Close
Menu

‘ਟੀਮ ਇਨਸਾਫ਼’ ਨੇ ਵਿਧਾਨ ਸਭਾ ਚੋਣਾਂ ਲੲੀ ਕਮਰ ਕੱਸੀ

-- 21 September,2015

ਲੁਧਿਆਣਾ, 21 ਸਤੰਬਰ
ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਗੀ ਹੋ ਕੇ ਟੀਮ ਇਨਸਾਫ਼ ਦਾ ਗਠਨ ਕਰ ਕੇ ਰੇਤ ਤੇ ਕੇਬਲ ਮਾਫੀਆ ਅਤੇ ਹੋਰ ਜਨਤਕ ਮੁੱਦਿਆਂ ’ਤੇ ਸਰਕਾਰ ਨੂੰ ਘੇਰਨ ਵਾਲੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਮਿਸ਼ਨ 2017 ਚੋਣਾਂ ਦੇ ਸਫ਼ਰ ਦੀ ਸ਼ੁਰੂਆਤ ਕਰ ਦਿੱਤੀ ਹੈ। ਟੀਮ ਇਨਸਾਫ਼ ਨੇ ਸਨਅਤੀ ਸ਼ਹਿਰ ਦੇ 75 ਵਾਰਡਾਂ ਵਿੱਚ ਪੁਰਸ਼ ਅਤੇ ਅੌਰਤ ਵਾਰਡ ਪ੍ਰਧਾਨ ਲਾਉਣ ਦਾ ਐਲਾਨ ਕੀਤਾ ਹੈ। ਇਸ ਲਈ ਜ਼ਮੀਨੀ ਪੱਧਰ ’ਤੇ ਲਿਸਟਾਂ ਤਿਆਰ ਕਰਨੀ ਸ਼ੁਰੂ ਕਰ ਦਿੱਤੀਆਂ ਗੲੀਆਂ ਹਨ ਅਤੇ ਅਗਲੇ ਹਫ਼ਤੇ ਦੇ ਪਹਿਲਾਂ ਦਿਨਾਂ ਵਿੱਚ ਹੀ ਇਨ੍ਹਾਂ ਲਿਸਟਾਂ ਨੂੰ ਜਨਤਕ ਕਰ ਦਿੱਤਾ ਜਾਵੇਗਾ। ਟੀਮ ਇਨਸਾਫ਼ ਨੇ ਪਹਿਲਾਂ ਹੀ ਗੁਰਦਾਸਪੁਰ ਅਤੇ ਰੋਪੜ ਵਿੱਚ ਆਪਣੇ ਜ਼ਿਲ੍ਹਾਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਹੈ। ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਟੀਮ ਇਨਸਾਫ਼ ਰਾਜਨੀਤੀ ਪਾਰਟੀ ਦੇ ਨਾਲ ਸਮਾਜਿਕ ਪਾਰਟੀ ਹੋਣ ਦਾ ਵੀ ਫ਼ਰਜ਼ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਟੀਮ ਇਨਸਾਫ਼ ਵਿੱਚ ਹੁਣ ਸ਼ਹਿਰ ਦੇ 75 ਵਾਰਡਾਂ ਵਿੱਚ ਪੁਰਸ਼ ਵਾਰਡ ਪ੍ਰਧਾਨਾਂ ਦੇ ਨਾਲ ਅੌਰਤਾਂ ਨੂੰ ਵੀ ਬਰਾਬਰੀ ਦਾ ਹੱਕ ਦਿੱਤਾ ਜਾਵੇਗਾ। ਅੌਰਤ ਵਾਰਡ ਪ੍ਰਧਾਨ ਆਪਣੇ ਤੌਰ ’ਤੇ ਸੋਚ-ਸਮਝ ਕੇ ਆਪਣੀ ਜ਼ਿਲ੍ਹਾ ਪ੍ਰਧਾਨ ਚੁਣਨਗੀਆਂ। ਪੁਰਸ਼ ਵਾਰਡ ਪ੍ਰਧਾਨ ਵੀ ਅਜਿਹਾ ਹੀ ਕਰਨਗੇ। ਉਨ੍ਹਾਂ ਦੱਸਿਆ ਕਿਹਾ ਕਿ ਵਾਰਡ ਪ੍ਰਧਾਨ ਚੁਣਨ ਲਈ ਵੀ ਕੁਝ ਸ਼ਰਤਾਂ ਪਾਰਟੀ ਵੱਲੋਂ ਰੱਖੀਆਂ ਗਈਆਂ ਹਨ ਜਿਨ੍ਹਾਂ ਨੂੰ ਪੂਰਾ ਕਰਨ ਵਾਲੇ ਨੂੰ ਹੀ ਵਾਰਡ ਪ੍ਰਧਾਨ ਬਣਾਇਆ ਜਾਏਗਾ।
ਵਿਧਾਇਕ ਬੈਂਸ ਨੇ ਦੱਸਿਆ ਕਿ ਸਨਅਤੀ ਸ਼ਹਿਰ ਵਿੱਚ ਪਾਰਟੀ ਦਾ ਵਿਸਤਾਰ ਕਰਨ ਤੋਂ ਬਾਅਦ ਲੁਧਿਆਣਾ ਦੇ ਆਲੇ-ਦੁਆਲੇ ਦੀਆਂ ਨਗਰ ਕੌਂਸਲਾਂ ਅਤੇ ਇਸ ਤੋਂ ਬਾਅਦ ਇਹ ਵਿਸਤਾਰ ਪੂਰੇ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਵਾਰਡ ਪ੍ਰਧਾਨ ਇਲਾਕਾ ਪੱਧਰ ’ਤੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਵਾਰਡਾਂ ਅਤੇ ਮੁਹੱਲਿਆਂ ਵਿੱਚ ਰੋਸ ਮੁਜਾਹਰੇ ਕਰਨਗੇ ਅਤੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗੂਰਕ ਕਰਨਗੇ। ਉਨ੍ਹਾਂ ਦੱਸਿਆ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਪੂਰੇ ਸੂਬੇ ਦੀਆਂ 117 ਸੀਟਾਂ ’ਤੇ ਟੀਮ ਇਨਸਾਫ਼ ਪਾਰਟੀ ਦੇ ਉਮੀਦਵਾਰ ਸਰਕਾਰ ਦੇ ਖ਼ਿਲਾਫ਼ ਮੈਦਾਨ ਵਿੱਚ ਉਤਾਰੇਗੀ।

Facebook Comment
Project by : XtremeStudioz