Close
Menu

ਜੰਮੂ ਕਸ਼ਮੀਰ ਦੇ ਰਾਜਪਾਲ ਵੱਲੋਂ ਸ਼ਾਂਤੀ ਦੀ ਅਪੀਲ

-- 25 February,2019

ਜੰਮੂ, 25 ਫਰਵਰੀ
ਜੰਮੂ ਕਸ਼ਮੀਰ ਤੇ ਖਾਸ ਤੌਰ ਉੱਤੇ ਵਾਦੀ ਵਿਚ ਜੰਗ ਦੇ ਸਹਿਮ ਨੂੰ ਖਤਮ ਕਰਨ ਦੀ ਕੋਸ਼ਿਸ਼ ਤਹਿਤ ਰਾਜਪਾਲ ਸੱਤਿਆਪਾਲ ਮਲਿਕ ਨੇ ਲੋਕਾਂ ਨੂੰ ਸ਼ਾਂਤ ਰਹਿਣ ਤੇ ਮਾਹੌਲ ਖਰਾਬ ਕਰਨ ਲਈ ਵੱਡੇ ਪੱਧਰ ਉੱਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਉੱਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਨੀਮ ਫ਼ੌਜੀ ਬਲਾਂ ਦੀ ਤਾਇਨਾਤੀ ਨੂੰ ਚੋਣਾਂ ਕਰਵਾਉਣ ਦੇ ਸੰਦਰਭ ਵਿਚ ਵੇਖਿਆ ਜਾਵੇ ਤੇ ਇਸ ਨੂੰ ਅਜਿਹੇ ਕਿਸੇ ਹੋਰ ਕਾਰਨ ਨਾਲ ਨਾ ਜੋੜਿਆ ਜਾਵੇ। ਉਨ੍ਹਾਂ ਆਪਣੀ ਅਪੀਲ ਵਿਚ ਕਿਹਾ,‘ਲੋਕ ਅਫ਼ਵਾਹਾਂ ਉੱਤੇ ਯਕੀਨ ਨਾ ਕਰਨ ਜੋ ਬੇਹੱਦ ਗੰਭੀਰ ਕਿਸਮ ਦੀਆਂ ਹਨ ਤੇ ਕੁਝ ਤਬਕਿਆਂ ਵਿਚ ਵੱਡੇ ਪੱਧਰ ਉੱਤੇ ਫੈਲਾਈਆਂ ਜਾ ਰਹੀਆਂ ਹਨ। ਉਹ ਸ਼ਾਂਤ ਰਹਿਣ। ਇਹ ਅਫ਼ਵਾਹਾਂ ਲੋਕਾਂ ਦੇ ਦਿਮਾਗਾਂ ਵਿਚ ਬਿਨਾਂ ਵਜ੍ਹਾ ਦਾ ਡਰ ਪੈਦਾ ਕਰ ਰਹੀਆਂ ਹਨ ਜੋ ਤਣਾਅ ਤੇ ਜੀਵਨ ਵਿਚ ਉਥਲ-ਪੁਥਲ ਦਾ ਕਾਰਨ ਬਣ ਰਹੀਆਂ ਹਨ। ਕਰਫਿਊ ਤੇ ਹੋਰ ਕਾਰਵਾਈਆਂ ਸਬੰਧੀ ਅਫ਼ਵਾਹਾਂ ਉੱਤੇ ਯਕੀਨ ਨਾ ਕੀਤਾ ਜਾਵੇ।’
ਸ੍ਰੀ ਮਲਿਕ ਨੇ ਕਿਹਾ ਕਿ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਸਬੰਧੀ ਕੁਝ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਤਿਵਾਦੀ ਗੁੱਟ ਸਾਡੇ ਮੁਲਕ ਤੇ ਇਸਦੀ ਲੋਕਤੰਤਰੀ ਪ੍ਰਕਿਰਿਆ ਵਿਚ ਰੁਕਾਵਟ ਪਾਉਣ ਲਈ ਹੁਣ ਵੀ ਕਾਰਜਸ਼ੀਲ ਹਨ। ਇਸ ਲਈ ਸੁਰੱਖਿਆ ਬਲਾਂ ਦੀ ਕਾਰਵਾਈ ਇਸਦੇ ਪ੍ਰਭਾਵ ਨੂੰ ਖਤਮ ਕਰਨ ਤੇ ਅਤਿਵਾਦੀਆਂ ਦੀ ਅਗਲੀ ਹਰਕਤ ਦਾ ਸਾਹਮਣਾ ਕਰਨ ਲਈ ਨਿਰਦੇਸ਼ਤ ਸੀ। ਪ੍ਰਸ਼ਾਸਨ ਨੇ ਜਲਦੀ ਤੋਂ ਜਲਦੀ ਰਾਸ਼ਨ ਪੂਰਾ ਕਰਨ, ਡਾਕਟਰਾਂ ਤੇ ਪੁਲੀਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰਨ ਤੇ ਆਮ ਲੋਕਾਂ ਲਈ ਪੈਟਰੋਲ ਕੰਟਰੋਲ ਕਰਨ ਸਮੇਤ ਕਈ ਹੁਕਮ ਦਿੱਤੇ ਸਨ ਜਿਨ੍ਹਾਂ ਕਾਰਨ ਜੰਗ ਜਿਹੀ ਸਥਿਤੀ ਪੈਦਾ ਹੋ ਗਈ ਸੀ। ਇੱਕ ਸਰਕਾਰੀ ਸੂਤਰ ਮੁਤਾਬਕ ਰਾਜਪਾਲ ਨੇ ਅਪੀਲ ਤੋਂ ਪਹਿਲਾਂ ਰਾਜ ਪ੍ਰਸ਼ਾਸਨਿਕ ਪਰਿਸ਼ਦ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ। ਇਹ ਮੀਟਿੰਗ ਸੂਬੇ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਲਈ ਬੁਲਾਈ ਗਈ ਸੀ। ਇਸ ਮੌਕੇ ਰਾਜਪਾਲ ਨੂੰ ਕੁਝ ਦਿਨਾਂ ਪਹਿਲਾਂ ਜੰਮੂ ਸ਼ਹਿਰ ਤੋਂ ਕਰਫਿਊ ਹਟਾਉਣ ਤੋਂ ਬਾਅਦ ਮੌਜੂਦਾ ਸੁਰੱਖਿਆ ਸਥਿਤੀ ਤੇ ਹਾਲਾਤ ਆਮ ਹੋਣ ਬਾਰੇ ਜਾਣਕਾਰੀ ਦਿੱਤੀ ਗਈ।

Facebook Comment
Project by : XtremeStudioz