Close
Menu

ਟੀ-20 ਕ੍ਰਿਕਟ : ਗੇਲ ਦੀ ਤੂਫਾਨੀ ਪਾਰੀ ਅੱਗੇ ਦੱਖਣੀ ਅਫਰੀਕਾ ਪਸਤ

-- 10 January,2015

ਕੇਪਟਾਊਨ,ਕ੍ਰਿਸ ਗੇਲ ਦੀ 31 ਗੇਂਦਾਂ ’ਤੇ 77 ਦੌੜਾਂ ਦੀ ਪਾਰੀ ਦੀ ਮਦਦ ਨਾਲ ਵੈਸਟ ਇੰਡੀਜ਼ ਨੇ ਇੱਥੇ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ।

ਗੇਲ ਨੇ ਆਪਣੀ ਪਾਰੀ ਦੌਰਾਨ ਅੱਠ ਸਿਕਸਰ ਅਤੇ ਪੰਜ ਚੌਕੇ ਜੜੇ। ਪਹਿਲੀਆਂ 6 ਗੇਂਦਾਂ ਵਿੱਚ ਸਿਰਫ਼ ਇਕ ਦੌੜ ਬਣਾਉਣ ਤੋਂ ਬਾਅਦ ਗੇਲ ਨੇ 17 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ। ਭਾਰਤ ਦੇ ਯੁਵਰਾਜ ਸਿੰਘ ਨੇ ਵੀ ਕੌਮਾਂਤਰੀ ਟੀ-20 ਮੈਚ ਵਿੱਚ ਗੇਲ ਤੋਂ ਵੀ ਘੱਟ ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ ਸੀ। ਉਸ ਨੇ 2007 ਵਿੱਚ ਵਿਸ਼ਵ ਟੀ-20 ਚੈਂਪੀਅਨਸ਼ਿਪ ਦੌਰਾਨ ਡਰਬਨ ਵਿੱਚ ਇੰਗਲੈਂਡ ਖ਼ਿਲਾਫ਼ ਸਿਰਫ 12 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ ਸੀ।
ਗੇਲ ਦੀ ਇਸ ਤੂਫਾਨੀ ਪਾਰੀ ਦੇ ਬਾਵਜੂਦ ਵੈਸਟ ਇੰਡੀਜ਼ ਸਿਰਫ਼ ਚਾਰ ਗੇਂਦਾਂ ਬਾਕੀ ਰਹਿਣ ’ਤੇ 166 ਦੌੜਾਂ ਦਾ ਟੀਚਾ ਪ੍ਰਾਪਤ ਕਰ ਸਕਿਆ। ਵੈਸਟ ਇੰਡੀਜ਼ ਨੇ 19.2 ਓਵਰਾਂ ਵਿੱਚ 6 ਵਿਕਟਾਂ ’ਤੇ 168 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਗੇਲ ਪਾਰੀ ਦੇ 11ਵੇਂ ਓਵਰ ਵਿੱਚ ਅੰਤਿਮ ਗੇਂਦ ’ਤੇ ਆਊਟ ਹੋਣ ਵਾਲਾ ਦੂਸਰਾ ਬੱਲੇਬਾਜ਼ ਰਿਹਾ। ਉਸ ਸਮੇਂ ਟੀਮ ਦਾ ਸਕੋਰ 114 ਦੌੜਾਂ ਸੀ। ਇਸ ਤੋਂ ਬਾਅਦ ਵੈਸਟ ਇੰਡੀਜ਼ ਦੀ ਆਸਾਨ ਜਿੱਤ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਟੀਮ ਨੇ ਜਲਦੀ ਹੀ ਵਿਕਟ ਗਵਾ ਦਿੱਤੇ ਜਿਸ ਤੋਂ ਬਾਅਦ ਕੀਰੋਨ ਪੋਲਾਰਡ ਨੇ ਅੰਤਿਮ ਓਵਰ ਵਿੱਚ ਡੇਵਿਡ ਵੇਈਸੀ ਦੀ ਗੇਂਦ ’ਤੇ ਚੌਕਾ ਜੜ ਕੇ ਟੀਮ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਆਰ. ਰੋਸੇਯੂ (ਨਾਬਾਦ 51) ਦੇ ਅਰਧ ਸੈਂਕੜੇ ਦੀ ਮਦਦ ਨਾਲ ਚਾਰ ਵਿਕਟਾਂ ’ਤੇ 165 ਦੌੜਾਂ ਬਣਾਈਆਂ। ਰੋਸੇਯੂ ਨੇ 40 ਗੇਂਦਾਂ ਦੀ ਪਾਰੀ ਵਿੱਚ ਪੰਜ ਚੌਕੇ ਜੜੇ। ਫਾਫ ਡੂ ਪਲੇਸਿਸ ਨੇ 20 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 38 ਦੌੜਾਂ ਦੀ ਪਾਰੀ ਖੇਡੀ। ਵੈਸਟ ਇੰਡੀਜ਼ ਦੀ ਤਰਫੋਂ ਸ਼ੇਲਡਨ ਕੋਟਰੇਲ ਨੇ 33 ਦੌੜਾਂ ਦੇ ਕੇ ਦੋ ਵਿਕਟ ਝਟਕਾਏ ਜਦੋਂਕਿ ਜੇਸਨ ਹੋਲਡਰ ਨੇ 20 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤਾ।

Facebook Comment
Project by : XtremeStudioz