Close
Menu

ਟੈਨਿਸ: ਮਹਿਲਾਵਾਂ ਦੇ ਮੁਕਾਬਲੇ ਪੁਰਸ਼ ਖਿਡਾਰੀਆਂ ਨੂੰ ਮਿਲੀ ਵੱਧ ਸਜ਼ਾ

-- 17 September,2018

ਲਾਸ ਏਂਜਲਸ, ਦੁਨੀਆ ਦੀ ਸਾਬਕਾ ਅੱਵਲ ਨੰਬਰ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਬੀਤੇ ਦਿਨੀਂ ਕਿਹਾ ਸੀ ਕਿ ਮਹਿਲਾਵਾਂ ਨੂੰ ਸਜ਼ਾ ਦੇਣ ਦੇ ਮਾਮਲੇ ਵਿੱਚ ਦੋਹਰਾ ਮਾਪਦੰਡ ਅਪਣਾਇਆ ਜਾਂਦਾ ਹੈ, ਜਦੋਂਕਿ ਅੰਕੜੇ ਇਸ ਤੋਂ ਉਲਟ ਹਨ। ਇੱਕ ਰਿਪੋਰਟ ਮੁਤਾਬਕ, ਪੁਰਸ਼ ਖਿਡਾਰੀਆਂ ਨੂੰ ਟੈਨਿਸ ਕੋਰਟ ਦੌਰਾਨ ਗੁੱਸੇ ਵਿੱਚ ਆ ਕੇ ਰੈਕੇਟ ਤੋੜਨ ਤੇ ਮਾਮਲੇ ਵਿੱਚ ਮਹਿਲਾਵਾਂ ਦੇ ਮੁਕਾਬਲੇ ਲਗਪਗ ਤਿੰਨ ਗੁਣਾਂ ਵੱਧ ਸਜ਼ਾ ਮਿਲੀ ਹੈ।
ਨਿਊਯਾਰਕ ਟਾਈਮਜ਼ ਦੀ ਖ਼ਬਰ ਅਨੁਸਾਰ, 1998 ਤੋਂ 2018 ਦੌਰਾਨ ਗਰੈਂਡ ਸਲੈਮ ਟੂਰਨਾਮੈਂਟ ਵਿੱਚ ਪੁਰਸ਼ ਖਿਡਾਰੀਆਂ ’ਤੇ 1,517 ਵਾਰ ਜੁਰਮਾਨਾ ਲਾਇਆ ਗਿਆ ਹੈ, ਜਦਕਿ ਮਹਿਲਾ ਖਿਡਾਰੀਆਂ ’ਤੇ ਜੁਰਮਾਨਾ ਲਾਉਣ ਦੇ 535 ਮਾਮਲੇ ਸਾਹਮਣੇ ਆਏ ਹਨ। ਇਸ ਅਖ਼ਬਾਰ ਵੱਲੋਂ ਪਿਛਲੇ 20 ਸਾਲਾਂ ਦੌਰਾਨ ਖੇਡੇ ਗਏ ਦਸ ਹਜ਼ਾਰ ਤੋਂ ਵੱਧ ਮੈਚਾਂ ਤੋਂ ਇਕੱਠੇ ਕੀਤੇ ਅੰਕੜਿਆਂ ਮੁਤਾਬਕ, ਰੈਕੇਟ ਤੋੜਨ ਤੇ ਮਾਮਲੇ ਵਿੱਚ ਪੁਰਸ਼ ਖਿਡਾਰੀਆਂ ’ਤੇ 649 ਵਾਰ ਜੁਰਮਾਨਾ ਲੱਗਿਆ ਹੈ, ਜਦੋਂਕਿ ਮਹਿਲਾਵਾਂ ਨੂੰ ਸਿਰਫ਼ 99 ਵਾਰ ਇਹ ਸਜ਼ਾ ਮਿਲੀ ਹੈ। ਅਪਸ਼ਬਦ ਬੋਲਣ ਦੇ ਮਾਮਲੇ ਵਿੱਚ ਪੁਰਸ਼ਾਂ ਨੂੰ 344 ਅਤੇ ਔਰਤਾਂ ਨੂੰ 140 ਵਾਰ ਸਜ਼ਾ ਮਿਲੀ ਹੈ।

ਪਿਛਲੇ ਹਫ਼ਤੇ ਸੇਰੇਨਾ ਨੇ ਯੂਐਸ ਓਪਨ ਦੇ ਫਾਈਨਲ ਵਿੱਚ ਨਾਓਮੀ ਓਸਾਕਾ ਖ਼ਿਲਾਫ਼ ਮੈਚ ਦੌਰਾਨ ਚੇਅਰ ਅੰਪਾਇਰ ਕਾਰਲੋਸ ਰਾਮੋਸ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਉਸ ਨੂੰ ‘ਝੂਠਾ’ ਅਤੇ ‘ਚੋਰ’ ਕਹਿ ਦਿੱਤਾ ਸੀ। ਸੇਰੇਨਾ ਵਿਲੀਅਮਜ਼ ਨੇ ਕਿਹਾ ਸੀ ਕਿ ਇੱਕ ਔਰਤ ਹੋਣ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਵਿਲੀਅਮਜ਼ ਇਹ ਮੈਚ 6-2, 6-4 ਨਾਲ ਹਾਰ ਗਈ ਸੀ।
ਗਰੈਂਡ ਸਲੈਮ ਦੌਰਾਨ ਪੁਰਸ਼ਾਂ ਨੂੰ ਬੈਸਟ ਆਫ ਫਾਈਵ, ਜਦਕਿ ਮਹਿਲਾਵਾਂ ਨੂੰ ਬੈਸਟ ਆਫ ਥ੍ਰੀ ਮੈਚ ਖੇਡਣ ਪੈਂਦੇ ਹਨ। ਇਸ ਕਾਰਨ ਪੁਰਸ਼ਾਂ ਦੀ ਨਾਰਾਜ਼ਗੀ ਦੀਆਂ ਘਟਨਾਵਾਂ ਵੀ ਵੱਧ ਵਾਪਰਦੀਆਂ ਹਨ।

Facebook Comment
Project by : XtremeStudioz