Close
Menu

ਟਕਸਾਲੀਆਂ ਨਾਲ ਗੱਠਜੋੜ ’ਚ ਅੜਿੱਕਾ ਬਣੀ ਆਨੰਦਪੁਰ ਸਾਹਿਬ ਸੀਟ: ਚੀਮਾ

-- 18 March,2019

ਚੰਡੀਗੜ੍ਹ, 18 ਮਾਰਚ
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਾਫ਼ ਕਰ ਦਿੱਤਾ ਹੈ ਕਿ ਲੋਕ ਸਭਾ ਚੋਣਾਂ ਲਈ ‘ਆਪ’ ਦੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਗੱਠਜੋੜ ਦੀ ਗੱਲ ਸਿਰੇ ਨਹੀਂ ਲੱਗ ਸਕੀ।
ਪਾਰਟੀ ਦੇ ਸੀਨੀਅਰ ਆਗੂ ਸ੍ਰੀ ਚੀਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਤੇ ਅਕਾਲੀ ਦਲ ਟਕਸਾਲੀ ਨਾਲ ਕਈ ਗੇੜ ਦੀ ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ਕਾਫ਼ੀ ਸੁਖਾਵੇਂ ਅਤੇ ਸੁਹਿਰਦ ਯਤਨ ਕੀਤੇ ਪਰ ਆਨੰਦਪੁਰ ਸਾਹਿਬ ਸੀਟ ਸਣੇ ਇੱਕ ਦੋ ਹੋਰ ਕਾਰਨਾਂ ਕਰਕੇ ਇਹ ਚੋਣ ਗੱਠਜੋੜ ਅਮਲੀ ਰੂਪ ਨਹੀਂ ਲੈ ਸਕਿਆ।
ਸ੍ਰੀ ਚੀਮਾ ਨੇ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਜਿਸ ਤਰ੍ਹਾਂ ਟਕਸਾਲੀਆਂ ਨੇ ‘ਆਪ’ ਕੋਲ ਕਾਂਗਰਸ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ ਦੀ ਸ਼ਰਤ ਰੱਖੀ ਸੀ, ਉਸੇ ਤਰ੍ਹਾਂ ‘ਆਪ’ ਦੀ ਵੀ ਸ਼ਰਤ ਸੀ ਕਿ ਅਕਾਲੀ ਦਲ ਟਕਸਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰੇਗਾ ਪਰ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਸ੍ਰੀ ਮੋਦੀ ਵਿਰੁੱਧ ਜਾਣ ਲਈ ਤਿਆਰ ਨਹੀਂ ਹੋਏ। ਉਨ੍ਹਾਂ ਕਿਹਾ ਕਿ ਜਦੋਂ ਕਦੇ ਵੀ ਸ੍ਰੀ ਬ੍ਰਹਮਪੁਰਾ ਨੂੰ ਸ੍ਰੀ ਮੋਦੀ ਬਾਰੇ ਟਿੱਪਣੀ ਕਰਨ ਦਾ ਮੌਕਾ ਮਿਲਿਆ ਤਾਂ ਉਹ ਹਮੇਸ਼ਾ ਸ੍ਰੀ ਮੋਦੀ ਦੇ ਹੱਕ ’ਚ ਬੋਲੇ। ਸ੍ਰੀ ਚੀਮਾ ਨੇ ਕਿਹਾ ਕਿ ਇਹ ਵੀ ਟਕਸਾਲੀਆਂ ਨਾਲ ਗੱਲਬਾਤ ਸਿਰੇ ਨਾ ਚੜ੍ਹਨ ਪਿੱਛੇ ਕਿਤੇ ਨਾ ਕਿਤੇ ਇੱਕ ਕਾਰਨ ਰਿਹਾ।
ਸ੍ਰੀ ਚੀਮਾ ਨੇ ਕਿਹਾ ਕਿ ਉਨ੍ਹਾਂ ਅਕਾਲੀ ਦਲ ਟਕਸਾਲੀ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ਕਰੀਬ ਚਾਰ ਮਹੀਨੇ ਪਹਿਲਾਂ ਪਾਰਟੀ ਨੇ ਆਪਣੇ ਸਮਰਪਿਤ ਪੁਰਾਣੇ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਲਈ ਟਿਕਟ ਐਲਾਨ ਦਿੱਤੀ ਸੀ।
ਸ੍ਰੀ ਸ਼ੇਰਗਿੱਲ ਪੂਰੀ ਸ਼ਿੱਦਤ ਨਾਲ ਚੋਣ ਪ੍ਰਚਾਰ ਚਲਾ ਰਿਹਾ ਹੈ ਅਤੇ ਹਲਕੇ ਦਾ ਕਾਫ਼ੀ ਹਿੱਸਾ ਕਵਰ ਕਰ ਚੁੱਕਿਆ ਹੈ ਜਿਸ ਕਾਰਨ ਹੁਣ ਇਸ ਮੌਕੇ ਉਮੀਦਵਾਰ ਬਦਲਣ ਨਾਲ ਪੂਰੇ ਸੂਬੇ ਦੇ ‘ਆਪ‘ ਵਾਲੰਟੀਅਰਾਂ ’ਚ ਬੁਰਾ ਪ੍ਰਭਾਵ ਜਾਵੇਗਾ। ਇਸ ਲਈ ਪਾਰਟੀ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਨਹੀਂ ਹਟਾ ਸਕਦੀ।
ਸ੍ਰੀ ਚੀਮਾ ਨੇ ਕਿਹਾ ਕਿ ਅਕਾਲੀ ਦਲ ਟਕਸਾਲੀ ਨੂੰ ਸਾਰੇ ਬਿਹਤਰ ਬਦਲ ਦਿੱਤੇ ਸਨ, ਜਿਨ੍ਹਾਂ ਵਿਚ ਬੀਰਦਵਿੰਦਰ ਸਿੰਘ ਨੂੰ ਬਠਿੰਡਾ ਜਾਂ ਪਟਿਆਲਾ ਤੋਂ ਚੋਣ ਲੜਾਉਣ ਦੀ ਪੇਸ਼ਕਸ ਵੀ ਕੀਤੀ ਸੀ, ਕਿਉਂਕਿ ਬੀਰਦਵਿੰਦਰ ਸਿੰਘ ਬਠਿੰਡਾ ਵਿੱਚ ਬਾਦਲ ਪਰਿਵਾਰ ਅਤੇ ਪਟਿਆਲਾ ਵਿੱਚ ਸ਼ਾਹੀ ਪਰਿਵਾਰ ਵਿਰੁੱਧ ਲੜਨ ਦੀ ਹੈਸੀਅਤ ਰੱਖਦੇ ਹਨ ਅਤੇ ਦੋਵੇਂ ਥਾਵਾਂ ਉੱਤੇ ਪਾਰਟੀ ਦਾ ਜ਼ਬਰਦਸਤ ਪ੍ਰਭਾਵ ਹੈ।
ਸ੍ਰੀ ਚੀਮਾ ਨੇ ਕਿਹਾ ਕਿ ਟਕਸਾਲੀਆਂ ਨੂੰ ਇਹ ਵੀ ਬਦਲ ਦਿੱਤਾ ਸੀ ਕਿ ਜੇ ਬੀਰਦਵਿੰਦਰ ਨਹੀਂ ਮੰਨਦੇ ਤਾਂ ਉਹ ਆਨੰਦਪੁਰ ਸਾਹਿਬ ਸੀਟ ਨੂੰ ਛੱਡ ਕੇ ਬਾਕੀ 12 ਸੀਟਾਂ ਉੱਤੇ ਗੱਠਜੋੜ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਅਕਾਲੀ ਦਲ ਟਕਸਾਲੀ ਦੀ ਬਹੁਤੀ ਲੀਡਰਸ਼ਿਪ ਸਹਿਮਤ ਸੀ, ਪਰ ਬੀਰਦਵਿੰਦਰ ਟੱਸ ਤੋਂ ਮੱਸ ਨਹੀਂ ਹੋਏ।

Facebook Comment
Project by : XtremeStudioz