Close
Menu

ਟੈਸਟ ਰੈਂਕਿੰਗਜ਼: ਕੋਹਲੀ ਟੌਪ-20 ਵਿੱਚ ਦਾਖ਼ਲ

-- 16 December,2014

ਦੁਬਈ, ਆਸਟਰੇਲੀਆ ਖ਼ਿਲਾਫ਼ ਐਡੀਲੇਡ ਵਿੱਚ ਪਹਿਲੇ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਸੈਂਕੜਾ ਜੜਨ ਵਾਲਾ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਆਈਸੀਸੀ ਦੇ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ 16ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਕੋਹਲੀ ਦੇ ਦੋ ਸੈਂਕੜਿਆਂ ਦੇ ਬਾਵਜੂਦ ਭਾਰਤ ਨੂੰ ਇਸ ਮੈਚ ’ਚ 48 ਦੌੜਾ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਪਰ ਇਹ ਬੱਲੇਬਾਜ਼ 11 ਸਥਾਨਾਂ ਦੀ ਲੰਬੀ ਛਾਲ ਲਗਾ ਕੇ ਟੌਪ-20 ਵਿੱਚ ਪਹੁੰਚ ਗਿਆ ਹੈ। ਕੋਹਲੀ ਦੇ 703 ਅੰਕ ਹਨ ਅਤੇ ਇਹ ਭਾਰਤੀ ਬੱਲੇਬਾਜ਼ਾਂ ’ਚੋਂ ਸਿਖਰ ’ਤੇ ਹੈ। ਚੇਤੇਸ਼ਵਰ ਪੁਜਾਰਾ ਇਕ ਸਥਾਨ ਦੇ ਨੁਕਸਾਨ ਨਾਲ 18ਵੇਂ ਸਥਾਨ ’ਤੇ ਖਿਸਕ ਗਿਆ ਹੈ।
ਗੇਂਦਬਾਜ਼ਾਂ ਦੀ ਸੂਚੀ ਵਿੱਚ ਭਾਰਤ ਦਾ ਇਸ਼ਾਂਤ ਸ਼ਰਮਾ ਦੋ ਸਥਾਨਾਂ ਦੇ ਨੁਕਸਾਨ ਨਾਲ 21ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਆਸਟਰੇਲੀਆ ਦੇ ਡੇਵਿਡ ਵਾਰਨਰ ਤੇ ਸਟੀਵਨ ਸਮਿੱਥ ਨੇ ਵੀ ਪਹਿਲੇ ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕੀਤੀ ਹੈ। ਪਹਿਲੇ ਟੈਸਟ ’ਚ 145 ਤੇ 102 ਦੌੜਾਂ ਦੀ ਪਾਰੀ ਖੇਡਣ ਵਾਲਾ ਵਾਰਨਰ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਦੋ ਸਥਾਨਾਂ ਦੇ ਸੁਧਾਰ ਨਾਲ ਚੌਥੇ ਨੰਬਰ ’ਤੇ ਪੁੱਜ ਗਿਆ ਹੈ। ਸਮਿੱਥ ਨੇ ਨਾਬਾਦ 162 ਤੇ ਨਾਬਾਦ 52 ਦੌੜਾਂ ਦੀਆਂ ਪਾਰੀਆਂ ਖੇਡੀਆਂ ਅਤੇ ਉਹ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਟੌਪ-10 ਵਿੱਚ ਪਹੁੰਚਿਆ ਹੈ। ਉਹ ਪੰਜ ਸਥਾਨਾਂ ਦੇ ਫਾਇਦੇ ਨਾਲ 8ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਭਾਰਤ ਦਾ ਸਲਾਮੀ ਬੱਲੇਬਾਜ਼ ਮੁਰਲੀ ਵਿਜਯ ਅੱਠ ਸਥਾਨਾਂ ਦੇ ਸੁਧਾਰ ਨਾਲ 28ਵੇਂ ਸਥਾਨ ’ਤੇ ਪਹੁੰਚ ਗਿਆ ਹੈ।

Facebook Comment
Project by : XtremeStudioz