Close
Menu

ਟਿਕਟ ਨਾ ਦਿੱਤੇ ਜਾਣ ਬਾਰੇ ਖੁਦ ਸਥਿਤੀ ਸਪੱਸ਼ਟ ਕਰਨ ਅਡਵਾਨੀ: ਭਾਰਤੀ

-- 25 March,2019

ਨਵੀਂ ਦਿੱਲੀ, 25 ਮਾਰਚ
ਭਾਰਤੀ ਜਨਤਾ ਪਾਰਟੀ ਦੀ ਆਗੂ ਤੇ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਅੱਜ ਕਿਹਾ ਕਿ ਲੋਕ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਵਜੋਂ ਟਿਕਟ ਨਾ ਦਿੱਤੇ ਜਾਣ ਬਾਰੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਖੁਦ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਚੋਣ ਲੜਨ ਜਾਂ ਨਾ ਲੜਨ ਨਾਲ ਸ੍ਰੀ ਅਡਵਾਨੀ ਦਾ ਕੱਦ ਘੱਟ ਨਹੀਂ ਹੁੰਦਾ।
ਲਾਲ ਕ੍ਰਿਸ਼ਨ ਅਡਵਾਨੀ (91) ਦੀ ਸ਼ਲਾਘਾ ਕਰਦਿਆਂ ਉਮਾ ਭਾਰਤੀ ਨੇ ਕਿਹਾ ਕਿ ਇਹ ਅਡਵਾਨੀ ਹੀ ਸਨ ਜਿਨ੍ਹਾਂ ਪਾਰਟੀ ਨੂੰ ਅਜਿਹੇ ਮੁਕਾਮ ਤੱਕ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਈ ਜਿਸ ਸਦਕਾ ਨਰਿੰਦਰ ਮੋਦੀ ਅੱਜ ਪ੍ਰਧਾਨ ਮੰਤਰੀ ਬਣ ਸਕੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਡਵਾਨੀ ਨੇ ਆਪਣੇ ਲੰਮੇ ਸਿਆਸੀ ਜੀਵਨ ਦੌਰਾਨ ਕਦੇ ਕਿਸੇ ਅਹੁਦੇ ਦੀ ਇੱਛਾ ਨਹੀਂ ਕੀਤੀ। ਉਨ੍ਹਾਂ ਕਿਹਾ, ‘ਇਸ ਸਮੇਂ ਬਣੀ ਸਥਿਤੀ ’ਤੇ ਜਵਾਬ ਦੇਣ ਲਈ ਕੋਈ ਸਹੀ ਵਿਅਕਤੀ ਹੈ ਤਾਂ ਉਹ ਅਡਵਾਨੀ ਜੀ ਹਨ। ਨਾ ਮੈਂ ਤੇ ਨਾ ਕੋਈ ਹੋਰ ਇਸ ਬਾਰੇ ਕੁਝ ਕਹਿ ਸਕਦਾ ਹੈ।’ ਉਹ ਪੱਤਰਕਾਰਾਂ ਵੱਲੋਂ ਗਾਂਧੀਨਗਰ ਤੋਂ ਸ੍ਰੀ ਅਡਵਾਨੀ ਦੀ ਥਾਂ ਅਮਿਤ ਸ਼ਾਹ ਨੂੰ ਟਿਕਟ ਦਿੱਤੇ ਜਾਣ ਬਾਰੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਲੋਕ ਸਭਾ ਚੋਣਾਂ ਲਈ ਲਾਲ ਕ੍ਰਿਸ਼ਨ ਅਡਵਾਨੀ ਨੂੰ ਟਿਕਟ ਨਾ ਦਿੱਤੇ ਜਾਣ ਮਗਰੋਂ ਪਾਰਟੀ ਜਾਂ ਸ੍ਰੀ ਅਡਵਾਨੀ ਵੱਲੋਂ ਅਜੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ। ਭਾਜਪਾ ਵੱਲੋਂ ਸ਼ਾਂਤਾ ਕੁਮਾਰ, ਬੀਸੀ ਖੰਡੂਰੀ ਤੇ ਕਰੀਆ ਮੁੰਡਾ ਵਰਗੇ ਬਜ਼ੁਰਗ ਆਗੂਆਂ ਨੂੰ ਵੀ ਟਿਕਟ ਨਹੀਂ ਦਿੱਤੀ ਗਈ ਹੈ। ਇਸ ਨੂੰ ਮੋਦੀ ਤੇ ਸ਼ਾਹ ਵੱਲੋਂ ਨੌਜਵਾਨ ਆਗੂਆਂ ਨੂੰ ਮੈਦਾਨ ’ਚ ਉਤਾਰਨ ਦੀ ਨੀਤੀ ਵਜੋਂ ਦੇਖਿਆ ਜਾ ਰਿਹਾ ਹੈ।

Facebook Comment
Project by : XtremeStudioz