Close
Menu

ਟੀ-20: ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾਇਆ

-- 01 March,2018

ਮਾਉਂਟ ਮੋਨਗਾਨੁਈ, ਬੈੱਨ ਸਟੌਕਸ ਅਤੇ ਇਯੋਨ ਮੌਰਗਨ ਦੇ ਅਰਧ ਸੈਂਕੜਿਆਂ ਨਾਲ ਇੰਗਲੈਂਡ ਨੇ ਦੂਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਮੌਰਗਨ ਨੇ 62 ਦੌੜਾਂ ਬਣਾਈਆਂ ਜਦਕਿ ਪੰਜ ਮਹੀਨਿਆਂ ਮਗਰੋਂ ਵਾਪਸੀ ਕਰ ਰਹੇ ਸਟੌਕਸ ਨੇ ਨਾਬਾਦ 63 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਇੰਗਲੈਂਡ ਨੇ ਨਿਊਜ਼ੀਲੈਂਡ ਦੇ 224 ਦੌੜਾਂ ਦੇ ਟੀਚੇ ਨੂੰ 12.1 ਬਾਕੀ ਰਹਿੰਦਿਆਂ ਚਾਰ ਵਿਕਟਾਂ ’ਤੇ 225 ਦੌੜਾਂ ਬਣਾ ਕੇ ਹਾਸਲ ਕਰ ਲਿਆ।  ਸਟੌਕਸ ਨੇ 43 ਦੌੜਾਂ ਦੇ ਕੇ ਦੋ ਵਿਕਟਾਂ ਵੀ ਲਈਆਂ। ਇੰਗਲੈਂਡ ਦੇ ਬ੍ਰਿਸਟਲ ਵਿੱਚ ਨਾਈਟਕਲੱਬ ਦੇ ਬਾਹਰ ਹੋਏ ਝਗੜੇ ਕਾਰਨ 25 ਸਤੰਬਰ ਦੀ ਗ੍ਰਿਫ਼ਤਾਰੀ ਤੋਂ ਪੰਜ ਮਹੀਨਿਆਂ ਮਗਰੋਂ ਹਰਫ਼ਨਮੌਲਾ ਸਟੌਕਸ ਦਾ ਇਹ ਪਹਿਲਾ ਮੈਚ ਸੀ। ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਨੇ ਇੱਕ ਸਮੇਂ 86 ਦੌੜਾਂ ਤਕ ਜੇਸਨ ਰਾਏ (ਅੱਠ), ਜੋਏ ਰੂਟ (ਨੌਂ) ਅਤੇ ਜਾਨੀ ਬੇਅਰਸਟਾ (37) ਦੇ ਵਿਕਟ ਗੁਆ ਲਏ ਸਨ ਪਰ ਮੌਰਗਨ ਅਤੇ ਸਟੌਕਸ ਨੇ ਚੌਥੇ ਵਿਕਟ ਲਈ 88 ਦੌੜਾਂ ਜੋੜ ਕੇ ਟੀਮ ਨੂੰ ਵਾਪਸੀ ਦਿਵਾਈ। ਸਟੌਕਸ ਨੇ ਇਸ ਤੋਂ ਬਾਅਦ ਜੋਸ ਬਟਲਰ (ਨਾਬਾਦ 36) ਨਾਲ ਪੰਜਵੇਂ ਵਿਕਟ ਲਈ 56 ਦੌੜਾਂ ਦੀ ਸਾਂਝੇਦਾਰੀ ਕਰਕੇ 38ਵੇਂ ਓਵਰ ਵਿੱਚ ਟੀਮ ਨੂੰ ਜਿੱਤ ਦਿਵਾ ਦਿੱਤੀ। ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਨਿਊਜ਼ੀਲੈਂਡ ਦੀ ਪਾਰੀ ਨੂੰ 49.4 ਓਵਰਾਂ ਵਿੱਚ 223 ਦੌੜਾਂ ’ਤੇ ਢੇਰ ਕਰ ਦਿੱਤਾ। ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੇ 50 ਦੌੜਾਂ ਬਣਾਈਆਂ ਜਦਕਿ ਹੇਠਲੇ ਕ੍ਰਮ ਵਿੱਚ ਮਿਸ਼ੇਲ ਸੇਂਟਨਰ ਨੇ ਨਾਬਾਦ 63 ਦੌੜਾਂ ਦੀ ਪਾਰੀ ਖੇਡ ਕੇ ਟੀਮ ਦਾ ਸਕੋਰ 200 ਦੌੜਾਂ ਤੋਂ ਵੱਧ ਕਰਨ ਵਿੱਚ ਭੂਮਿਕਾ ਨਿਭਾਈ। ਇੰਗਲੈਂਡ ਵੱਲੋਂ ਕ੍ਰਿਸ ਵੋਕਸ, ਮੋਈਨ ਅਲੀ ਅਤੇ ਸਟੌਕਸ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਨਿਊਜ਼ੀਲੈਂਡ ਦੇ ਚਾਰ ਬੱਲੇਬਾਜ਼ ਰਨ ਆਊਟ ਹੋਏ। 

Facebook Comment
Project by : XtremeStudioz