Close
Menu

ਟਰੂਡੋ-ਵਿਨ ਦੀ ਟੈਕਸ ਯੋਜਨਾ ਹਾਰਪਰ ਕੰਸਰਵੇਟਿਵ ਨੇ ਕੀਤੀ ਰੱਦ

-- 31 July,2015

ਔਟਵਾ: ਮਨਿਸਟਰ ਆਫ਼ ਇੰਪਲੋਏਮੈਂਟ ਅਤੇ ਸੋਸ਼ਲ ਡਵੈਲਪਮੈਂਟ ਪੀਅਰ ਪੋਲਿਵਰ ਵਲੋਂ ਇੱਕ ਜਾਰੀ ਕੀਤੇ ਬਿਆਨ ਵਿਚ ਕਿਹਾ ਗਿਆ ਹੈ ਕਿ ਜਸਟਿਨ ਟਰੂਡੋ ਅਤੇ ਕੈਥਲਿਨ ਵਿਨ ਮੱਧ ਵਰਗ ਕੈਨੇਡੀਅਨ ਕਾਮਿਆਂ ਦੀ ਤਨਖਾਹ ਤੇ ਹੋਰ ਵਾਧੂ ਟੈਕਸ ਲਗਾਉਣ ਦੇ ਹੱਕ ਵਿਚ ਹਨ।

ਉਨ੍ਹਾਂ ਕਿਹਾ ਕਿ ਹਾਲ ਵਿਚ ਹੀ ਟਰੂਡੋ ਵਲੋਂ ਇੱਕ ਬਿਆਨ ਵਿਚ ਕੈਥਲਿਨ ਵਿੰਨ ਦੀ ਤਰਜ਼ ਤੇ ਕੈਨੇਡੀਅਨ ਪੈਨਸ਼ਨ ਪਲਾਨ ਦੇ ਫੈਲਾਅ ਬਾਰੇ ਜਿ਼ਕਰ ਕੀਤਾ ਗਿਆ ਹੈ। ਓਨਟਾਰੀਓ ਸਰਕਾਰ ਦੇ ਆਪਣੇ ਬਜੱਟ ਦਸਤਾਵੇਜ਼ ਮੁਤਾਬਕ ਹਰ ਇੱਕ 60,000 ਡਾਲਰ ਸਲਾਨਾ ਕਮਾਉਣ ਵਾਲੇ ਕੈਨੇਡੀਅਨ ਤੇ 1,000 ਡਾਲਰ ਵਾਧੂ ਟੈਕਸ ਲਗਾਏ ਜਾਣਗੇ। ਕੈਥਲਿਨ ਲਿਬਰਲ ਵਲੋਂ ਫੈਡਰਲ ਸਰਕਾਰ ਨੂੰ ਤਾਕੀਦ ਕੀਤੀ ਗਈ ਸੀ ਕਿ ਉਹ ਵੀ ਪੇਅਰੋਲ ਟੈਕਸ ਵਾਧੇ ਵਿਚ ਮਦਦ ਕਰੇ। ਪਰ ਹਾਰਪਰ ਸਰਕਾਰ ਵਲੋਂ ਇਸ ਯੋਜਨਾ ਨੂੰ ਨਕਾਰ ਦਿਤਾ ਗਿਆ ਹੈ।

ਮਨਿਸਟਰ ਨੇ ਕਿਹਾ ਕਿ ਟਰੂਡੋ ਅਤੇ ਕੈਥਲਿਨ ਵਿੰਨ ਵਲੋਂ ਪ੍ਰਸਥਾਪਿਤ ਟੈਕਸ ਵਾਧੇ ਲਈ ਉਂਟੇਰੀਓ ਵਾਸੀ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਟੈਕਸ ਵਾਧੇ ਦੇ ਸਖ਼ਤ ਖਿਲਾਫ਼ ਹਾਂ ਅਤੇ ਇਸ ਨੂੰ ਰੋਕਣ ਲਈ ਹਰ ਸੰਭਵ ਕੋਸਿ਼ਸ਼ ਕਰਦੇ ਰਹਾਂਗੇ।

ਉਨ੍ਹਾਂ ਕਿਹਾ ਕਿ ਟਰੂਡੋ-ਵਿੰਨ ਦੀ ਇਸ ਟੈਕਸ ਸਕੀਮ ਨਾਲ ਉਂਟੇਰੀਓ ਵਿਚ ਕਈ ਰੁਜ਼ਗਾਰ ਖ਼ਤਮ ਹੋ ਜਾਣਗੇ। ਕੈਨੇਡੀਅਨ ਫੈਡਰੇਸ਼ਨ ਆਫ਼ ਇੰਡੀਪੈਂਡੈਂਟ ਬਿਜ਼ਨਸ ਦੇ ਇਕ ਚਿੰਤਨ ਮੁਤਾਬਕ 67 ਫੀਸਦੀ ਛੋਟੇ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਪੇਅਰੋਲ ਟੈਕਸ ਵਿਚ ਵਾਧੇ ਨਾਲ ਤਨਖਾਹਾਂ ਵਿਚ ਕਟੌਤੀ ਕਰਨੀ ਪੈ ਸਕਦੀ ਹੈ ਅਤੇ 35 ਫੀਸਦੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਮੁਲਾਜ਼ਮਾਂ ਨੂੰ ਲੇਅ-ਆਫ਼ ਕਰਨਾ ਪੈ ਸਕਦਾ ਹੈ।

ਹਾਰਪਰ ਕੰਸਰਵੇਟਿਵ ਦਾ ਮੰਨਣਾ ਹੈ ਕਿ ਮਿਹਨਤ ਕਸ਼ ਕੈਨੇਡੀਅਨ ਲੋਕ ਆਪਣੀ ਮਰਜ਼ੀ ਮੁਤਾਬਕ ਆਪਣੇ ਖਰਚੇ ਅਤੇ ਬਚਤਾਂ ਕਰਨ। ਸਰਕਾਰ ਵਲੋਂ ਮੁਹੱਈਆ ਟੈਕਸ ਛੋਟਾਂ ਕਾਰਣ ਇੱਕ ਸਾਧਾਰਣ ਕੈਨੇਡੀਅਨ ਪਰਿਵਾਰ 6,600 ਡਾਲਰ ਸਲਾਨਾ ਦੀ ਬਚਤ ਕਰਦਾ ਹੈ। ਮਨਿਸਟਰ ਨੇ ਕਿਹਾ ਕਿ ਅਸੀਂ ਟਰੂਡੋ-ਵਿਨ ਦੇ ਇਸ ਖਤਰਨਾਕ ਮਨਸੂਬੇ ਨੂੰ ਸਫ਼ਲ ਨਹੀਂ ਹੋਣ ਦੇਵਾਂਗੇ  ਜਿਸ ਨਾਲ ਪਰਿਵਾਰਾਂ ਤੇ ਟੈਕਸ ਦਾ ਬੋਝ ਵਧਾਇਆ ਜਾਵੇ, ਰੁਜ਼ਗਾਰ ਕੱਟੇ ਜਾਣ ਜਾਂ ਆਰਥਿਕਤਾ ਨੂੰ ਨੁਕਸਾਨ ਪਹੁੰਚੇ।

Facebook Comment
Project by : XtremeStudioz