Close
Menu

ਟੇਬਲ ਟੈਨਿਸ: ਸਾਲ 2018 ਦੇ ਪ੍ਰਦਰਸ਼ਨ ਨਾਲ ਜਾਗੀ ਓਲੰਪਿਕ ਤਗ਼ਮਾ ਜਿੱਤਣ ਦੀ ਆਸ

-- 22 December,2018

ਨਵੀਂ ਦਿੱਲੀ, 22 ਦਸੰਬਰ
ਭਾਰਤੀ ਟੇਬਲ ਟੈਨਿਸ ਨੇ ਸਾਲ 2018 ਵਿਚ ਇਕਦਮ ਵਿਸ਼ਵ ਵਿਚ ਆਪਣੀ ਖਾਸ ਪਛਾਣ ਬਣਾ ਲਈ ਹੈ। ਭਾਰਤ ਦੀ ਮਾਨਿਕ ਬੱਤਰਾ ਨੇ ਜਿੱਥੇ ਰਾਸ਼ਟਰਮੰਡਲ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਭਾਰਤ ਨੇ ਏਸ਼ਿਆਈ ਖੇਡਾਂ ਵਿਚ ਦੋ ਇਤਿਹਾਸਕ ਤਗ਼ਮੇ ਜਿੱਤੇ ਹਨ।
ਭਾਰਤ ਦੇ ਸਰਵੋਤਮ ਖਿਡਾਰੀ ਸ਼ਰਤ ਕਮਲ ਨੇ ਇਸ ਸਾਲ ਦੇ ਵਿਚ ਟੇਬਲ ਟੈਨਿਸ ਦੇ ਪ੍ਰਦਰਸ਼ਨ ਬਾਰੇ ਕਿਹਾ ਕਿ ਦੋ ਤਗ਼ਮਿਆਂ ਦੀ ਤਾਂ ਗੱਲ ਛੱਡੋ ਜੇ ਕਿਸੇ ਨੇ ਸਾਲ ਦੇ ਸ਼ੁਰੂ ਵਿਚ ਇਕ ਤਗ਼ਮੇ ਬਾਰੇ ਵੀ ਕੋਈ ਗੱਲ ਕੀਤੀ ਹੁੰਦੀ ਕਿ ਭਾਰਤ ਤਗ਼ਮਾ ਜਿੱਤੇਗਾ ਤਾਂ ਉਹ ਉਸ ਨੂੰ ਮਜ਼ਾਕ ਸਮਝਦਾ। ਸ਼ਰਤ ਕਮਲ ਨੇ ਕਿਹਾ, ‘ ਇਹ ਸਾਲ ਉਸ ਦੇ ਲਈ ਅਤੇ ਭਾਰਤੀ ਟੇਬਲ ਟੈਨਿਸ ਦੇ ਲਈ ਸ਼ਾਨਦਾਰ ਰਿਹਾ ਹੈ।’ ਸ਼ਰਤ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਜਕਾਰਤਾ ਏਸ਼ਿਆਈ ਖੇਡਾਂ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਭਾਰਤ ਨੇ ਕੁਆਰਟਰ ਫਾਈਨਲ ਵਿਚ ਜਾਪਾਨ ਨੂੰ ਹਰਾਇਆ ਸੀ। ਇਸ ਦੇ ਨਾਲ ਸ਼ਰਤ ਅਤੇ ਮਨਿਕਾ ਨੇ ਮਿਸ਼ਰਤ ਵਿਚ ਵੀ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਸੀ।
ਏਸ਼ਿਆਈ ਖੇਡਾਂ ਵਿਚ 1958 ਤੋਂ ਟੇਬਲ ਟੈਨਿਸ ਸ਼ਾਮਲ ਹੈ ਤੇ ਇਹ ਪਹਿਲਾ ਮੌਕਾ ਹੈ ਕਿ ਭਾਰਤ ਨੇ ਤਗ਼ਮਾ ਜਿੱਤਿਆ ਹੈ। ਟੇਬਲ ਟੈਨਿਸ ਵਿਚ ਜਿਥੇ ਭਾਰਤ ਨੇ ਲੰਬੀ ਛਾਲ ਮਾਰੀ ਹੈ, ਉੱਥੇ ਮਨਿਕਾ ਬਤਰਾ ਵਰਗੀ ਨਵੀਂ ਸਟਾਰ ਖਿਡਾਰਨ ਵੀ ਮਿਲੀ ਹੈ। ਉਸ ਨੇ ਰਾਸ਼ਟਰਮੰਡਲ ਖੇਡਾਂ ਵਿਚ ਮਹਿਲਾ ਸਿੰਗਲਜ਼ ਸੋਨ ਤਗ਼ਮੇ ਸਣੇ ਟੀਮ ਇਵੈਂਟ ਵਿਚ ਤਗ਼ਮਾ ਜਿੱਤ ਕੇ ਕੁੱਲ ਚਾਰ ਤਗ਼ਮੇ ਜਿੱਤੇ ਹਨ। ਮਨਿਕਾ ਨੇ ਮਹਿਲਾ ਸਿੰਗਲਜ਼ ਦੇ ਵਿਚ ਤਤਕਾਲੀ ਨੰਬਰ ਚਾਰ ਸਿੰਗਾਪੁਰ ਦੀ ਖਿਡਾਰਨ ਫੇਂਗ ਤਿਆਨਵੀ ਨੂੰ ਦੋ ਵਾਰ ਹਰਾਇਆ ਹੈ। ਬਾਅਦ ਵਿਚ ਉਸ ਨੇ ਡਬਲਜ਼ ਵਿਚ ਚਾਂਦੀ ਦਾ ਅਤੇ ਮਿਸ਼ਰਤ ਵਿਚ ਕਾਂਸੀ ਦਾ ਤਗ਼ਮਾ ਵੀ ਜਿੱਤਿਆ ਹੈ। ਆਪਣੇ ਇਸ ਪ੍ਰਦਰਸ਼ਨ ਦੇ ਨਾਲ ਉਸ ਨੇ ਅੰਤਰਰਾਸ਼ਟਰੀ ਟੇਬਲ ਟੈਨਿਸ ਫੈਡਰੇਸ਼ਨ ਦਾ ‘ਉਭਰਦਾ ਸਟਾਰ’ ਪੁਰਸਕਾਰ ਵੀ ਜਿੱਤਿਆ ਹੈ। ਸ਼ਰਤ ਅਤੇ ਸਥਿਆਨ ਨੇ ਵੀ ਸਰਵੋਤਮ ਦਰਜਾਬੰੰਦੀ ਹਾਸਲ ਕੀਤੀ ਹੈ। ਸ਼ਰਤ ਦੀ ਤਾਜ਼ਾ ਦਰਜਾਬੰਦੀ 30ਵੇਂ ਅਤੇ ਸੰਥਿਆਨ ਦੀ 31ਵੇਂ ਨੰਬਰ ਉੱਤੇ ਹੈ।
ਭਾਰਤੀ ਖਿਡਾਰੀ ਅਗਲੇ ਸਾਲ ਓਲੰਪਿਕ ਕੁਆਲੀਫਿਕੇਸ਼ਨ ਨੂੰ ਧਿਆਨ ਵਿਚ ਰੱਖ ਕੇ ਟੂਰਨਾਮੈਂਟ ਖੇਡਣਗੇ ਤੇ ਆਸ ਕੀਤੀ ਜਾਂਦੀ ਹੈ ਕਿ ਖਿਡਾਰੀ ਓਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ। 

Facebook Comment
Project by : XtremeStudioz