Close
Menu

ਟੋਰਾਂਟੋ ਗੋਲੀ ਕਾਂਡ: ਹਮਲਾਵਰ ਸਣੇ ਦੋ ਹਲਾਕ, 13 ਜ਼ਖਮੀ

-- 24 July,2018

ਟੋਰਾਂਟੋ, 24 ਜੁਲਾਈ, ਕੈਨੇਡਾ ਦੇ ਇਸ ਸਭ ਤੋਂ ਵੱਡੇ ਸ਼ਹਿਰ ਵਿੱਚ ਬੀਤੀ ਦੇਰ ਰਾਤ ਹੋਈ ਗੋਲੀਬਾਰੀ ਦੀ ਘਟਨਾ ਵਿਚ ਦੋ ਜਣਿਆਂ ਦੇ ਮਾਰੇ ਜਾਣ ਦੀ ਖਬਰ ਹੈ। ਪੁਲੀਸ ਮੁਤਾਬਕ 13 ਜਣੇ ਜ਼ਖ਼ਮੀ ਹੋਏ ਹਨ, ਜਨ੍ਹਿ‌ਾਂ ਵਿੱਚੋਂ 8-9 ਸਾਲ ਦੀ ਇਕ ਕੁੜੀ ਗੰਭੀਰ ਹਾਲਾਤ ਵਿੱਚ ਜ਼ੇਰੇ-ਇਲਾਜ ਹੈ। ਪੁਲੀਸ ਮੁਖੀ ਮਾਰਕ ਸਾਂਡਰਸ ਨੇ ਦੱਸਿਆ ਕਿ ਇਸ ਘਟਨਾ ਵਿਚ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਤੇ ਇਕ ਔਰਤ ਦੀ ਜਾਨ ਗਈ ਹੈ।
ਰਾਤ ਕੋਈ 10 ਵਜੇ ਗਰੀਕਟਾਊਨ ਇਲਾਕੇ ਵਿੱਚ ਭੀੜ-ਭੜੱਕੇ ਵਾਲੀ ਥਾਂ ਵਾਪਰੀ ਇਸ ਘਟਨਾ ਨੇ ਸਾਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿਤਾ ਹੈ। ਅਜੇ ਘਟਨਾ ਦੇ ਕਾਰਨਾਂ ਦੇ ਵੇਰਵੇ ਹਾਸਲ ਨਹੀਂ ਹੋਏ। ਚਸ਼ਮਦੀਦ ਲੋਕਾਂ ਮੁਤਾਬਕ ਇੱਕ ਗੋਰੇ ਵਿਅਕਤੀ ਨੇ ਇਕ ਰੈਸਟੋਰੈਂਟ ਵੱਲ ਆਉਂਦੇ ਸਾਰ ਪਿਸਤੌਲ ਨਾਲ ਅੰਨ੍ਹੇਵਾਹ 15-20 ਗੋਲੀਆਂ ਚਲਾਈਆਂ। ਇਸ ਕਾਰਨ ਰੈਸਟੋਰੈਂਟ ਵਿਚ ਬੈਠੇ ਲੋਕਾਂ ਵਿਚ ਹਫੜਾਦਫੜੀ ਮੱਚ ਗਈ ਅਤੇ ਲੋਕ ਜਾਨ ਬਚਾਉਣ ਲਈ ਇਧਰ-ਉੱਧਰ ਨੱਸੇ।
ਪੁਲੀਸ ਨੇ ਇਸ ਸਬੰਧੀ ਆਪਣੀ ਟਵੀਟ ਵਿੱਚ ਕਿਹਾ,  ‘‘ਇਕ ਔਰਤ ਮਾਰੀ ਗਈ ਹੈ। ਇਕ ਲੜਕੀ ਦੀ ਹਾਲਤ ਗੰਭੀਰ ਹੈ।’’ ਪੁਲੀਸ ਮੁਤਾਬਕ ਸ਼ੱਕੀ  ਹਮਲਾਵਰ ਨੇ ਪੁਲੀਸ ਉਤੇ ਵੀ ਗੋਲੀਆਂ ਚਲਾਈਆਂ। ਓਂਟਾਰੀਓ ਸੂਬੇ  ਦੇ ਨਵੇਂ ਪ੍ਰੀਮੀਅਰ ਨੇ ਵੀ ਇਸ ਘਟਨਾ ਉਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਆਪਣੀ ਟਵੀਟ  ਵਿੱਚ ਕਿਹਾ, ‘‘ਟੋਰਾਂਟੋ ਵਿੱਚ ਹੋਈ ਇਸ ਭਿਆਨਕ ਹਿੰਸਾ ਵਿੱਚ ਮਾਰੇ ਗਏ ਲੋਕਾਂ ਲਈ ਮੈਨੂੰ  ਦਿਲੋਂ ਅਫ਼ਸੋਸ ਹੈ।’’
ਅਜੇ ਦੋ ਹਫਤੇ ਪਹਿਲਾਂ ਕਿਸੇ ਅੱਤਿਵਾਦੀ ਹਮਲੇ ਬਾਰੇ ਗੁਪਤ ਸੂਚਨਾ ਮਿਲਣ ਕਾਰਨ ਪੁਲੀਸ ਚੌਕਸ ਸੀ ਤੇ ਪੁਲੀਸ ਨੇ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਨਫਰੀ ਵਧਾਈ ਹੋਈ ਸੀ। ਗ਼ੌਰਤਲਬ ਹੈ ਕਿ ਕੈਨੇਡਾ ਦੇ ਸੈਲਾਨੀ ਖਿੱਚ ਦੇ ਮਸ਼ਹੂਰ ਕੇਂਦਰ ਸੀਐਨ ਟਾਵਰ, ਵੰਡਰਲੈਂਡ, ਰੌਜਰਜ਼ ਸੈਂਟਰ ਅਤੇ ਮੁੱਖ ਰੇਲਵੇ ਸਟੇਸ਼ਨ ਉਤੇ ਅਤਿਵਾਦੀ ਹਮਲੇ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਇਨ੍ਹਾਂ ਥਾਵਾਂ ’ਤੇ ਵਿਸ਼ੇਸ਼ ਦਸਤੇ ਤਾਇਨਾਤ ਕੀਤੇ ਗਏ ਸਨ।

Facebook Comment
Project by : XtremeStudioz