Close
Menu

ਟੀਮ ਦੇ ਖਿਡਾਰੀਆਂ ‘ਤੇ ਬਹੁਤ ਭਰੋਸਾ ਹੈ : ਸਮਿੱਥ

-- 17 May,2015

ਮੁੰਬਈ- ਆਈਪੀਐੱਲ-8 ਦੇ ਰੋਮਾਂਚਕ ਮੁਕਾਬਲੇ ‘ਚ ਕੇਕੇਆਰ ਨੂੰ 9 ਦੌੜਾਂ ਨਾਲ ਹਰਾ ਕੇ ਪਲੇ-ਆਫ ‘ਚ ਆਪਣਾ ਸਥਾਨ ਪੱਕਾ ਕਰਨ ਵਾਲੀ ਰਾਜਸਥਾਨ ਰਾਇਲਜ਼ ਦੇ ਕਪਤਾਨ ਸਟੀਵ ਸਮਿੱਥ ਨੇ ਕਿਹਾ ਕਿ ਉਸ ਨੂੰ ਟੀਮ ਦੇ ਖਿਡਾਰੀਆਂ ‘ਤੇ ਬਹੁਤ ਭਰੋਸਾ ਹੈ।
ਸਮਿੱਥ ਨੇ ਕਿਹਾ, ਇਹ ਮੈਚ ਸਾਡੇ ਲਈ ਬਹੁਤ ਮਹੱਤਵਪੂਰਨ ਸੀ, ਜਿਸ ਨੂੰ ਜਿੱਤਣਾ ਹਰ ਹਾਲ ‘ਚ ਜ਼ਰੂਰੀ ਸੀ। ਇਹ ਕੁਝ ਅਜਿਹੇ ਮੁਕਾਬਲੇ ਹੁੰਦੇ ਹਨ ਜਿਨ੍ਹਾਂ ਲਈ ਤੁਸੀਂ ਕ੍ਰਿਕਟ ਖੇਡਦੇ ਹੋ। ਸਾਨੂੰ ਕੁਝ ਦਿਨਾਂ ਦਾ ਆਰਾਮ ਮਿਲਿਆ ਸੀ ਜਿਸ ਦਾ ਸਾਡੇ ਖਿਡਾਰੀਆਂ ਨੇ ਪੂਰਾ ਫਾਇਦਾ ਉਠਾਇਆ ਤੇ ਕੇਕੇਆਰ ਵਿਰੁੱਧ ਆਪਣੀ ਮਿਹਨਤ ਦਾ ਨਤੀਜਾ ਦਿਖਾ ਦਿੱਤਾ। ਅਸੀਂ ਜਿੱਦਾਂ ਮੈਚ ਖੇਡਿਆ ਉਹ ਵਾਕਈ ਜਬਰਦਸਤ ਸੀ ਅਤੇ ਮੇਰਾ ਇਸ ਟੀਮ ‘ਚ ਭਰੋਸਾ ਹੋਰ ਵੀ ਪੁਖ਼ਤਾ ਹੋ ਗਿਆ ਹੈ। ਰਹਾਨੇ ਤੇ ਵਾਟਸਨ ਨੇ ਬੱਲੇ ਨਾਲ ਵਧੀਆ ਸ਼ੁਰੂਆਤ ਦਿੱਤੀ ਅਤੇ ਬਾਅਦ ‘ਚ ਗੇਂਦਬਾਜ਼ਾਂ ਨੇ ਆਪਣਾ ਕਮਾਲ ਦਿਖਾ ਦਿੱਤਾ। ਹੁਣ ਸਾਨੂੰ ਅਗਲੇ ਮੁਕਾਬਲਿਆਂ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ।
ਉੱਥੇ ਹੀ 59 ਗੇਂਦਾਂ ‘ਚ ਨਾਬਾਦ 104 ਦੌੜਾਂ ਦੀ ਲਾਜਵਾਬ ਪਾਰੀ ਖੇਡ ‘ਮੈਨ ਆਫ਼ ਦੀ ਮੈਚ’ ਬਣੇ ਸ਼ੇਨ ਵਾਟਸਨ ਨੇ ਕਿਹਾ ਕਿ ਪੂਰੇ ਟੂਰਨਾਮੈਂਟ ਦੌਰਾਨ ਮੇਰਾ ਬੱਲਾ ਨਹੀਂ ਚੱਲਿਆ ਪਰ ਇਸ ਮੁਕਾਬਲੇ ‘ਚ ਮੈਂ ਇਹ ਕਰ ਹੀ ਦਿਖਾਇਆ। ਕਪਤਾਨੀ ਛੱਡਣ ਨਾਲ ਮੇਰੀ ਗੇਂਦਬਾਜ਼ੀ ਵਧੀਆ ਹੋਈ ਹੈ। ਆਈਪੀਐੱਲ ‘ਚ ਸਾਰੀਆਂ ਟੀਮਾਂ ਜਬਰਦਸਤ ਹਨ ਅਤੇ ਕੋਈ ਵੀ ਟੀਮ ਕਿਸੇ ਵੀ ਦਿਨ ਜਿੱਤ ਸਕਦੀ ਹੈ। ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਟੀਮ ਫਾਈਨਲ ਤੱਕ ਪਹੁੰਚ ਕੇ ਟ੍ਰਾਫੀ ਆਪਣੇ ਨਾਂ ਕਰ ਸਕੇ।

Facebook Comment
Project by : XtremeStudioz