੇਖਾ ਦੇ ਨਾਲ ਲੱਗਦੇ ਖੇਤਰਾਂ, ਅਸਲ ਕੰਟਰੋਲ ਰੇਖਾ ਉਪਰ ਅਤੇ ਇਸ ਤੋਂ ਦੂਰ ਫ਼ੌਜ ਦੇ ਅਪਰੇਸ਼ਨਾਂ ਬਾਰੇ ਜਾਣਕਾਰੀ ਦਿੱਤੀ ਗਈ।
ਅਫ਼ਸਰ ਨੇ ਦੱਸਿਆ ਕਿ ਸ੍ਰੀ ਪਰੀਕਰ ਨੂੰ ਥਲ ਸੈਨਾ ਦੀ 15ਵੀਂ ਕੋਰ ਦੇ ਮੁਖੀ ਲੈਫਟੀਨੈਂਟ ਜਨਰਲ ਸੁਬਰਤ ਸਾਰਾ ਵੱਲੋਂ ਵੀ ਵਾਦੀ ਵਿੱਚ ਫ਼ੌਜ ਦੇ ਅਪਰੇਸ਼ਨਾਂ ਅਤੇ ਖਾਸ ਕਰਕੇ 5 ਦਸੰਬਰ ਦੇ ਊੜੀ ਅਪਰੇਸ਼ਨ ਅਤੇ 2 ਦਸੰਬਰ ਨੂੰ ਨੌਗਾਮ ਵਿੱਚ ਘੁਸਪੈਠ ਦੀ ਕੋਸ਼ਿਸ਼ ਦੇ ਸੰਦਰਭ ਵਿੱਚ ਫ਼ੌਜ ਦੀਆਂ ਕਾਰਵਾਈਆਂ ਦਾ ਵੇਰਵਾ ਦਿੱਤਾ ਗਿਆ। ਰੱਖਿਆ ਮੰਤਰੀ ਨੇ ਇਨ੍ਹਾਂ ਦੋਵੇਂ ਅਪਰੇਸ਼ਨਾਂ ਦੌਰਾਨ ਮਾਰੇ ਗਏ ਅਤਿਵਾਦੀਆਂ ਕੋਲੋਂ ਬਰਾਮਦ ਕੀਤੇ ਗਏ ਹਥਿਆਰਾਂ ਅਤੇ ਅਸਲੇ ਦਾ ਜਾਇਜ਼ਾ ਵੀ ਲਿਆ।

Facebook Comment
Project by : XtremeStudioz