Close
Menu

ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਪੰਜਾਬ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਨਤੀਜਾ – ਬਾਦਲ

-- 20 December,2013

DSC_0302ਜਲੰਧਰ,20 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਚੰਡੀਗੜ੍ਹ ਨੇੜੇ ਮੁੱਲਾਂਪੁਰ ਵਿਖੇ 30 ਦਸੰਬਰ ਨੂੰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਰੱਖਣ ਦੇ ਫ਼ੈਸਲੇ ‘ਤੇ ਖੁਸ਼ੀ ਪ੍ਰਗਟ ਕਰਦਿਆਂ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਕਿਹਾ ਕਿ ਇਹ ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਨਤੀਜਾ ਹੈ।
ਇਥੇ ਹੋਣਹਾਰ ਵਿਦਿਆਰਥੀਆਂ ਲਈ ਰਿਹਾਇਸ਼ੀ ਮਾਡਲ ਸਕੂਲ ਦਾ ਨੀਂਹ ਪੱਥਰ ਰੱਖਣ ਮੌਕੇ ਹੋਏ ਸਮਾਗਮ ਦੌਰਾਨ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੈਂਸਰ ਹਸਪਤਾਲ ਸੂਬੇ ਦੇ ਕੈਂਸਰ ਪੀੜਤ ਲੋਕਾਂ ਲਈ ਵਰਦਾਨ ਸਿੱਧ ਹੋਵੇਗਾ ਜਿਥੇ ਉਨ੍ਹਾਂ ਨੂੰ ਕੈਂਸਰ ਦੇ ਇਲਾਜ ਲਈ ਉਚ ਪਾਏ ਦੀਆਂ ਸਹੂਲਤਾਂ ਪ੍ਰਾਪਤ ਹੋਣਗੀਆਂ।
ਮੁੱਖ ਮੰਤਰੀ ਨੇ ਇਸ ਮੌਕੇ ਕਿਹਾ ਕਿ ਲੋਕ ਮੁਲਕ ਦੀ ਤਰੱਕੀ ਲਈ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਮਨ ਬਣਾਉਣ । ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਨੂੰ ਵੀ ਬਹੁਤ ਫਾਇਦਾ ਹੋਵੇਗਾ ਕਿਉਂਕਿ ਜੇਕਰ ਕੇਂਦਰ ਵਿਚ ਅਪਣੇ ਭਾਈਵਾਲ ਦੀ ਸਰਕਾਰ ਹੋਵੇ ਤਾਂ ਸੂਬੇ ਦੇ ਕੰਮ ਕਰਵਾਉਣੇ ਬਹੁਤ ਸੌਖੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਗੁਜਰਾਤ ਦੇ ਮੁੱਖ ਮੰਤਰੀ ਦੀ ਚੜਤ ਤੋਂ ਡਰ ਕੇ ਆਪਣਾ ਪ੍ਰਧਾਨ ਮੰਤਰੀ ਉਮੀਦਵਾਰ ਐਲਾਨਣ ਤੋਂ ਹਿਚਕਿਚਾ ਰਹੀ ਹੈ। ਸ.ਬਾਦਲ ਨੇ ਕਿਹਾ ਕਿ ਵੋਟਰਾਂ ਨੂੰ ਆਪਣਾ ਫੈਸਲਾ ਲੈਣ ਲਈ ਕੁਝ ਹੀ ਮਹੀਨੇ ਦਾ ਸਮਾਂ ਬਚਿਆ ਹੈ ਕਿ ਉਨ੍ਹਾਂ ਨੇ ਮੁਲਕ ਦੀ ਵਾਗਡੋਰ ਕਿਸ ਦੇ ਹੱਥ ਫੜਾਉਣੀ ਹੈ ।
ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ.ਸਰਕਾਰ ਤੇ ਵਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੀਆਂ ਗਲਤ ਨੀਤੀਆਂ ਕਾਰਨ ਅੱਜ ਮੁਲਕ ਨੂੰ ਮਹਿੰਗਾਈ ,ਭ੍ਰਿਸਟਾਚਾਰ,ਗਰੀਬੀ ,ਬੇਰੁਜਗਾਰੀ,ਭੁੱਖਮਈ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸਮਤ ਬਦਲਣ ਲਈ ਇਹ ਜਰੂਰੀ ਹੈ ਕਿ ਸ੍ਰੀ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਅਤੇ ਇਸ ਦੀ ਰਾਜਧਾਨੀ ਦਰਿਆਈ ਪਾਣੀਆਂ ਅਤੇ ਪੰਜਾਬੀ ਬੋਲਦੇ ਇਲਾਕਿਆਂ ਬਾਰੇ ਵਿਤਕਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਵਿਤਕਰੇ ਭਰੀਆਂ ਅਤੇ ਗਲਤ ਨੀਤੀਆਂ ਕਾਰਨ ਹੀ ਪੰਜਾਬ ਦੀ ਖੇਤੀਬਾੜੀ ਅਤੇ ਸਨਅਤ ਨੂੰ ਤਬਾਹੀ ਦੇ ਕੰਢੇ ਤੇ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਪੰਜਾਬ ਨੇ ਹਰੇਕ ਖੇਤਰ ਵਿਚ ਤਰੱਕੀ ਕੀਤੀ ਹੈ ਅਤੇ ਇਹ ਸਿੱਖਿਆ ,ਸਿਹਤ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਦੇਸ਼ ਦਾ ਮੋਹਰੀ ਸੂਬਾ ਬਣਿਆ ਹੈ।
ਸੂਬੇ ਵਿਚ ਹੋਣਹਾਰ ਵਿਦਿਆਰਥੀਆਂ ਲਈ ਸੁਰੂ ਕੀਤੇ ਜਾ ਰਹੇ 6 ਵਿਸ਼ੇਸ਼ ਰਿਹਾਇਸ਼ੀ ਸਕੂਲਾਂ ਬਾਰੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਨੇ  ਕਿਹਾ ਕਿ ਇਨ੍ਹਾਂ ਸਕੂਲਾਂ ਵਿਚ ਦਸਵੀਂ ਵਿਚੋਂ 80 ਫੀਸਦੀ ਤੋਂ ਵੱਧ ਅੰਕ ਹਾਸਿਲ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇ ਨਾਲ ਨਾਲ ਰਿਹਾਇਸ਼ ਅਤੇ ਖਾਣੇ ਦੀ ਸਹੂਲਤ ਵੀ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿਚ ਕਾਨਵੈਂਟ ਸਕੂਲਾਂ ਤੋਂ ਵੀ ਵਧੀਆ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ ਅਤੇ ਇਥੇ ਉੱਚ ਸਿੱਖਿਆ ਪ੍ਰਾਪਤ ਅਧਿਆਪਕਾਂ ਤੋਂ ਇਲਾਵਾ ਹੋਰ ਉਚੱ ਪਾਏ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਮੁਕਾਬਲੇ ਦੇ ਇਮਤਿਹਾਨਾਂ ਵਿਚ ਵੱਡੀਆਂ ਮੱਲਾਂ ਮਾਰਨ ਦੇ ਸਮਰੱਥ ਹੋਣਗੇ। ਸ੍ਰ.ਬਾਦਲ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਵੀ ਸਰਕਾਰ ਵਲੋਂ ਮਦਦ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵਲੋਂ ਸੂਬੇ ਤੋਂ ਬਾਹਰ ਲੋਕ ਸਭਾ ਚੋਣਾਂ ਲੜਨ ਦਾ ਮੁੱਦਾ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦਾ ਸੂਬੇ ਤੋਂ ਬਾਹਰ ਸਫਲਤਾ ਦੀ ਦਰ ਕਾਫ਼ੀ ਉਚੱੀ ਹੈ ਅਤੇ ਇਸ ਨੇ ਜ਼ਿਆਦਾਤਰ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਸ੍ਰ.ਬਾਦਲ ਨੇ ਕਿਹਾ ਕਿ ਸੂਬਾ ਅਤੇ ਰਾਸ਼ਟਰੀ ਪੱਧਰ ਤੇ ਚੋਣ ਲੜਨ ਸਬੰਧੀ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲ ਗੱਲਬਾਤ ਕੀਤੀ ਜਾਵੇਗੀ।
ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ 21 ਦਸੰਬਰ ਨੂੰ ਜਗਰਾਓਂ ਵਿਖੇ ਸ੍ਰੀ ਨਰਿੰਦਰ ਮੋਦੀ ਵਲੋਂ ਕੀਤੀ ਜਾਣ ਵਾਲੀ ਫਤਹਿ ਰੈਲੀ ਖ਼ਰਾਬ ਮੌਸਮ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਇਸ ਵੇਲੇ ਪੈ ਰਹੀ ਸੰਘਣੀ ਧੁੰਦ ਕਾਰਨ ਪ੍ਰਮੁੱਖ ਸਖਸੀਅਤਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਰੈਲੀ ਵਿਚ ਪਹੁੰਚਣ ਵਿਚ ਦਿੱਕਤ ਆਉਣੀ ਸੀ। ਇਸ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ‘ਪਿਮਸ’ ਦੇ ਪ੍ਰਬੰਧਕਾਂ ਅਤੇ ਸਟਾਫ ਵਿਚਾਲੇ ਚੱਲ ਰਹੇ ਵਿਵਾਦ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਚੂਨੀ ਲਾਲ ਭਗਤ, ਸ੍ਰ.ਅਜੀਤ ਸਿੰਘ ਕੋਹਾੜ, ਸ੍ਰੀ ਸਿਕੰਦਰ ਸਿੰਘ ਮਲੂਕਾ,ਸ. ਸਰਵਨ ਸਿੰਘ ਫਿਲੌਰ, ਰਾਜ ਸਭਾ ਮੈਂਬਰ ਸ.ਬਲਵਿੰਦਰ ਸਿੰਘ ਭੂੰਦੜ, ਮੁੱਖ ਸੰਸਦੀ ਸਕੱਤਰ ਸ੍ਰੀ ਕੇ.ਡੀ.ਭੰਡਾਰੀ ਅਤੇ ਸ੍ਰੀ ਪਵਨ ਕੁਮਾਰ ਟੀਨੂੰ , ਵਿਧਾਇਕ ਸ੍ਰੀ ਮਨੋਰੰਜਨ ਕਾਲੀਆ, ਸ੍ਰੀ ਪ੍ਰਗਟ ਸਿੰਘ ਅਤੇ ਸ੍ਰ.ਗੁਰਪ੍ਰਤਾਪ ਸਿੰਘ ਵਡਾਲਾ,ਬਾਬਾ ਕਸ਼ਮੀਰਾ ਸਿੰਘ, ਸ੍ਰਖੀ ਸੁਨੀਲ ਜੋਤੀ ਮੇਅਰ ਨਗਰ ਨਿਗਮ ਜਲੰਧਰ, ਸ੍ਰੀ ਕਮਲਜੀਤ ਸਿੰਘ ਭਾਟੀਆ ਸੀਨੀਅਰ ਡਿਪਟੀ ਮੇਅਰ, ਸ੍ਰ.ਗੁਰਚਰਨ ਸਿੰਘ ਚੰਨੀ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਸ੍ਰੀ ਬਲਜੀਤ ਸਿੰਘ ਨੀਲਾ ਮਹਿਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗੁਰਕੀਰਤਕਿਰਪਾਲ ਸਿੰਘ , ਕਮਿਸ਼ਨਰ ਜਲੰਧਰ ਡਵੀਜ਼ਨ ਸ੍ਰੀ ਆਰ.ਵੈਂਕਟਰਤਮਨ ਕਮਿਸ਼ਨਰ ਪੁਲਿਸ ਸ੍ਰੀ ਈਸ਼ਵਰ ਸਿੰਘ , ਡਿਪਟੀ ਕਮਿਸ਼ਨਰ ਸ੍ਰੀ ਵਰੂਣ ਰੂਜ਼ਮ , ਸ੍ਰੀ ਪਵਨ ਉਪੱਲ ਡਿਪਟੀ ਕਮਿਸ਼ਨਰ ਪੁਲਿਸ, ਸ੍ਰ.ਪ੍ਰੀਤਮ ਸਿੰਘ ਵਧੀਕ ਡਿਪਟੀ ਕਮਿਸ਼ਨਰ ਅਤੇ ਹੋਰ ਸ਼ਖਸ਼ੀਅਤਾਂ ਹਾਜਰ ਸਨ।

Facebook Comment
Project by : XtremeStudioz