Close
Menu

ਟਰੂਡੋ ਕਰਨਗੇ ਕੈਬਨਿਟ ਵਿੱਚ ਫੇਰਬਦਲ

-- 10 January,2017

ਓਟਵਾ,  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਇੱਕ ਸਾਲ ਪੁਰਾਣੇ ਕੈਬਨਿਟ ਵਿੱਚ ਮੰਗਲਵਾਰ ਨੂੰ ਫੇਰਬਦਲ ਕਰਨ ਜਾ ਰਹੇ ਹਨ। ਇਸ ਦੌਰਾਨ ਚੰਗੀ ਕਾਰਗੁਜ਼ਾਰੀ ਵਾਲੇ ਮੰਤਰੀਆਂ ਨੂੰ ਪ੍ਰਮੋਟ ਕੀਤਾ ਜਾਵੇਗਾ ਤੇ ਕਮਜੋ਼ਰ ਮੰਤਰੀਆਂ ਨੂੰ ਸਿ਼ਫਟ ਕੀਤਾ ਜਾਵੇਗਾ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਤਿਆਰੀ ਅਮਰੀਕਾ ਵਿੱਚ ਹੋਣ ਜਾ ਰਹੇ ਸੱਤਾ ਪਰਿਵਰਤਨ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ। ਜਿ਼ਕਰਯੋਗ ਹੈ ਕਿ ਜਲਦ ਹੀ ਡੌਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੰਹੁ ਚੁੱਕਣ ਵਾਲੇ ਹਨ।
ਜਾਣਕਾਰ ਸੂਤਰਾਂ ਅਨੁਸਾਰ ਇਸ ਫੇਰਬਦਲ ਵਿੱਚ ਘੱਟੋ ਘੱਟ ਛੇ ਵਿਅਕਤੀ ਸ਼ਾਮਲ ਹੋਣਗੇ। ਜਿਨ੍ਹਾਂ ਨੂੰ ਬਦਲੀ ਕੀਤਾ ਜਾਵੇਗਾ ਉਨ੍ਹਾਂ ਵਿੱਚ ਇੰਟਰਨੈਸ਼ਨਲ ਟਰੇਡ ਮੰਤਰੀ ਕ੍ਰਿਸਟੀਆ ਫਰੀਲੈਂਡ ਵੀ ਹਨ ਜੋ ਕਿ ਬਹੁਤੀ ਸੰਭਾਵਨਾ ਹੈ ਕਿ ਵਿਦੇਸ਼ ਮੰਤਰੀ ਵਜੋਂ ਸਟੀਫਨ ਡਿਓਨ ਦੀ ਥਾਂ ਲਵੇਗੀ। ਫਰੀਲੈਂਡ, ਜੋ ਕਿ ਸਾਬਕਾ ਇਕਨਾਮਿਕਸ ਜਰਨਲਿਸਟ ਸਨ, ਦੇ ਅਮਰੀਕਾ ਵਿੱਚ ਉੱਘੀਆਂ ਹਸਤੀਆਂ ਨਾਲ ਚੰਗੇ ਸਬੰਧ ਹਨ। ਵਿਦੇਸ਼ ਮੰਤਰੀ ਵਜੋਂ ਡਿਓਨ ਦਾ ਕਾਰਜਕਾਲ ਥੋੜ੍ਹਾ ਉਤਰਾਅ ਚੜ੍ਹਾਅ ਵਾਲਾ ਰਿਹਾ। ਉਨ੍ਹਾਂ ਦੇ ਸਾਊਦੀ ਅਰਬ ਨਾਲ 15 ਬਿਲੀਅਨ ਡਾਲਰ ਦੀ ਹਥਿਆਰਾਂ ਦੀ ਡੀਲ ਨੂੰ ਮਨਜ਼ੂਰੀ ਦੇਣ ਨਾਲ ਨਵਾਂ ਵਿਵਾਦ ਖੜ੍ਹਾ ਹੋ ਗਿਆ ਸੀ।
ਕਈ ਮਹੀਨਿਆਂ ਤੋਂ ਇਹ ਕਿਆਫੇ ਵੀ ਲਾਏ ਜਾ ਰਹੇ ਹਨ ਕਿ ਡਿਓਨ ਨੂੰ ਫਰਾਂਸ ਦਾ ਅੰਬੈਸਡਰ ਵੀ ਬਣਾਇਆ ਜਾ ਸਕਦਾ ਹੈ। ਪਰ ਉਨ੍ਹਾਂ ਇਸ ਅਹੁਦੇ ਵਿੱਚ ਘੱਟ ਹੀ ਦਿਲਚਸਪੀ ਵਿਖਾਈ ਹੈ। ਇਹ ਖਬਰ ਸੋਮਵਾਰ ਨੂੰ ਉਸ ਸਮੇਂ ਬਾਹਰ ਆਈ ਜਦੋਂ ਪ੍ਰਧਾਨ ਮੰਤਰੀ ਆਫਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਟਰੂਡੋ ਦੇ ਦੋ ਉੱਘੇ ਸਹਾਇਕ ਕੇਟੀ ਟੈਲਫੋਰਡ ਤੇ ਗੇਰਾਲਡ ਬੱਟਜ਼ ਟਰੰਪ ਦੇ ਸੀਨੀਅਰ ਐਡਵਾਈਜ਼ਰਜ਼ ਨਾਲ ਮੁਲਾਕਾਤ ਕਰ ਰਹੇ ਹਨ ਤੇ ਆਉਣ ਵਾਲੇ ਅਮਰੀਕੀ ਪ੍ਰਸ਼ਾਸਨ ਨਾਲ ਦੋਸਤੀ ਗੰਢਣ ਦੀ ਕੋਸਿ਼ਸ਼ ਕਰ ਰਹੇ ਹਨ।
ਇਸ ਤੋਂ ਇਲਾਵਾ ਸਟੇਟਸ ਆਫ ਵੁਮਨ ਮਿਨਿਸਟਰ ਪੈਟੀ ਹਾਜ਼ਦੂ ਤੇ ਡੈਮੋਕ੍ਰੈਟਿਕ ਇੰਸਟੀਚਿਊਸ਼ਨਜ਼ ਮੰਤਰੀ ਮਰੀਅਮ ਮੁਨਸਫ, ਇੰਪਲਾਇਮੈਂਟ ਮੰਤਰੀ ਮੈਰੀਐਨ ਮਿਹਚੁੱਕ ਦੇ ਅਹੁਦਿਆਂ ਵਿੱਚ ਵੀ ਫੇਰਬਦਲ ਕੀਤੀ ਜਾ ਸਕਦੀ ਹੈ। ਇਨ੍ਹਾਂ ਦੇ ਨਾਲ ਹੀ ਮੰਤਰੀ ਮੰਡਲ ਵਿੱਚ ਵਿੱਤ ਮੰਤਰੀ ਬਿੱਲ ਮੌਰਨਿਊ ਦੇ ਪਾਰਲੀਆਮੈਂਟਰੀ ਸਕੱਤਰ ਫਰੈਂਕੌਇਸ ਫਿਲਿਪ ਸ਼ੈਂਪੇਨ ਦੇ ਰੂਪ ਵਿੱਚ ਨਵਾਂ ਚਿਹਰਾ ਵੀ ਸ਼ਾਮਲ ਕੀਤਾ ਜਾ ਸਕਦਾ ਹੈ।

Facebook Comment
Project by : XtremeStudioz