Close
Menu

ਜੰਮੂ ਕਸ਼ਮੀਰ ਸਰਕਾਰ ਲਈ ਮਹਿਬੂਬਾ ਤੇ ਸ਼ਾਹ ਵੱਲੋਂ ਸਾਂਝੇ ਪ੍ਰੋਗਰਾਮ ਨੂੰ ਅੰਤਮ ਰੂਪ

-- 24 February,2015

* ਮੁਫਤੀ ਮੁਹੰਮਦ ਸਈਦ ਤੇ ਮੋਦੀ ਵਿਚਾਲੇ ਮੀਟਿੰਗ ਅੱਜ
* ਪਹਿਲੀ ਮਾਰਚ ਨੂੰ ਬਣ ਸਕਦੀ ਹੈ ਸਰਕਾਰ

ਨਵੀਂ ਦਿੱਲੀ,ਪੀਡੀਪੀ ਮੁਖੀ ਮਹਿਬੂਬਾ ਮੁਫਤੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਘੱਟੋ-ਘੱਟ ਸਾਂਝੇ ਪੋ੍ਰਗਰਾਮ (ਸੀਐਮਪੀ) ਨੂੰ ਅੰਤਮ ਰੂਪ ਦੇਣ ਲਈ ਇੱਥੇ ਮੁਲਾਕਾਤ ਕਰਨ ਮਗਰੋਂ ਜੰਮੂ- ਕਸ਼ਮੀਰ ਵਿੱਚ ਪੀਡੀਪੀ -ਭਾਜਪਾ ਗਠਜੋੜ ਸਰਕਾਰ ਬਾਰੇ ਪਹਿਲਾ ਰਸਮੀ ਐਲਾਨ ਕੀਤਾ। ਸੂਤਰਾਂ ਮੁਤਾਬਕ ਪੀਡੀਪੀ ਦੇ ਸਰਪ੍ਰਸਤ ਮੁਫਤੀ ਮੁਹੰਮਦ ਸਈਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਮੁਲਾਕਾਤ ਕਰਨਗੇ, ਜਿਸ ਮਗਰੋਂ ਸੀਐਮਪੀ ਨੂੰ ਵੀਰਵਾਰ ਨੂੰ ਜਨਤਕ ਕੀਤਾ ਜਾਵੇਗਾ। ਸ੍ਰੀ ਸਈਦ ਦੇ ਜੰਮੂ-ਕਸ਼ਮੀਰ ਦੇ ਅਗਲੇ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਹੈ। ਸਹੁੰ ਚੁੱਕ ਸਮਾਗਮ ਪਹਿਲੀ ਮਾਰਚ ਨੂੰ ਹੋ ਸਕਦਾ ਹੈ। ਇਸ ਤਰੀਕ ਦੀ ਚੋਣ ‘ਸ਼ੁਭ ਦਿਨ’ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਇੱਥੇ ਸ੍ਰੀ ਸ਼ਾਹ ਦੇ ਘਰ ਮਹਿਬੂਬਾ ਮੁਲਾਕਾਤ ਕਰਨ ਲਈ ਪੁੱਜੀ ਤੇ ਦੋਵਾਂ ਵਿਚਾਲੇ ਕਰੀਬ 45 ਮਿੰਟਾਂ ਤੱਕ ਗੱਲਬਾਤ ਚੱਲੀ। ਇਸ ਮਗਰੋਂ ਦੋਵੇਂ ਨੇਤਾ ਮੀਡੀਆ ਸਾਹਮਣੇ ਆਏ ਤੇ ਉਨ੍ਹਾਂ ਰਾਜ ਵਿੱਚ ‘ਹਰਮਨਪਿਆਰੀ’ ਗੱਠਜੋੜ ਸਰਕਾਰ ਬਾਰੇ ਐਲਾਨ ਕੀਤਾ।
ਸ੍ਰੀ ਸ਼ਾਹ ਨੇ ਕਿਹਾ, ”ਵੱਖ-ਵੱਖ ਮੁੱਦਿਆਂ ਉਪਰ ਗੱਲਬਾਤ ਦੇ ਕਈ ਦੌਰਾਂ ਮਗਰੋਂ ਸੀਐਮਪੀ ਉਪਰ ਆਮ ਸਹਿਮਤੀ ਹੋਣ ਵਾਲੀ ਹੈ ਤੇ ਛੇਤੀ ਹੀ ਜੰਮੂ- ਕਸ਼ਮੀਰ ਦੀ ਜਨਤਾ ਕੋਲ ਪੀਡੀਪੀ-ਭਾਜਪਾ ਦੀ ‘ਹਰਮਨ ਪਿਆਰੀ’ ਸਰਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਸਈਦ ਦੀ ਮੋਦੀ ਨਾਲ ਮੁਲਾਕਾਤ ਮਗਰੋਂ ਸਰਕਾਰ ਦੇ ਗਠਨ ਦੀ ਤਰੀਕ ਤੇ ਸਮੇਂ ਬਾਰੇ ਐਲਾਨ ਕੀਤਾ ਜਾਵੇਗਾ। ਭਾਜਪਾ ਪ੍ਰਧਾਨ ਨੇ ਕਿਹਾ, ”ਮੈਂ ਖ਼ੁਸ਼ ਹਾਂ ਕਿ ਰਾਜ ਵਿੱਚ ਸਰਕਾਰ ਬਣਾਉਣ ਦੇ ਰਾਹ ਵਿਚਲੇ ਸਾਰੇ ਅੜਿੱਕੇ ਦੂਰ ਹੋ ਗਏ ਹਨ।”
ਦੋਵਾਂ ਪਾਰਟੀਆਂ ਵਿਚਾਲੇ ਅੜਿੱਕਾ ਬਣੇ ਮੁੱਦਿਆਂ ਦਾ ਜ਼ਿਕਰ ਕੀਤੇ ਬਗੈਰ ਮਹਿਬੂਬਾ ਨੇ ਕਿਹਾ, ”ਖ਼ੁਸ਼ਕਿਸਮਤੀ ਨਾਲ ਦੋਵਾਂ ਪਾਰਟੀਆਂ ਵਿਚਾਲੇ ਅਹਿਮ ਮੁੱਦਿਆਂ ਉਪਰ ਆਮ ਸਹਿਮਤੀ ਬਣ ਗਈ ਹੈ।” ਉਨ੍ਹਾਂ ਦਾਅਵਾ ਕੀਤਾ ਕਿ ਇਹ ਗਠਜੋੜ ਰਾਜ ਵਿੱਚ ਬਣੇ ਪਿਛਲੇ ਗੱਠਜੋੜਾਂ ਤੋਂ ਵੱਖਰਾ ਹੈ। ਕਿਉਂਕਿ ਪਹਿਲੀ ਵਾਰ ਹੈ ਜਦੋਂ ਗਠਜੋੜ ਸੂਬੇ ਤੇ ਦੇਸ਼ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਿਆ ਹੈ। ਸੂਤਰਾਂ ਮੁਤਾਬਕ ਮੁਫਤੀ ਮੁਹੰਮਦ ਸਈਦ ਪੂਰੇ ਛੇ ਸਾਲਾਂ ਲਈ ਰਾਜ ਦੇ ਮੁੱਖ ਮੰਤਰੀ ਹੋਣਗੇ, ਜਦਕਿ ਭਾਜਪਾ ਦੇ ਨਿਰਮਲ ਸਿੰਘ ਦੇ ਉੱਪ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਹੈ।

Facebook Comment
Project by : XtremeStudioz