Close
Menu

ਝੋਨੇ ਦੀ ਖਰੀਦ ਬਾਰੇ ਵੱਡੀਆਂ ਤਬਦੀਲੀਆਂ ਦੀ ਲੋੜ : ਰਵਿੰਦਰ ਸਿੰਘ ਚੀਮਾ

-- 30 October,2013

001ਬਰਨਾਲਾ,30 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਝੋਨੇ ਦੀ ਖਰੀਦ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਸ਼ਹਿਰ ਬਰਨਾਲਾ ਦੀ ਮੰਡੀ ਵਿੱਚ ਪਹੁੰਚੇ ਪੰਜਾਬ ਮੰਡੀ ਬੋਰਡ ਦੇ ਉੱਪ ਚੇਅਰਮੈਨ ਸ੍ਰ. ਰਵਿੰਦਰ ਸਿੰਘ ਚੀਮਾ ਨੇ ਆੜਤੀਆਂ ਅਤੇ ਕਿਸਾਨਾਂ ਦੀਆਂ ਖਰੀਦ ਸਬੰਧੀ ਸਿਕਾਇਤਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਅੰਦਰ ਝੋਨੇ ਦੀ ਖਰੀਦ ਵਿੱਚ ਹਰ ਸਾਲ ਵਧ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਖਰੀਦ ਨੀਤੀ ਵਿੱਚ ਵੱਡੀ ਤਬਦੀਲੀ ਦੀ ਲੋੜ ਹੈ।
ਉਹਨਾਂ ਕਿਹਾ ਕਿ ਭਾਰਤੀ ਖੁਰਾਕ ਨਿਗਮ ਨੂੰ ਕੇਂਦਰੀ ਪੂਲ ਲਈ ਖਰੀਦ ਕੀਤੇ ਝੋਨੇ ਦੇ ਚਾਵਲ ਲਗਾਉਣ ਲਈ ਹਰ ਮਹੀਨੇ ਇਜਾਜਤਾਂ ਦੇਣ ਦੀ ਥਾਂ ਸਥਾਈ ਇਜਾਜ਼ਤ ਹੋਣੀ ਚਾਹੀਦੀ ਹੈ, ਕਿਉਂਕਿ ਕਈ ਵਾਰ ਗੁਦਾਮਾਂ ਵਿੱਚ ਜਗ੍ਹਾ ਨਾ ਹੋਣ ਕਾਰਨ ਜਾਂ ਮੌਸਮ ਖਰਾਬ ਹੋਣ ਕਾਰਨ ਚਾਵਲ ਭੁਗਤਾਨ ਵਿੱਚ ਦੇਰੀ ਹੋ ਜਾਂਦੀ ਹੈ ਪਰ ਹਰ ਵਾਰ ਨਵੀਂ ਇਜਾਜ਼ਤ ਆਉਣ ਵਿੱਚ ਇੱਕ ਡੇਢ ਮਹੀਨਾ ਲੱਗ ਜਾਂਦਾ ਹੈ। ਜਿਸ ਕਾਰਨ ਚਾਵਲ ਲਾਉਣ ਦੀ ਇਜਾਜਤ ਦੇ ਬਾਵਜੂਦ ਵੀ ਸਾਰਾ ਚਾਵਲ ਨਹੀਂ ਲੱਗਦਾ ਅਤੇ ਅਗਲੇ 2 ਮਹੀਨੇ ਫਿਰ ਨਵੀਂ ਇਜਾਜ਼ਤ ਵਾਲੀ ਚਿੱਠੀ ਦੇ ਇੰਤਜਾਰ ਕਰਦੇ-ਕਰਦੇ ਲੰਘ ਜਾਂਦੇ ਹਨ।
ਉਹਨਾਂ ਕਿਹਾ ਕਿ ਇਸੇ ਤਰ੍ਹਾਂ ਜਦੋਂ ਚਾਵਲ ਗੁਦਾਮਾਂ ਵਿੱਚ ਲਗਾ ਦਿੱਤਾ ਜਾਂਦਾ ਹੈ ਤਾਂ ਉਸ ਦੀ 5-5 ਸਾਲ ਬਾਅਦ ਚੈਕਿੰਗ ਕਰਕੇ ਸੈਲਰਾਂ ਵਾਲਿਆਂ ਤੋਂ ਰਿਕਵਰੀ ਕਰਨਾ ਗੈਰ-ਵਾਜਿਬ ਹੈ। ਗੁਦਾਮਾਂ ਵਿੱਚ ਚਾਵਲ ਲੱਗਣ ਤੋਂ ਬਾਅਦ ਚਾਵਲ ਖਰਾਬ ਹੋਣ ਦੀ ਜਿੰਮੇਵਾਰੀ ਸਰਕਾਰੀ ਏਜੰਸੀਆਂ ਦੀ ਹੋਣੀ ਚਾਹੀਦੀ ਹੈ ਅਤੇ ਅੱਗੇ ਸਟੇਸਨਾਂ ਤੇ ਘਾਟੇ-ਵਾਧੇ ਦੀ ਜਿੰਮੇਵਾਰੀ ਰੇਲਵੇ ਦੀ ਹੋਣੀ ਚਾਹੀਦੀ ਹੈ। ਸ੍ਰ. ਚੀਮਾ ਨੇ ਕਿਹਾ ਕਿ ਇਹਨਾਂ ਗਲਤ ਨੀਤੀਆਂ ਕਰਕੇ ਹੀ ਪੰਜਾਬ ਦਾ 400 ਦੇ ਕਰੀਬ ਸੈਲਰ ਬੰਦ ਹੋ ਗਿਆ ਹੈ, ਜਿਸ ਕਰਕੇ ਪੰਜਾਬ ਦੀਆਂ ਮੰਡੀਆਂ ਵਿੱਚ ਮਾਲ ਵੱਧ ਹੋਣ ਕਰਕੇ ਕਿਸਾਨਾਂ ਅਤੇ ਆੜਤੀਆਂ ਨੂੰ ਪ੍ਰੇਸ਼ਾਨੀ ਆ ਰਹੀ ਹੈ।
ਸ੍ਰ. ਚੀਮਾ ਨੇ ਕਿਹਾ ਕਿ ਕੁਦਰਤੀ ਆਫਤਾਂ ਕਰਕੇ ਖਰਾਬ ਹੋਏ ਅਨਾਜ ਸੰਬੰਧੀ ਵੀ ਰਾਜ ਅੰਦਰ ਕੰਮ ਕਰ ਰਹੀ ਕੇਂਦਰ ਸਰਕਾਰ ਦੀ ਏਜੰਸੀ ਭਾਰਤੀ ਖੁਰਾਕ ਨਿਗਮ ਤੋਂ ਰਿਪੋਰਟ ਮੰਗਾਉਣੀ ਚਾਹੀਦੀ ਹੈ ਨਾ ਕਿ ਦਿੱਲੀ ਤੋਂ ਟੀਮਾਂ ਭੇਜ ਕੇ ਰਿਪੋਰਟਾਂ ਲੈਣ ਵਿੱਚ ਹੀ ਇੱਕ ਮਹੀਨਾ ਬਰਬਾਦ ਕਰ ਦਿੱਤਾ ਜਾਵੇ। ਸ੍ਰ. ਚੀਮਾ ਨੇ ਕਿਹਾ ਕਿ ਮਾਪਦੰਡਾਂ ਤੋਂ ਵੱਧ ਨਮੀ ਵਾਲੇ ਝੋਨੇ ਤੇ ਮੰਡੀਆਂ ਵਿੱਚ ਅਣ-ਅਧਿਕਾਰਤ ਤੌਰ ‘ਤੇ ਕੱਟ ਲਾਏ ਜਾਂਦੇ ਹਨ, ਜਿਸ ਨਾਲ ਕਿਸਾਨਾਂ ਅਤੇ ਆੜਤੀਆਂ ਵਿੱਚ ਗਲਤ ਫਹਿਮੀ ਪੈਦਾ ਹੁੰਦੀ ਹੈ। ਜੇਕਰ ਬਰਸਾਤੀ ਮੌਸਮ ਜਾਂ ਕਿਸੇ ਨੀਵੇਂ ਥਾਂ ਤੋਂ ਫਸਲ ਵਡਾਉਣ ਦੀ ਮਜਬੂਰੀ ਕਾਰਨ ਕਿਸਾਨ ਨੂੰ ਗਿੱਲੀ ਫਸਲ ਲੈ ਕੇ ਆਉਣਾ ਪੈਂਦਾ ਹੈ ਤਾਂ ਉਸ ਨੂੰ ਹਫਤਿਆਂ ਬੱਧੀ ਮੰਡੀਆਂ ਵਿੱਚ ਸਕਾਉਣ ਦੀ ਥਾਂ ਮੰਡੀਆਂ ਵਿੱਚ ਛੋਟੇ ਪਾਵਰ ਡਰਾਇਰ ਹੋਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਵਿਧਾਨ ਸਭਾ ਦੇ ਇਜਲਾਸ ਤੋਂ ਬਾਅਦ ਮੰਡੀਆਂ ਵਿੱਚ ਆ ਰਹੀਆਂ ਮੁਸਕਲਾਂ ਦੇ ਨਵੀਂ ਨੀਤੀ ਬਨਾਉਣ ਲਈ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਕੇਂਦਰ ਸਰਕਾਰ ਕੋਲ ਇਹ ਮਸਲਾ ਉਠਾਉਣ ਲਈ ਬੇਨਤੀ ਕੀਤੀ ਜਾਵੇਗੀ। ਸ੍ਰ. ਚੀਮਾ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਮੰਡੀਆਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਜਿਲ੍ਹਾ ਮੰਡੀ ਅਫਸਰ ਰਾਮ ਸਿੰਘ, ਆੜਤੀਆ ਐਸੋਸੀਏਸਨ ਦੇ ਜਿਲ੍ਹਾ ਪ੍ਰਧਾਨ ਧੀਰਜ ਕੁਮਾਰ ਦੱਦਾਹੂਰ, ਮਾਰਕਿਟ ਕਮੇਟੀ ਦੇ ਸਕੱਤਰ ਜਸਪਾਲ ਸਿੰਘ ਤੋਂ ਇਲਾਵਾ ਜ਼ਿਲ੍ਹਾ ਮੰਡੀ ਸੁਪਰਵਾਈਜ਼ਰ ਕੁਲਵਿੰਦਰ ਸਿੰਘ ਭੁੱਲਰ, ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸੋਮਨਾਥ ਸਹੌਰੀਆਂ ਅਤੇ ਐਕਸੀਅਨ ਮੰਡੀ ਬੋਰਡ ਆਦਿ ਹਾਜ਼ਰ ਸਨ।

Facebook Comment
Project by : XtremeStudioz