Close
Menu

ਟੋਨੀ ਦੀ ਚਾਹ ਪਾਰਟੀ ’ਚ ਨਜ਼ਰ ਨਾ ਆਇਆ ਧੋਨੀ

-- 02 January,2015

ਸਿਡਨੀ,  ਭਾਰਤੀ ਕ੍ਰਿਕਟ ਟੀਮ ਨੇ ਨਵੇਂ ਸਾਲ ਦੇ ਦਿਨ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਰਿਹਾਇਸ਼ ਕਿਰੀਬਿਲੀ ਵਿੱਚ ਚਾਹ ਦਾ ਆਨੰਦ ਲਿਆ। ਆਸਟਰੇਲਿਆਈ ਦੌਰੇ ’ਤੇ ਗਈ ਭਾਰਤੀ ਟੀਮ ਲਈ ਪ੍ਰਧਾਨ ਮੰਤਰੀ ਟੋਨੀ ਐਬਟ ਨੇ ਆਪਣੇ ਨਿਵਾਸ ਉਪਰ ਚਾਹ ਪਾਰਟੀ ਦਿੱਤੀ। ਮੈਦਾਨ ਉਪਰ ਇਕ-ਦੂਜੇ ਖ਼ਿਲਾਫ਼ ਹਮਲਾਵਰ ਦਿਖਾਈ ਦੇ ਰਹੀਆਂ ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਇਥੇ ਮਿਲ ਕੇ ਨਵੇਂ ਸਾਲ ਮੌਕੇ ਫੋਟੋ ਖਿਚਵਾਈ ਤੇ ਪ੍ਰਧਾਨ ਮੰਤਰੀ ਨਾਲ ਚਾਹ ਦਾ ਮਜ਼ਾ ਲਿਆ। ਟੀਮ ਇੰਡੀਆ ਦੇ ਖਿਡਾਰੀ ਇਸ ਦੌਰਾਨ ਆਪਣੀ ਅਧਿਕਾਰਤ ਟੀ-ਸ਼ਰਟ ਤੇ ਪੈਂਟ ਵਿੱਚ ਨਜ਼ਰ ਆਏ ਤੇ ਕਪਤਾਨ ਵਿਰਾਟ ਕੋਹਲੀ ਇਸ ਦੌਰਾਨ ਖਿੱਚ ਦਾ ਕੇਂਦਰ ਰਿਹਾ। ਮੈਲਬਰਨ ਟੈਸਟ ਦੇ ਖਤਮ ਹੋਣ ਦੇ ਕੁਝ ਮਿੰਟਾਂ ਮਗਰੋਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਵਾਲਾ ਕਪਤਾਨ ਮਹਿੰਦਰ ਸਿੰਘ ਧੋਨੀ ਇਸ ਮੌਕੇ ਨਜ਼ਰ ਨਹੀਂ ਆਇਆ ਤੇ ਸਾਫ਼ ਨਹੀਂ ਹੋਇਆ ਕਿ ਉਨ੍ਹਾਂ ਨੇ ਇਸ ਪਾਰਟੀ ਵਿੱਚ ਹਿੱਸਾ ਲਿਆ ਜਾ ਨਹੀਂ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਕ ਬਿਆਨ ਵਿੱਚ ਇਸ ਦੀ ਸੂਚਨਾ ਦਿੰਦਿਆਂ ਕਿਹਾ, ‘‘ਪ੍ਰਧਾਨ ਮੰਤਰੀ ਟੋਨੀ ਐਬਟ ਨੇ ਟੀਮ ਇੰਡੀਆ ਲਈ ਨਵੇਂ ਸਾਲ ਦੇ ਪਹਿਲੇ ਦਿਨ ਆਪਣੇ ਨਿਵਾਸ ਉਪਰ ਚਾਹ ਪਾਰਟੀ ਦਿੱਤੀ।’’
ਧੋਨੀ ਮਗਰੋਂ ਟੈਸਟ ਟੀਮ ਦੀ ਕਮਾਨ ਸੰਭਾਲਣ ਵਾਲੇ ਵਿਰਾਟ ਕੋਹਲੀ ਤੇ ਮਾਈਕਲ ਕਲਾਰਕ ਦੇ ਸੱਟ ਲੱਗਣ ਕਾਰਨ ਬਾਹਰ ਹੋਣ ਮਗਰੋਂ ਕਪਤਾਨੀ ਸੰਭਾਲਣ ਵਾਲੇ 23 ਸਾਲਾ ਆਸਟਰੇਲਿਆਈ ਕਪਤਾਨ ਸਟੀਵਨ ਸਮਿੱਥ ਨੇ ਵੀ ਇਕ ਫੋਟੋ ਖਿਚਵਾਈ।
ਭਾਰਤ ਨੇ ਇਥੇ ਛੇ ਜਨਵਰੀ ਤੋਂ ਸ਼ੁਰੂ ਹੋ ਰਹੀ ਸੀਰੀਜ਼ ਦੇ ਆਖਰੀ ਮੈਚ ਵਿੱਚ ਖੇਡਣਾ ਹੈ। ਟੀਮ ਇੰਡੀਆ ਇਹ ਲੜੀ 2-0 ਨਾਲ ਗੁਆ ਚੁੱਕੀ ਹੈ, ਪਰ ਉਸ ਨੇ ਮੈਲਬਰਨ ਵਿੱਚ ਹਾਰ ਦਾ ਸਿਲਸਿਲਾ ਤੋੜਦਿਆਂ ਮੈਚ ਡਰਾਅ ਕੀਤਾ ਸੀ।

Facebook Comment
Project by : XtremeStudioz