Close
Menu

ਡਰੱਗ ਕੰਟਰੋਲ ਬਾਰੇ ਪੰਜਾਬ ਵੱਲੋਂ ਯੂ.ਐਨ.ਓ.ਡੀ.ਸੀ. ਨਾਲ ਸਹਿਮਤੀ ਦਾ ਸਮਝੌਤਾ ਸਹੀਬੰਦ

-- 19 September,2013

187923_187670917939073_671556_n

ਚੰਡੀਗੜ੍ਹ, 19 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸੂਬੇ ਨੂੰ ਪੂਰਨ ਤੌਰ ‘ਤੇ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਨੇ ਨਸ਼ਿਆਂ ਦੀ ਤਸਕਰੀ ਵਿਰੁੱਧ ਮੁਹਿੰਮ ਸ਼ੁਰੂ ਕਰਦਿਆਂ ਸੰਯੁਕਤ ਰਾਸ਼ਟਰ ਦਫਤਰ ਨਸ਼ੇ ਅਤੇ ਜ਼ੁਰਮ (ਯੂ.ਐਨ.ਓ.ਡੀ.ਸੀ.) ਨਾਲ ਆਪਸੀ ਸਹਿਮਤੀ ਦਾ ਸਮਝੌਤਾ (ਐਮ.ਓ.ਯੂ.) ਸਹੀਬੰਦ ਕੀਤਾ ਹੈ।

ਇਹ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਸਮਝੌਤਾ ਯੂ.ਐਨ.ਓ.ਡੀ.ਸੀ. ਦੇ ਖੇਤਰੀ ਪ੍ਰਤੀਨਿਧ ਸ੍ਰੀਮਤੀ ਕ੍ਰਿਸਟੀਨਾ ਐਲਬਰਟਨ ਅਤੇ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਐਸ.ਬੈਂਸ ਵੱਲੋਂ ਸਹੀਬੱਧ ਕੀਤਾ ਗਿਆ ਜਿਸ ਤਹਿਤ ਦੋਵੇਂ ਧਿਰਾਂ ਨਸ਼ਿਆਂ ਦੇ ਵਪਾਰ ਨੂੰ ਰੋਕਣ ਲਈ ਸਾਂਝੀ ਰਣਨੀਤੀ ਤਹਿਤ ਕੰਮ ਕਰਨਗੇ। ਇਸ ਮੌਕੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੀ ਹਾਜ਼ਰ ਸਨ।

ਮੁੱਖ ਮੰਤਰੀ ਬਾਦਲ ਵੱਲੋਂ ਨਸ਼ਿਆਂ ਦੀ ਅਲਾਮਤ ਦੇ ਪਸਾਰ ਬਾਰੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਸੂਬਾ ਸਰਕਾਰ ਨਸ਼ਿਆਂ ਦੇ ਪੂਰਨ ਖਾਤਮੇ ਪ੍ਰਤੀ ਵਚਨਬੱਧ ਹੈ ਅਤੇ ਉਹ ਯੂ.ਐਨ.ਓ.ਡੀ.ਸੀ. ਨਾਲ ਮਿਲ ਕੇ ਨਸ਼ਿਆਂ ਦੇ ਵਪਾਰ ‘ਤੇ ਨੱਥ ਪਾਉਣ ਲਈ ਪੂਰੀ ਚਾਰਾਜੋਈ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਛੇਤੀ ਹੀ ਇਹ ਮਾਮਲਾ ਪ੍ਰਧਾਨ ਮੰਤਰੀ ਦੇ ਧਿਆਨ ਵਿੱਚ ਵੀ ਲਿਆ ਕੇ ਇਹ ਅਪੀਲ ਕਰਨਗੇ ਕਿ ਰਾਜਸਥਾਨ ਤੋਂ ਅੰਤਰ ਰਾਜੀ ਸਰਹੱਦ ਰਾਹੀਂ ਪੰਜਾਬ ਵਿੱਚ ਨਸ਼ਿਆਂ ਦੀ ਗੈਰ-ਕਾਨੂੰਨੀ ਆਮਦ ਨੂੰ ਰੋਕਿਆ ਜਾਵੇ।

ਮੁੱਖ ਮੰਤਰੀ ਨੇ ਯੂ.ਐਨ.ਓ.ਡੀ.ਸੀ. ਦੇ ਪ੍ਰਤੀਨਿਧਾਂ ਨੂੰ ਨਸ਼ਿਆਂ ਦੀ ਅਲਾਮਤ ਅਤੇ ਇਸ ਨਾਲ ਸਬੰਧਤ ਹੋਰ ਗੈਰ-ਕਾਨੂੰਨੀ ਕਾਰੋਬਾਰਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਨਾਲ ਮਿਲ ਕੇ ਵਿਸਤ੍ਰਿਤ ਨੀਤੀ ਬਣਾਉਣ ਦੀ ਅਪੀਲ ਵੀ ਕੀਤੀ।

ਪੰਜਾਬ ਸਰਕਾਰ ਨਾਲ ਕੀਤੇ ਗਏ ਸਮਝੌਤੇ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਯੂ.ਐਨ.ਓ.ਡੀ.ਸੀ. ਦੀ ਪ੍ਰਤੀਨਿਧ ਕ੍ਰਿਸਟੀਨਾ ਐਲਬਰਟਨ ਨੇ ਕਿਹਾ ਕਿ ਨਸ਼ਿਆਂ ‘ਤੇ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਨਾਲ ਸਹਿਮਤੀ ਵਾਲੇ ਖੇਤਰਾਂ ਵਿੱਚ ਸਾਂਝੀ ਰਣਨੀਤੀ ‘ਤੇ ਕੰਮ ਕੀਤਾ ਜਾਵੇਗਾ।

ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਅਤੇ ਕੌਮੀ ਮਾਮਲਿਆਂ ਦੇ ਸਲਾਹਕਾਰ ਸ੍ਰੀ ਹਰਚਰਨ ਬੈਂਸ, ਮੁੱਖ ਸਕੱਤਰ ਸ੍ਰੀ ਰਾਕੇਸ਼ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ.ਚੀਮਾ, ਪ੍ਰਮੁੱਖ ਸਕੱਤਰ ਸਮਾਜਿਕ ਸੁਰੱਖਿਆ ਸ੍ਰੀ ਜਗਪਾਲ ਸਿੰਘ, ਸਕੱਤਰ ਸਿਹਤ ਸ੍ਰੀ ਹੁਸਨ ਲਾਲ, ਸਕੱਤਰ ਸਿੱਖਿਆ ਸ੍ਰੀਮਤੀ ਅੰਜਲੀ ਭਾਵੜਾ, ਏ.ਡੀ.ਜੀ.ਪੀ. ਵਿਜੀਲੈਂਸ ਸ੍ਰੀ ਹਰਦੀਪ ਢਿੱਲੋਂ, ਡਾਇਰੈਕਟਰ ਸਿਹਤ ਸ੍ਰੀ ਅਸ਼ੋਕ ਨਈਅਰ, ਯੂ.ਐਨ.ਓ.ਡੀ.ਸੀ. ਦੇ ਖੇਤਰੀ ਪ੍ਰੋਗਰਾਮ ਸੰਯੋਜਕ ਸ੍ਰੀ ਰਾਜੀਵ ਵਾਲੀਆ ਸਮੇਤ ਸੂਬੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Facebook Comment
Project by : XtremeStudioz