Close
Menu

ਟੋਰੀਜ਼ ਨੇ ਜਿ਼ਮਨੀ ਚੋਣ ਜਿੱਤ ਕੇ ਵਿੰਨ ਨੂੰ ਦਿੱਤਾ ਵੱਡਾ ਝਟਕਾ

-- 02 June,2017

ਸੂ ਸੇਂਟ ਮੈਰੀ, 2 ਜੂਨ  ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਵੀਰਵਾਰ ਨੂੰ ਜਿ਼ਮਨੀ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਪ੍ਰੀਮੀਅਰ ਕੈਥਲੀਨ ਵਿੰਨ ਨੂੰ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ। 1981 ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰੀ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਨੇ ਅਹਿਮ ਉੱਤਰੀ ਹਲਕੇ ਸੂ ਸੇਂਟ ਮੈਰੀ ਉੱਤੇ ਜਿੱਤ ਹਾਸਲ ਕੀਤੀ।
ਪੀਸੀ ਆਗੂ ਪੈਟ੍ਰਿਕ ਬ੍ਰਾਊਨ ਦੀ ਲਿਬਰਲਾਂ ਉੱਤੇ ਇਹ ਲਗਾਤਾਰ ਪੰਜਵੀ ਜਿੱਤ ਹੈ। ਉਨ੍ਹਾਂ ਸਾਲਟ ਸਿਟੀ ਦੇ ਕਾਉਂਸਲਰ ਰੌਸ ਰੋਮਾਨੋ ਨੂੰ ਪ੍ਰੋਵਿੰਸ ਪੱਧਰੀ ਵੋਟਿੰਗ ਤੋਂ ਠੀਕ 12 ਮਹੀਨੇ ਪਹਿਲਾਂ ਸ਼ਹਿਰ ਦਾ ਨਵਾਂ ਐਮਪੀਪੀ ਬਣਾਇਆ ਹੈ। ਸਮਰਥਨ ਹਾਸਲ ਕਰਨ ਦੇ ਇਰਾਦੇ ਨਾਲ ਇਸ ਇਲਾਕੇ ਦਾ ਬ੍ਰਾਊਨ ਵੱਲੋਂ 10 ਵਾਰੀ ਦੌਰਾ ਕੀਤਾ ਗਿਆ। ਇੱਕ ਬਿਆਨ ਵਿੱਚ ਖੁਸ਼ੀ ਵਿੱਚ ਖੀਵੇ ਬ੍ਰਾਊਨ ਨੇ ਆਖਿਆ ਕਿ ਅੱਜ ਅਸੀਂ ਉਸ ਹਲਕੇ ਉੱਤੇ ਜਿੱਤ ਹਾਸਲ ਕੀਤੀ ਹੈ ਜਿਸ ਉੱਤੇ ਪਿਛਲੇ 30 ਸਾਲਾਂ ਵਿੱਚ ਅਸੀਂ ਕਦੇ ਜਿੱਤ ਦਰਜ ਨਹੀਂ ਸੀ ਕਰਾ ਸਕੇ।
ਉਨ੍ਹਾਂ ਇਹ ਵੀ ਆਖਿਆ ਕਿ ਵੋਟਰਜ਼ ਇਹ ਸਪਸ਼ਟ ਕਰ ਚੁੱਕੇ ਹਨ ਕਿ ਸਿਰਫ ਓਨਟਾਰੀਓ ਦੀ ਪੀਸੀ ਪਾਰਟੀ ਹੀ ਉਨ੍ਹਾਂ ਦੀ ਜਿੰ਼ਦਗੀ ਨੂੰ ਬਦਲ ਸਕਦੀ ਹੈ। ਇਹ ਵੀ ਲੋਕਾਂ ਨੂੰ ਸਮਝ ਆ ਚੁੱਕਿਆ ਹੈ ਕਿ ਪੀਸੀ ਪਾਰਟੀ ਤੋਂ ਬਿਨਾਂ ਸੂ ਸੇਂਟ ਮੈਰੀ ਤੇ ਉੱਤਰੀ ਓਨਟਾਰੀਓ ਦੀ ਸਹੀ ਮਾਇਨੇ ਵਿੱਚ ਬਾਂਹ ਫੜ੍ਹਨ ਵਾਲਾ ਕੋਈ ਨਹੀਂ ਹੈ।
ਰੋਮਾਨੋ ਨੇ ਵਿੰਨ ਮੰਤਰੀ ਮੰਡਲ ਦੇ ਸਾਬਕਾ ਮੰਤਰੀ ਡੇਵਿਡ ਓਰਾਜਿ਼ਏਟੀ ਨੂੰ ਬਦਲਣ ਲਈ 40.4 ਫੀ ਸਦੀ ਵੋਟਾਂ ਹਾਸਲ ਕੀਤੀਆਂ ਜਦਕਿ ਐਨਡੀਪੀ ਨੂੰ 32.9 ਫੀ ਸਦੀ ਵੋਟਾਂ ਮਿਲੀਆਂ। ਜਿ਼ਕਰਯੋਗ ਹੈ ਕਿ ਓਰਾਜਿ਼ਏਟੀ ਨੇ ਸੂ ਵਿੱਚ ਨਵਾਂ ਕਰੀਅਰ ਸ਼ੁਰੂ ਕਰਨ ਤੇ ਆਪਣੇ ਪਰਿਵਾਰ ਨੂੰ ਵਧੇਰੇ ਸਮਾਂ ਦੇਣ ਲਈ ਦਸੰਬਰ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬ੍ਰਾਊਨ ਨੇ ਆਖਿਆ ਕਿ ਇਹ ਜਿੱਤ ਲਿਬਰਲਾਂ ਲਈ ਇੱਕ ਹੋਰ ਚੇਤਾਵਨੀ ਹੈ।

Facebook Comment
Project by : XtremeStudioz