Close
Menu

ਡਰੱਗ ਰੈਕੇਟ ਦੇ ਮਾਮਲੇ ਚ ਕਾਂਗਰਸ ਨੇ ਸੁਖਬੀਰ ਤੇ ਮਜੀਠੀਆ ਦਾ ਅਸਤੀਫਾ ਮੰਗਿਆ

-- 19 November,2013

pcਜਲੰਧਰ,19 ਨਵੰਬਰ (ਦੇਸ ਪ੍ਰਦੇਸ ਟਾਈਮਜ਼)-ਕਾਂਗਰਸ ਪਾਰਟੀ ਨੇ ਕਿਹਾ ਹੈ ਕਿ ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਡਰੱਗ ਮਾਫੀਆ ਨੂੰ ਅਕਾਲੀ ਭਾਜਪਾ ਦਾ ਸਮਰਥਨ ਪ੍ਰਾਪਤ ਹੈ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਪੰਜਾਬ ‘ਚ ਡਰੱਗ ਮਾਫੀਆ ਤੇ ਇਨ੍ਹਾਂ ਦੀਆਂ ਗਤੀਵਿਧੀਆਂ ਨੂੰ ਸ਼ੈਅ ਦੇਣ ‘ਚ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਰਹੇ ਹਨ।

ਇਥੇ ਜਾਰੀ ਸਾਂਝੇ ਬਿਆਨ ‘ਚ ਵਿਧਾਨਕਾਰ ਤੇ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਤਰਲੋਚਨ ਸਿੰਘ ਸੂੰਦ, ਸਾਬਕਾ ਵਿਧਾਨਕਾਰ ਅਮਰਜੀਤ ਸਿੰਘ ਸਮਰਾ, ਜਗਬੀਰ ਸਿੰਘ ਬਰਾੜ, ਜਿਲ੍ਹਾ ਕਾਂਗਰਸ ਜਲੰਧਰ ਦਿਹਾਤੀ ਦੇ ਪ੍ਰਧਾਨ ਕੰਵਲਜੀਤ ਸਿੰਘ ਲਾਲੀ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਕਿਹਾ ਹੈ ਕਿ ਡਰੱਗ ਮਾਫੀਆ ਸਬੰਧੀ ਖ਼ਬਰਾਂ ਨਾਲ ਅਖਬਾਰਾਂ ਭਰੀਆਂ ਹੋਣ ਅਤੇ ਪੁਲਿਸ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਬਾਵਜੂਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੀਆਂ ਅੰਖਾਂ ਤੇ ਕੰਨ ਬੰਦ ਕਰ ਲੈਣ ‘ਤੇ ਪੰਜਾਬ ਦੇ ਲੋਕ ਹੈਰਾਨ ਹਨ। ਕਾਂਗਰਸੀ ਆਗੂਆਂ ਨੇ ਬਾਦਲ ਨੂੰ ਮਾਮਲੇ ‘ਚ ਕਾਰਵਾਈ ਕਰਨ ਅਤੇ ਆਪਣੀ ਪਾਰਟੀ ਦੀ ਗਲਤੀ ਮੰਨਣ ਲਈ ਕਿਹਾ ਹੈ। ਮਗਰ ਅਫਸੋਸ ਹੈ ਕਿ ਮੁੱਖ ਮੰਤਰੀ ਇਕ ਚੇਹਰੇ ਨੂੰ ਬਚਾਉਣ ਖਾਤਿਰ ਡਰੱਗ ਰੈਕੇਟ ਦੇ ਤੱਥਾਂ ਨੂੰ ਬਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ।

ਕਾਂਗਰਸੀ ਆਗੂਆਂ ਨੇ ਹੈਰਾਨੀ ਜਾਹਿਰ ਕੀਤੀ ਹੈ ਕਿ ਨਸ਼ਾ ਤਸਕਰ ਰੈਕੇਟ ਦੇ ਮੁੱਖ ਸਰਗਨਾ ਜਗਦੀਸ਼ ਭੋਲਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਐਕਸਕੋਰਟ ਕੀਤੇ ਜਾਂਦੇ ਲਾਲ ਬੱਤੀ ਵਾਲੇ ਵਾਹਨ ‘ਚ ਨਸ਼ਾ ਤਸਕਰੀ ਕਰਦਾ ਸੀ। ਮਾਮਲੇ ‘ਚ ਯੂਥ ਅਕਾਲੀ ਦਲ ਦੇ ਇਕ ਸੀਨੀਅਰ ਆਗੂ ਮਨਿੰਦਰ ਸਿੰਘ ਔਲਖ ਦੀ ਗ੍ਰਿਫਤਾਰੀ ਦੇ ਨਾਲ ਸਾਰਾ ਡਰੱਗ ਰੈਕੇਟ ਸਾਹਮਣੇ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਔਲਖ ਮਜੀਠੀਆ ਦਾ ਚਹੇਤਾ ਸੀ, ਜਿਹੜਾ ਉਸ ਨਾਲ ਰੋਜਾਨਾ ਸੰਪਰਕ ‘ਚ ਰਹਿੰਦਾ ਸੀ। ਔਲਖ ਮਜੀਠੀਆ ਦੇ ਇੰਨਾ ਕਰੀਬ ਸੀ ਕਿ ਉਸਨੇ ਬੀਤੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਟਿਕਟ ‘ਤੇ ਦਾਅਵਾ ਕੀਤਾ ਸੀ।

ਕਾਂਗਰਸੀ ਆਗੂਆਂ ਨੇ ਕਿਹਾ ਕਿ ਸੁਖਬੀਰ ਤੇ ਮਜੀਠੀਆ ਦੇ ਚਰਿੱਤਰ ਨੇ ਪੰਜਾਬ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਨੇ ਜਦੋਂ 2007 ਤੇ 2012 ‘ਚ ਆਪਣਾ ਅਹੁਦਾ ਸੰਭਾਲਿਆ ਸੀ, ਉਨ੍ਹਾਂ ਨੇ ਨਸ਼ਾਖੋਰੀ ਦੀ ਸਮੱਸਿਆ ਨੂੰ ਸਖ਼ਤੀ ਨਾਲ ਨਿਪਟਣ ਦਾ ਐਲਾਨ ਕੀਤਾ ਸੀ, ਮਗਰ ਇਸਦੇ ਉਲਟ ਨਸ਼ਾ ਮਾਫੀਆ ਦਾ ਨੇਟਵਰਕ ਹੋਰ ਵੀ ਵੱਧਿਆ ਹੈ। ਸੁਖਬੀਰ ਪਹਿਲਾਂ ਹੀ ਪੰਜਾਬ ਦੀ ਅਰਥ ਵਿਵਸਥਾ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਚੁੱਕੇ ਹਨ, ਜਿਨ੍ਹਾਂ ਨੇ ਇਥੋਂ ਦੇ ਉਦਯੋਗ ਤੇ ਵਪਾਰ ਨੂੰ ਉਜਾੜ ਦਿੱਤਾ ਹੈ, ਉਨ੍ਹਾਂ ਦੀ ਦਖਲਅੰਦਾਜੀ ਕਾਰਨ ਸਿੱਖਿਆ ਤੇ ਸਿਹਤ ਪ੍ਰਣਾਲੀ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ ਅਤੇ ਪੰਜਾਬ ਦੇ ਨੌਜਵਾਨਾਂ ਦੀ ਜਿੰਦਗੀ ਨੂੰ ਬਰਬਾਦ ਕਰ ਦਿੱਤਾ ਹੈ। ਅਜਿਹੇ ‘ਚ ਜੇਕਰ ਅਕਾਲੀ ਦੀ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਜਾਰੀ ਰਹਿਣ ਦਿੱਤਾ ਗਿਆ ਤਾਂ ਭਵਿੱਖ ‘ਚ ਪੰਜਾਬ ਨਸ਼ੇੜੀਆਂ ਲਈ ਜਾਣਿਆ ਜਾਵੇਗਾ।

ਨਸ਼ਾਖੋਰੀ ਦਾ ਸੱਭ ਤੋਂ ਜਿਆਦਾ ਪ੍ਰਭਾਵ ਮਾਲਵਾ ਖੇਤਰ ‘ਤੇ ਪਿਆ ਹੈ ਅਤੇ ਆਦਤਾਂ ਬਿਗਾੜਨ ਵਾਲੀਆਂ ਦਵਾਈਆਂ ਅਸਾਨੀ ਨਾਲ ਮੈਡੀਕਲ ਦੁਕਾਨਾਂ ‘ਤੇ ਉਪਲਬਧ ਹਨ। ਦਿਨੋਂ ਦਿਨ ਵਧ ਰਹੀ ਬੇਰੁਜਗਾਰੀ ਕਾਰਨ ਪੰਜਾਬ ਦੇ ਲੋਕ ਗਹਿਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਅਜਿਹੇ ਹਾਲਾਤਾਂ ‘ਚ ਉਹ ਨਸ਼ਿਆਂ ਦੇ ਦਲਦਲ ‘ਚ ਧੱਸਦੇ ਜਾ ਰਹੇ ਹਨ।

ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਤੋਂ ਸਿੰਥੇਟਿਕ ਡਰੱਗ ਮਾਮਲੇ ਨੂੰ ਸੀ.ਬੀ.ਆਈ ਦੇ ਹਵਾਲੇ ਕਰਨ ਦੀ ਮੰਗ ਕੀਤੀ ਹੈ ਅਤੇ ਸੁਖਬੀਰ ਤੇ ਮਜੀਠੀਆ ਨੂੰ ਉਨ੍ਹਾਂ ਦੇ ਬੇਗੁਨਾਹ ਸਾਬਤ ਹੋਣ ਤੱਕ ਅਹੁਦੇ ਤੋਂ ਹੱਟ ਜਾਣ ਲਈ ਕਿਹਾ ਹੈ। ਬਾਦਲਾਂ ਦੀ ਪੈਸੇ ਤੇ ਸੱਤਾ ਦੀ ਲਾਲਚ ਕਾਰਨ ਪੰਜਾਬ ਬਹੁਤ ਕੁਝ ਭੋਗ ਚੁੱਕਾ ਹੈ। ਚੋਣਾਂ ਦੌਰਾਨ ਵੋਟਰਾਂ ‘ਤੇ ਪ੍ਰਭਾਵ ਪਾਉਣ ਲਈ ਨਸ਼ੇ ਤੇ ਪੈਸੇ ਦੀ ਤਾਕਤ ਬਾਦਲ ਪਰਿਵਾਰ ਦਾ ਟਰੇਡ ਮਾਰਕ ਬਣ ਚੁੱਕੇ ਹਨ। ਇਨ੍ਹਾਂ ਨੂੰ ਨਹੀਂ ਅਹਿਸਾਸ ਕਿ ਇਹ ਪੰਜਾਬ ਦਾ ਕਿੰਨਾ ਨੁਕਸਾਨ ਕਰ ਚੁੱਕੇ ਹਨ।

Facebook Comment
Project by : XtremeStudioz