Close
Menu

ਟਾਈਮਜ਼ ਦੀ ਸੂਚੀ ’ਚ ਭਾਰਤੀ ਮੂਲ ਦੇ ਤਿੰਨ ਵਿਦਿਆਰਥੀ

-- 21 December,2018

ਹਿਊਸਟਨ, 21 ਦਸੰਬਰ
ਟਾਈਮਜ਼ ਮੈਗਜ਼ੀਨ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਮਾਅਰਕਾ ਮਾਰਨ ਵਾਲੇ 25 ਸਭ ਤੋਂ ਪ੍ਰਭਾਵਸ਼ਾਲੀ ਗੱਭਰੂਆਂ ਦੀ ਤਿਆਰ ਸੂਚੀ ਵਿੱਚ ਭਾਰਤੀ ਮੂਲ ਦੇ ਤਿੰਨ ਵਿਦਿਆਰਥੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਹੜੇ ਤਿੰਨ ਭਾਰਤੀ-ਅਮਰੀਕੀ ਵਿਦਿਆਰਥੀ ਇਸ ਸੂਚੀ ਵਿੱਚ ਨਾਂ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਹਨ, ਉਨ੍ਹਾਂ ਵਿੱਚ ਕਾਵਿਆ ਕੋਪਾਰੱਪੂ, ਰਿਸ਼ਭ ਜੈਨ ਤੇ ਬਰਤਾਨਵੀ-ਭਾਰਤੀ ਅਮਿਕਾ ਜੌਰਜ ਸ਼ਾਮਲ ਹਨ। ਇਹ ਤਿੰਨੇ ਇਕ ਸਮੂਹ ਦਾ ਹਿੱਸਾ ਹਨ, ਜੋ ਆਪਣੇ ਕੰਮ ਤੇ ਜਨੂੰਨ ਸਦਕਾ ਸ਼ਾਨਦਾਰ ਪ੍ਰਾਪਤੀਆਂ ਕਰਕੇ ਕੁੱਲ ਆਲਮ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇ ਹਨ।
ਅੱਠਵੀਂ ਜਮਾਤ ’ਚ ਪੜ੍ਹਦੇ ਰਿਸ਼ਭ ਨੇ ਇਕ ਅਜਿਹੀ ਐਲਗੋਰਿਦਮ ਵਿਕਸਤ ਕੀਤੀ ਹੈ, ਜਿਸ ਨਾਲ ਸ਼ਾਇਦ ਪਾਚਕ ਗ੍ਰੰਥੀਆਂ ਦੇ ਕੈਂਸਰ ਦਾ ਇਲਾਜ ਸੰਭਵ ਹੋ ਸਕਦਾ ਹੈ। ਕਾਵਿਆ, ਜਿਹੜੀ ਹਾਰਵਰਡ ਯੂਨੀਵਰਸਿਟੀ ਵਿੱਚ ਅਜੇ ਫਰੈਸ਼ਰ ਵਜੋਂ ਦਾਖ਼ਲ ਹੋਈ ਹੈ, ਨੇ ਗੰਭੀਰ ਅਧਿਐਨ ਲਈ ਅਜਿਹਾ ਕੰਪਿਊਟਰ ਸਿਸਟਮ ਤਿਆਰ ਕੀਤਾ ਹੈ, ਜੋ ਦਿਮਾਗੀ ਕੈਂਸਰ ਨਾਲ ਲੜ ਰਹੇ ਮਰੀਜ਼ਾਂ ਦੇ ਟਿਸ਼ੂਜ਼ ਨੂੰ ਸਕੈਨ ਸਲਾਈਡ ਕਰ ਸਕਣ ਦੇ ਸਮਰੱਥ ਹੈ। ਇਸ ਤਕਨੀਕ ਨਾਲ ਟਿਸ਼ੂਜ਼ ਦੀ ਘਣਤਾ, ਰੰਗ, ਬਣਤਰ ਤੇ ਸੈਲੂਲਰ ਐਲਾਇਨਮੈਂਟ ਵਿਚਲੇ ਫ਼ਰਕ ਨੂੰ ਵੇਖਿਆ ਜਾ ਸਕੇਗਾ। ਟਾਈਮਜ਼ ਮੈਗਜ਼ੀਨ ਮੁਤਾਬਕ ਕਾਵਿਆ ਦਾ ਮੁੱਖ ਨਿਸ਼ਾਨਾ ‘ਸੇਧਿਤ ਥੈਰੇਪੀਜ਼ ਨੂੰ ਵਿਕਸਤ ਕਰਨਾ ਹੈ, ਜੋ ਵਿਅਕਤੀ ਵਿਸ਼ੇਸ ਲਈ ਬਿਲਕੁਲ ਨਿਵੇਕਲੀ ਹੈ।’ ਅਮਿਕਾ ਜੌਰਜ ਦੇ ਅਧਿਐਨ ਦਾ ਮੁੱਖ ਨਿਸ਼ਾਨਾ ਨੀਤੀਘਾੜਿਆਂ ਨੂੰ ‘ਪੀਰੀਅਡ ਪੌਵਰਟੀ’ ਖ਼ਤਮ ਕਰਨ ਸਬੰਧੀ ਯਕੀਨ ਦਿਵਾਉਣਾ ਹੈ। ਅਮਿਕਾ ਨੇ ਉਸ ਇਹ ਗੱਲ ਸੱਚਮੁੱਚ ਪ੍ਰੇਸ਼ਾਨ ਕਰ ਦਿੰਦੀ ਹੈ ਕਿ ਯੂਕੇ ਵਿੱਚ ਜ਼ਿਆਦਾਤਰ ਕੁੜੀਆਂ ਇਸ ਲਈ ਨਿਯਮਤ ਸਕੂਲ ਨਹੀਂ ਆਉਂਦੀਆਂ ਕਿਉਂਕਿ ਉਹ ਮਾਹਵਾਰੀ ਦੇ ਦਿਨਾਂ ਦੌਰਾਨ ਵਰਤੇ ਜਾਂਦੇ ਉਤਪਾਦਾਂ ਨੂੰ ਖਰੀਦਣ ਦੇ ਸਮਰੱਥ ਨਹੀਂ ਹਨ। ਉਸ ਨੇ ਕਿਹਾ ਕਿ ਸਰਕਾਰ ਦੀ ਨੱਕ ਹੇਠ ਸਭ ਕੁਝ ਹੋ ਰਿਹਾ ਹੈ, ਪਰ ਉਹ ਇਹਦਾ ਹੱਲ ਲੱਭਣ ਲਈ ਤਿਆਰ ਨਹੀਂ। ਇਸ ਪੀਰੀਅਡ ਪੌਵਰਟੀ ਨੂੰ ਖ਼ਤਮ ਕਰਨ ਲਈ ਹੀ ਅਮਿਕਾ ਨੇ #ਫ੍ਰੀਪੀਰੀਅਡਜ਼ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।

Facebook Comment
Project by : XtremeStudioz