Close
Menu

ਟੀ-20 ਰੈਂਕਿੰਗਜ਼: ਭਾਰਤ ਨੇ ਦੂਜਾ ਤੇ ਕੇਐਲ ਰਾਹੁਲ ਨੇ ਤੀਜਾ ਸਥਾਨ ਮੱਲਿਆ

-- 11 July,2018

ਦੁਬਈ, ਸੀਨੀਅਰ ਕ੍ਰਮ ਦਾ ਬੱਲੇਬਾਜ਼ ਕੇਐਲ ਰਾਹੁਲ ਇੰਗਲੈਂਡ ਖ਼ਿਲਾਫ਼ ਕੱਲ੍ਹ ਸਮਾਪਤ ਹੋਈ ਟੀ-20 ਲੜੀ ਵਿੱਚ ਬਿਹਰਤੀਨ ਪ੍ਰਦਰਸ਼ਨ ਦੇ ਦਮ ’ਤੇ ਨੌਂ ਸਥਾਨ ਦੀ ਲੰਮੀ ਛਾਲ ਮਾਰ ਕੇ ਆਈਸੀਸੀ ਦੀ ਟੀ-20 ਬੱਲੇਬਾਜ਼ੀ ਰੈਂਕਿੰਗਜ਼ ਵਿੱਚ ਚੋਟੀ ਦੇ ਤਿੰਨ ਬੱਲੇਬਾਜ਼ਾਂ ਵਿੱਚ ਸ਼ਾਮਲ ਹੋ ਗਿਆ ਹੈ, ਜਦਕਿ ਭਾਰਤੀ ਟੀਮ ਵੀ ਦੂਜੇ ਸਥਾਨ ’ਤੇ ਪਹੁੰਚਣ ਵਿੱਚ ਸਫਲ ਰਹੀ। ਆਈਸੀਸੀ ਦੀ ਤਾਜ਼ਾ ਵਿਸ਼ਵ ਰੈਂਕਿੰਗਜ਼ ਅਨੁਸਾਰ ਆਸਟਰੇਲਿਆਈ ਸਲਾਮੀ ਬੱਲੇਬਾਜ਼ ਆਰੋਨ ਫਿੰਚ ਟੀ-20 ਕੌਮਾਂਤਰੀ ਵਿੱਚ 900 ਰੇਟਿੰਗ ਅੰਕ ਹਾਸਲ ਕਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਉਹ ਤਿੰਨ ਸਥਾਨ ਅੱਗੇ ਵਧ ਕੇ ਟੀ-20 ਬੱਲੇਬਾਜ਼ੀ ਰੈਂਕਿੰਗ ਵਿੱਚ ਚੋਟੀ ’ਤੇ ਪਹੁੰਚਿਆ। ਉਸ ਮਗਰੋਂ ਪਾਕਿਸਤਾਨ ਦਾ ਫ਼ਖ਼ਰ ਜ਼ਮਾਨ ਅਤੇ ਭਾਰਤੀ ਸਟਾਰ ਰਾਹੁਲ ਦਾ ਨੰਬਰ ਆਉਂਦਾ ਹੈ। ਜ਼ਮਾਨ ਨੇ 44 ਸਥਾਨ ਦੀ ਲੰਮੀ ਛਾਲ ਮਾਰੀ ਹੈ। ਰਾਹੁਲ ਨੇ ਪਿਛਲੇ ਚਾਰ ਟੀ-20 ਮੈਚਾਂ ਵਿੱਚ 70, 101, ਛੇ ਅਤੇ 19 ਦੌੜਾਂ ਦੀਆਂ ਪਾਰੀਆਂ ਖੇਡੀਆਂ ਹਨ, ਜਿਸ ਕਾਰਨ ਉਸ ਨੇ ਨੌਂ ਸਥਾਨ ਅੱਗੇ ਵਧ ਕੇ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕੀਤੀ। ਉਹ ਹੁਣ ਇਸ ਸੀਮਤ ਓਵਰਾਂ ਦੀ ਖੇਡ ਵਿੱਚ ਭਾਰਤ ਦਾ ਅੱਵਲ ਨੰਬਰ ਬੱਲੇਬਾਜ਼ ਹੈ। ਉਸ ਤੋਂ ਬਾਅਦ ਰੋਹਿਤ ਸ਼ਰਮਾ (ਦੋ ਸਥਾਨ ਉਪਰ 11ਵੇਂ) ਦਾ ਨੰਬਰ ਆਉਂਦਾ ਹੈ। ਰੋਹਿਤ ਨੇ ਬ੍ਰਿਸਟਲ ਵਿੱਚ ਨਾਬਾਦ 100 ਦੌੜਾਂ ਬਣਾਈਆਂ ਸਨ। ਭਾਰਤੀ ਕਪਤਾਨ ਵਿਰਾਟ ਕੋਹਲੀ ਹਾਲਾਂਕਿ ਵੱਡੀ ਪਾਰੀ ਖੇਡਣ ਵਿੱਚ ਅਸਫਲ ਰਿਹਾ ਹੈ। ਇਸ ਲਈ ਉਹ ਹੇਠਾਂ ਚੌਥੇ ਸਥਾਨ ’ਤੇ ਖਿਸਕ ਗਿਆ ਹੈ। ਟੀ-20 ਵਿੱਚ ਆਸਟਰੇਲਿਆਈ ਕਪਤਾਨ ਫਿੰਚ ਨੇ ਤਿਕੋਣੀ ਲੜੀ ਦੌਰਾਨ ਜ਼ਿੰਬਾਬਵੇ ਖ਼ਿਲਾਫ਼ 172 ਦੌੜਾਂ ਦੀ ਪਾਰੀ ਖੇਡੀ ਸੀ। ਇਹ ਪਾਰੀ ਖੇਡਣ ਮਗਰੋਂ ਉਸ ਦੇ ਰੇਟਿੰਗ ਅੰਕਾਂ ਦੀ ਗਿਣਤੀ 900 ’ਤੇ ਪਹੁੰਚ ਗਹੀ ਸੀ, ਪਰ ਹੁਣ ਉਹ 891 ਅੰਕਾਂ ਨਾਲ ਚੋਟੀ ’ਤੇ ਹੈ। ਗੇਂਦਬਾਜ਼ੀ ਰੈਂਕਿੰਗਜ਼ ਵਿੱਚ ਯੁਜ਼ਵੇਂਦਰ ਚਾਹਲ ਇੱਕ ਸਥਾਨ ਹੇਠਾਂ ਚੌਥੇ ਸਥਾਨ ’ਤੇ ਆ ਗਿਆ ਹੈ, ਪਰ ਉਸ ਦੇ ਸਾਥੀ ਸਪਿੰਨਰ ਕੁਲਦੀਪ ਯਾਦਵ ਨੂੰ ਇੰਗਲੈਂਡ ਖ਼ਿਲਾਫ਼ ਪਹਿਲੇ ਟੀ-20 ਮੈਚ ਵਿੱਚ ਪੰਜ ਵਿਕਟਾਂ ਲੈਣ ਦਾ ਫ਼ਾਇਦਾ ਮਿਲਿਆ। ਉਹ 41 ਤੋਂ 34ਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਟੀਮ ਰੈਂਕਿੰਗਜ਼ ਵਿੱਚ ਭਾਰਤੀ ਟੀਮ ਵੀ ਅੱਗੇ ਵਧਣ ਵਿੱਚ ਸਫਲ ਰਹੀ। ਉਸ ਨੇ ਆਇਰਲੈਂਡ ਨੂੰ 2-0 ਮੈਚਾਂ ਅਤੇ ਇੰਗਲੈਂਡ ਨੂੰ 2-1 ਮੈਚਾਂ ਨਾਲ ਹਰਾਇਆ ਸੀ, ਜਿਸ ਕਾਰਨ ਉਹ ਦੂਜੇ ਸਥਾਨ ’ਤੇ ਪਹੁੰਚ ਗਿਆ। ਪਾਕਿਸਤਾਨ ਤਿਕੋਣੀ ਲੜੀ ਵਿੱਚ ਜਿੱਤ ਮਗਰੋਂ ਚੋਟੀ ’ਤੇ ਕਾਇਮ ਹੈ। ਪਾਕਿਸਤਾਨ ਦੇ 132 ਅਤੇ ਭਾਰਤ ਦੇ 124 ਅੰਕ ਹਨ। 

Facebook Comment
Project by : XtremeStudioz