Close
Menu

ਡਾ.ਚੀਮਾ ਵੱਲੋਂ ਅਗਲੇ ਸਾਲ ਤੋਂ ਅਧਿਆਪਕ ਦਿਵਸ ਮੌਕੇ ਦੋ ਅਧਿਆਪਕਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇਣ ਦਾ ਐਲਾਨ

-- 10 September,2015

ਚੰਡੀਗੜ੍ਹ,10  ਸਤਬੰਰ:  ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਕ ਅਹਿਮ ਫੈਸਲਾ ਲੈਂਦਿਆਂ ਇਹ ਐਲਾਨ ਕੀਤਾ ਕਿ ਅਗਲੇ ਸਾਲ ਅਧਿਆਪਕ ਦਿਵਸ ਮੌਕੇ 2 ਅਧਿਆਪਕਾਂ ਨੂੰ ਉਮਰ ਭਰ ਦੀਆਂ ਸੇਵਾਵਾਂ ਬਦਲੇ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਦਿੱਤਾ ਜਾਵੇਗਾ। ਉਨ੍ਹਾਂ ਇਹ ਗੱਲ ਅੱਜ ਇਥੇ ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ ਵਿਖੇ ਇਸ ਵਰ੍ਹੇ ਅਧਿਆਪਕ ਦਿਵਸ ਮੌਕੇ ਕੌਮੀ ਐਵਾਰਡ ਹਾਸਲ ਕਰਨ ਵਾਲੇ 9 ਅਧਿਆਪਕਾਂ ਨੂੰ ਸਨਮਾਨਤ ਕਰਨ ਮੌਕੇ ਕਹੀ।

ਡਾ.ਚੀਮਾ ਨੇ ਕਿਹਾ ਕਿ ਇਸ ਐਵਾਰਡ ਨੂੰ ਸ਼ੁਰੂ ਕਰਨ ਦਾ ਮੰਤਵ ਸਟੇਟ ਤੇ ਕੌਮੀ ਐਵਾਰਡ ਜਿੱਤਣ ਵਾਲੇ ਅਧਿਆਪਕਾਂ ਨੂੰ ਹੋਰ ਚੰਗਾ ਕੰਮ ਕਰਨ ਲਈ ਉਤਸ਼ਾਹਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਕੈਟੇਗਰੀ ਲਈ ਸਮੂਹ ਅਧਿਆਪਕਾਂ ਵਿੱਚੋਂ ਚੋਣ ਕੀਤੀ ਜਾਵੇਗੀ ਜਿਸ ਵਿੱਚ ਸਟੇਟ ਤੇ ਕੌਮੀ ਐਵਾਰਡ ਹਾਸਲ ਕਰਨ ਵਾਲੇ ਅਧਿਆਪਕ ਵੀ ਸ਼ਾਮਲ ਹੋਣਗੇ। ਇਕ ਪੁਰਸ਼ ਤੇ ਇਕ ਮਹਿਲਾ ਅਧਿਆਪਕ ਨੂੰ ਉਮਰ ਭਰ ਬਿਹਤਰੀਨ ਸੇਵਾਵਾਂ ਨਿਭਾਉਣ ਬਦਲੇ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਦਿੱਤਾ ਜਾਵੇਗਾ।

ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਵਰ੍ਹੇ ਅਧਿਆਪਕ ਦਿਵਸ ਦੇ ਕੌਮੀ ਪੱਧਰੀ ਸਮਾਗਮ ਦੌਰਾਨ ਦੇਸ਼ ਦੇ ਰਾਸ਼ਟਰਪਤੀ ਨੇ ਪੰਜਾਬ ਦੇ 9 ਅਧਿਆਪਕਾਂ ਨੂੰ ਕੌਮੀ ਐਵਾਰਡ ਨਾਲ ਸਨਮਾਨਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਵਿਭਾਗ ਨੇ ਸੂਬਾਈ ਪੱਧਰ ‘ਤੇ ਸਕੀਰਨਿੰਗ ਉਪਰੰਤ 9 ਅਧਿਆਪਕਾਂ ਦੇ ਨਾਵਾਂ ਨੂੰ ਕੌਮੀ ਐਵਾਰਡ ਦੀ ਚੋਣ ਲਈ ਭੇਜਿਆ ਸੀ ਅਤੇ ਭਾਰਤ ਸਰਕਾਰ ਨੇ ਸਾਰੇ 9 ਅਧਿਆਪਕਾਂ ਨੂੰ ਹੀ ਕੌਮੀ ਐਵਾਰਡ ਦੇ ਕੇ ਪੰਜਾਬ ਵੱਲੋਂ ਕੀਤੀ ਸਹੀ ਤੇ ਪਾਰਦਰਸ਼ੀ ਚੋਣ ‘ਤੇ ਆਪਣੀ ਮੋਹਰ ਲਗਾਈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਿਛਲੇ ਸਮੇਂ ਵਿੱਚ ਪੰਜਾਬ ਦੇ 15 ਅਧਿਆਪਕਾਂ ਨੂੰ ਮਾਲਤੀ ਗਿਆਨ ਪੀਠ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ ਜਿਸ ਵਿੱਚ ਹਰ ਅਧਿਆਪਕ ਨੂੰ 1-1 ਲੱਖ ਰੁਪਏ ਨਾਲ ਸਨਮਾਨਤ ਕੀਤਾ।

ਸਿੱਖਿਆ ਮੰਤਰੀ ਨੇ ਅੱਜ ਕੌਮੀ ਐਵਾਰਡ ਹਾਸਲ ਕਰਨ ਵਾਲੇ 9 ਅਧਿਆਪਕਾਂ ਅਤੇ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਨੂੰ ਸ੍ਰੀ ਬਲਬੀਰ ਸਿੰਘ ਢੋਲ ਸਨਮਾਨਤ ਕੀਤਾ। ਇਸ ਮੌਕੇ ਸ਼੍ਰੌਮਣੀ ਕਮੇਟੀ ਮੈਂਬਰ ਸ. ਅਮਰਜੀਤ ਸਿੰਘ ਚਾਵਲਾ ਵੀ ਹਾਜ਼ਰ ਸਨ। ਸਿੱਖਿਆ ਮੰਤਰੀ ਵੱਲੋਂ ਸਨਮਾਨਤ ਕੀਤੇ 9 ਕੌਮੀ ਐਵਾਰਡ ਜੇਤੂ 9 ਅਧਿਆਪਕਾਂ ਵਿੱਚ ਪ੍ਰਿੰਸੀਪਲ ਸੁਖਬੀਰ ਸਿੰਘ ਬੱਲ, ਪ੍ਰਿੰਸੀਪਲ ਗੁਰਜਿੰਦਰ ਕੌਰ, ਲੈਕਚਰਾਰ ਬਰਜਿੰਦਰ ਪਾਲ ਸਿੰਘ, ਲੈਕਚਰਾਰ ਮਨਜੀਤ ਕੌਰ, ਸਾਇੰਸ ਮਾਸਟਰ ਹਰਦੇਵ ਸਿੰਘ, ਪੰਜਾਬੀ ਮਾਸਟਰ ਮੱਖਣ ਸਿੰਘ, ਪੀ.ਟੀ.ਆਈ. ਸੁਦਾਗਰ ਸਿੰਘ, ਈ.ਟੀ.ਟੀ. ਅਧਿਆਪਕ ਗੁਰਪ੍ਰੀਤ ਸਿੰਘ ਤੇ ਸੋਹਣ ਲਾਲ ਸ਼ਾਮਲ ਸਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੌਮੀ ਐਵਾਰਡ ਜੇਤੂ ਅਧਿਆਪਕਾਂ ਨੂੰ ਅਗਲੇ ਸਾਲ ਅਧਿਆਪਕ ਦਿਵਸ ਦੇ ਰਾਜ ਪੱਧਰੀ ਸਮਾਰੋਹ ਮੌਕੇ ਸਨਮਾਨਿਤ ਕੀਤਾ ਜਾਂਦਾ ਹੈ ਪਰ ਇਸ ਵਾਰ ਸਿੱਖਿਆ ਮੰਤਰੀ ਨੇ ਕੌਮੀ ਐਵਾਰਡ ਜੇਤੂ ਅਧਿਆਪਕਾਂ ਨੂੰ ਸਨਮਾਨ ਮਿਲਣ ਤੋਂ ਤੁਰੰਤ ਬਾਅਦ ਸਨਮਾਨਤ ਕਰਨ ਦਾ ਫੈਸਲਾ ਕੀਤਾ ਗਿਆ।

Facebook Comment
Project by : XtremeStudioz