Close
Menu

ਟੋਕੀਓ ਵਿਚ ਹੋਣਗੀਆਂ 2020 ਦੀਆਂ ਓਲੰਪਿਕ ਖੇਡਾਂ

-- 09 September,2013

AP9_8_2013_000010A

ਬਿਊਨਸ ਆਇਰਸ (ਅਰਜਨਟੀਨਾ), 9 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਵਿਸ਼ਵ ਦੇ ਸਭ ਤੋਂ ਵੱਡੇ ਖੇਡ ਮਹਾਂਕੁੰਭ ਓਲੰਪਿਕ 2020 ਦੀ ਟੋਕੀਓ ਮੇਜ਼ਬਾਨੀ ਕਰੇਗਾ। ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੀ ਇਥੇ ਹੋਈ ਬੈਠਕ ਵਿਚ ਇਸਤੰਬੁਲ ਦੀ ਬਜਾਏ ਜਪਾਨ ਦੀ ਰਾਜਧਾਨੀ ਟੋਕੀਓ ਵਿਚ ਓਲੰਪਿਕ ਖੇਡਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਟੋਕੀਓ ’ਚ ਇਸ ਤੋਂ ਪਹਿਲਾਂ 1964 ਵਿਚ ਓਲੰਪਿਕ ਖੇਡਾਂ ਹੋਈਆਂ ਸਨ। ਕੱਲ੍ਹ ਆਈ.ਓ.ਸੀ. ਦੇ ਮੈਂਬਰਾਂ ਦੀ ਬੈਠਕ ਦੌਰਾਨ ਪਹਿਲੇ ਗੇੜ ਵਿਚ ਹੀ ਮੈਡਰਿਡ ਨੂੰ ਨਾਟਕੀ ਢੰਗ ਨਾਲ ਬਾਹਰ ਕਰ ਦਿੱਤਾ ਗਿਆ ਸੀ। ਜਪਾਨ ਦੇ ਲੋਕਾਂ ਨੇ ਕੱਲ੍ਹ ਹੀ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਸਨ ਭਾਵੇਂ ਮੇਜ਼ਬਾਨੀ ਬਾਰੇ ਫੈਸਲਾ ਅੱਜ ਸਵੇਰੇ ਹੋਇਆ।

ਰੂਸ ਦੇ ਸੇਂਟ ਪੀਟਰਜ਼ਬਰਗ ਵਿਚ ਹੋ ਰਹੇ ‘ਜੀ-20 ਸੰਮੇਲਨ’ ਤੋਂ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ, ਅਰਜਨਟੀਨਾ ਦੀ ਰਾਜਧਾਨੀ  ਪਹੁੰਚੇ ਸਨ। ਉਨ੍ਹਾਂ ਨੇ ਆਈ.ਓ.ਸੀ. ਦੇ ਮੈਂਬਰਾਂ ਦੀਆਂ ਫੁਕੂਸ਼ੀਮਾ ਪ੍ਰਮਾਣੂ ਪਲਾਂਟ ਬਾਰੇ ਚਿੰਤਾਵਾਂ ਨੂੰ ਦੂਰ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਮਾਣੂ ਪਲਾਂਟ ਟੋਕੀਓ ਤੋਂ 220 ਕਿਲੋਮੀਟਰ ਦੂਰ ਹੈ ਅਤੇ ਇਹ ਸ਼ਹਿਰ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਆਈ.ਓ.ਸੀ. ਮੁਤਾਬਕ ਟੋਕੀਓ ਨੂੰ 60 ਵੋਟਾਂ ਅਤੇ ਇਸਤੰਬੁਲ ਨੂੰ 36 ਵੋਟਾਂ ਮਿਲੀਆਂ ਹਨ। ਜ਼ਿਕਰਯੋਗ ਹੈ ਕਿ ਸਾਲ 2016 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਰੀਓ ਡੀ ਜਨੇਰੀਓ ਕੋਲ ਹੈ। ਉਸ ਸਮੇਂ ਟੋਕੀਓ ਤੀਜੇ ਸਥਾਨ ’ਤੇ ਰਿਹਾ ਸੀ। ਓਲੰਪਿਕ ਖੇਡਾਂ ਦੀ ਮੇਜ਼ਬਾਨੀ ਮਿਲਣ ਨਾਲ ਜਪਾਨ ਵਿਚ ਜਸ਼ਨ ਮਨਾਏ ਜਾ ਰਹੇ ਹਨ। ਟੋਕੀਓ ਦੇ ਕੋਮਾਜਾਵਾ ਓਲੰਪਿਕ ਪਾਰਕ ਜਿਮਨੇਜ਼ੀਅਮ ਵਿਚ ਤਕਰੀਬਨ ਦੋ ਹਜ਼ਾਰ ਲੋਕ ਇਕੱਠੇ ਹੋਏ ਸਨ। ਉਹ ਇਥੇ ਲੱਗੀ ਸਕਰੀਨ ’ਤੇ ਆਈ.ਓ.ਸੀ. ਦੀ ਬੈਠਕ ਦਾ ਸਿੱਧਾ ਪ੍ਰਸਾਰਨ ਦੇਖ ਰਹੇ ਸਨ। ਅੱਜ ਸਵੇਰੇ ਸਵਾ ਪੰਜ ਵਜੇ ਜਦੋਂ ਆਈ.ਓ.ਸੀ. ਦੇ ਪ੍ਰਧਾਨ ਯਾਕ ਰੌਗ ਨੇ ਟੋਕੀਓ ਨੂੰ ਮੇਜ਼ਬਾਨ ਐਲਾਨਿਆ ਤਾਂ ਲੋਕ ਖੁਸ਼ੀ ’ਚ ਝੂਮ ਉੱਠੇ।
ਓਲੰਪਿਕ ਖੇਡਾਂ ਨਾਲ ਦੁਨੀਆਂ ਦਾ ਕਰਜ਼ ਚੁਕਾ ਦੇਵਾਂਗੇ: ਸ਼ਿੰਜੋ
ਬਿਊਨਸ ਆਇਰਸ: 2020 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਮਿਲਣ ਬਾਅਦ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਕਿਹਾ ਕਿ ਟੋਕੀਓ ਸਾਲ 2011 ਵਿਚ ਆਈ ਸੁਨਾਮੀ ਬਾਅਦ ਦੁਨੀਆਂ ਤੋਂ ਮਿਲੀ ਮਦਦ ਦਾ ਇਸ ਓਲੰਪਿਕ ਨਾਲ ਕਰਜ਼ ਚੁਕਾ ਦੇਵੇਗਾ। ਉਨ੍ਹਾਂ ਕਿਹਾ ਕਿ 2011 ਵਿਚ ਆਏ ਭੂਚਾਲ ਅਤੇ ਸੁਨਾਮੀ ਨੇ ਜਪਾਨ ਵਿਚ ਜ਼ਿੰਦਗੀ ਬਦਲ ਦਿੱਤੀ ਸੀ। ਇਸ ਕੁਦਰਤੀ ਆਫਤ ਵਿਚ 18 ਹਜ਼ਾਰ ਲੋਕ ਮਾਰੇ ਗਏ ਸਨ ਅਤੇ ਪ੍ਰਮਾਣੂ ਪਲਾਂਟ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਸੀ। ਸ਼ਿੰਜੋ ਨੇ ਕਿਹਾ, ‘‘ਖੇਡਾਂ ਲੋਕਾਂ ਨੂੰ ਬਦਲ ਸਕਦੀਆਂ ਹਨ। ਸੁਨਾਮੀ ਬਾਅਦ ਇਹ ਸ਼ਕਤੀ ਦਿਖਾਈ ਦਿੱਤੀ ਸੀ। ਇਸ ਮੁਸ਼ਕਲ ਸਮੇਂ ਵਿਚ ਮਹਾਨ ਅਮਰੀਕੀ ਦੌੜਾਕ ਕਾਰਲ ਲੂਈਸ ਜਪਾਨ ਆਏ ਸਨ ਅਤੇ ਉਨ੍ਹਾਂ ਬੱਚਿਆਂ ਤੇ ਹੋਰ ਲੋਕਾਂ ਨਾਲ ਖੇਡ ਕੇ ਉਨ੍ਹਾਂ ’ਚ ਉਮੀਦ ਅਤੇ ਉਤਸ਼ਾਹ ਜਗਾਇਆ ਸੀ। ਇਹੀ ਖੇਡਾਂ ਦੀ   ਤਾਕਤ ਹੈ।’’

Facebook Comment
Project by : XtremeStudioz