Close
Menu

ਟੀਮ ਦੇ ਡਰੈਸਿੰਗ ਰੂਮ ਵਿੱਚ ਮਤਭੇਦ: ਧੋਨੀ

-- 21 December,2014

ਬ੍ਰਿਜਬਨ, ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਖੁਲਾਸਾ ਕੀਤਾ ਹੈ ਕਿ ਫਿਲਹਾਲ ਟੀਮ ਦੇ ਡਰੈਸਿੰਗ ਰੂਮ ਵਿੱਚ ਸਭ ਕੁਝ ਸਹੀ ਨਹੀਂ ਹੈ। ਉਸ ਨੇ ਦੱਸਿਆ ਕਿ ‘ਬੋਲਚਾਲ ਬੰਦ’ ਹੋਣ ਕਾਰਨ ਮਤਭੇਦ ਉਦੋਂ ਪੈਦਾ ਹੋਏ ਜਦੋਂ ਵਿਰਾਟ ਕੋਹਲੀ ਨੂੰ ਦਿਨ ਦੀ ਖੇਡ ਦੀ ਸ਼ੁਰੂਆਤ ਕਰਨ ਭੇਜਿਆ ਗਿਆ, ਜਿਸ ਮਗਰੋਂ ਭਾਰਤੀ ਪਾਰੀ ਢਹਿ-ਢੇਰੀ ਹੋ ਗਈ ਤੇ ਆਸਟਰੇਲੀਆ ਹੱਥੋਂ ਦੂਜੇ ਟੈਸਟ ’ਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਦੂਜੀ ਪਾਰੀ ਵਿੱਚ 224 ਉਪਰ ਆਊਟ ਹੋਣ ਮਗਰੋਂ ਆਸਟਰੇਲੀਆ ਨੂੰ ਸਿਰਫ 128 ਦੀ ਚੁਣੌਤੀ ਦਿੱਤੀ ਤੇ ਫੇਰ ਮੈਚ ਚਾਰ ਵਿਕਟਾਂ ਨਾਲ ਗੁਆ ਦਿੱਤਾ। ਡਰੈਸਿੰਗ ਰੂਮ ਵਿੱਚ ਮਤਭੇਦ ਕੱਲ੍ਹ ਦੇ ਨਾਟ ਆਊਟ ਬੱਲੇਬਾਜ਼ ਸ਼ਿਖਰ ਧਵਨ ਦੇ ਅਭਿਆਸ ਸੈਸ਼ਨ ਵਿੱਚ ਹੱਥ ’ਤੇ ਸੱਟ ਲੱਗਣ ਕਾਰਨ ਪੈਦਾ ਹੋਏ। ਇਹ ਬੱਲੇਬਾਜ਼ ਦਿਨ ਦੀ ਖੇਡ ਦੀ ਸ਼ੁਰੂਆਤ ਤੋਂ ਐਨ ਪਹਿਲਾਂ ਸੱਟ ਕਾਰਨ ਅਸਹਿਜ ਲੱਗ ਰਿਹਾ ਸੀ। ਭਾਰਤ ਨੇ ਇਸ ਮਗਰੋਂ ਕੋਹਲੀ ਨੂੰ ਬੱਲੇਬਾਜ਼ੀ ਲਈ ਭੇਜਿਆ, ਪਰ ਇਸ ਬੱਲੇਬਾਜ਼ ਨੂੰ ਇਸ ਤਬਦੀਲੀ ਬਾਰੇ ਉਦੋਂ ਸੂਚਿਤ ਕੀਤਾ ਗਿਆ, ਜਦੋਂ ਖੇਡ ਦੀ ਸ਼ੁਰੂਆਤ ਵਿੱਚ ਸੱਤ ਮਿੰਟ ਤੋਂ ਵੀ ਘੱਟ ਸਮਾਂ ਸੀ। ਧੋਨੀ ਨੇ ਇਨਾਮ ਵੰਡ ਸਮਾਗਮ ਦੌਰਾਨ ਕਿਹਾ, ‘‘ਅੱਜ ਪਹਿਲਾ ਸੈਸ਼ਨ ਸਾਡੇ ਲਈ ਵੱਡਾ ਝਟਕਾ ਲੈ ਕੇ ਆਇਆ। ਸਾਡੇ ਡਰੈਸਿੰਗ ਰੂਮ ਵਿੱਚ ਇਸ ਗੱਲ ’ਤੇ ਬੋਲਚਾਲ ਬੰਦ ਹੋ ਗਈ ਕਿ ਬੱਲੇਬਾਜ਼ੀ ਲਈ ਸ਼ਿਖਰ ਜਾਵੇਗਾ ਜਾਂ ਵਿਰਾਟ ਅਸੀਂ ਇਸ ਹਾਲਾਤ ਨੂੰ ਚੰਗੀ ਤਰ੍ਹਾਂ ਨਹੀਂ ਨਜਿੱਠ ਸਕੇ।’’ ਉਸ ਨੇ ਦੱਸਿਆ, ‘‘ਅਸੀਂ ਨੈੱਟ ਉਪਰ ਬੱਲੇਬਾਜ਼ੀ ਕਰ ਰਹੇ ਸੀ, ਵਿਕਟ ਕਾਫੀ ਚੰਗੀ ਨਹੀਂ ਸੀ ਤੇ ਸਿਖਰ ਫੱਟੜ ਸੀ। ਉਸ ਸਮੇਂ ਉਸ ਨੇ ਸੱਟ ਬਾਰੇ ਬਹੁਤੀ ਗੰਭੀਰਤਾ ਨਾਲ ਗੱਲ ਨਹੀਂ ਕੀਤੀ। ਇਸ ਲਈ ਅਸੀਂ ਸੋਚਿਆ ਕਿ ਉਹ ਬੱਲੇਬਾਜ਼ੀ ਲਈ ਜਾਵੇਗਾ। ਜਦੋਂ ਉਹ ਡਰੈਸਿੰਗ ਰੂਮ ਵਿੱਚ ਆ ਗਿਆ ਤਾਂ ਉਸ ਨੂੰ ਕਾਫੀ ਦਰਦ ਹੋ ਰਿਹਾ ਸੀ ਤੇ ਉਹ ਬੱਲੇਬਾਜ਼ੀ ਕਰਨ ਦੇ ਕਾਬਲ ਨਹੀਂ ਸੀ। ਅਸੀਂ ਵਿਰਾਟ ਨੂੰ ਤਿਆਰੀ ਲਈ ਸਿਰਫ 5-7 ਮਿੰਟ ਦੇ ਸਕੇ। ਇਸ ਨਾਲ ਡਰੈਸਿੰਗ ਰੂਮ ਦਾ ਮਾਹੌਲ ਵਿਗੜ ਗਿਆ।’ ਭਰਤੀ ਕਪਤਾਨ ਕੋਲ ਇਕ ਦਿਨ ਪਹਿਲਾਂ ਹੀ ਮੈਚ ਗੁਆਉਣ ਕਾਰਨ ਕੋਈ ਜੁਆਬ ਨਹੀਂ ਸੀ, ਇਸ ਲਈ ਉਸ ਨੇ ਵਿਰੋਧੀ ਟੀਮ ਦੀ ਤਾਰੀਫ ਕੀਤੀ। ਦੂਜੇ ਪਾਸੇ ਆਸਟਰੇਲੀਆ ਦੇ ਕਪਤਾਨ ਤੇ ਮੈਨ ਆਫ ਦਿ ਮੈਚ ਸਟੀਵਨ ਸਮਿੱਥ ਨੇ ਨਤੀਜੇ ’ਤੇ ਤਸੱਲੀ ਪ੍ਰਗਟਾਈ। ਉਸ ਨੇ ਤੇਜ਼ ਗੇਂਬਾਜ਼ ਜੋਸ਼ ਹੇਜਲਵੁੱਡ ਦੀ ਤਾਰੀਫ ਕੀਤੀ, ਜਿਸ ਨੇ ਪਹਿਲਾ ਟੈਸਟ ਖੇਡਦਿਆਂ ਪੰਜ ਵਿਕਟਾਂ ਲਈਆਂ।

Facebook Comment
Project by : XtremeStudioz