Close
Menu

ਡੇਰਾ ਪ੍ਰੇਮੀਆਂ ਦੇ ਵਿਰੋਧ ਕਾਰਨ ਵਧਾਈ ਸਿਨੇਮਾ ਘਰਾਂ ਦੀ ਸੁਰੱਖਿਆ

-- 21 September,2015

ਲੁਧਿਆਣਾ, 21 ਸਤੰਬਰ
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਦੂਸਰੀ ਫ਼ਿਲਮ ਐਮਐਸਜੀ -2 ਭਾਵੇਂ ਲੁਧਿਆਣਾ ਵਿੱਚ ਰਿਲੀਜ਼ ਨਹੀਂ ਹੋਈ ਅਤੇ ਇਸ ਫਿਲਮ ’ਤੇ ਕੋਈ ਬੈਨ ਵੀ ਨਹੀਂ ਸੀ ਪਰ ਇਸ ਮੁੱਦੇ ਨੂੰ ਲੈ ਕੇ ਅੱਜ ਡੇਰਾ ਪ੍ਰੇਮੀਆਂ ਨੇ ਜਦੋਂ ਢੰਡਾਰੀ ਕਲਾਂ ਦੇ ਕੌਮੀ ਸ਼ਾਹਮਾਰਗ ਅਤੇ ਰੇਲਗੱਡੀਆਂ ਦੀ ਲਾਈਨਾਂ ’ਤੇ ਪ੍ਰਦਰਸ਼ਨ ਕੀਤਾ ਤਾਂ ਪੁਲੀਸ ਨੇ ਸੁਰੱਖਿਆ ਪ੍ਰਬੰਧਾਂ ਨੂੰ ਵੇਖਦਿਆਂ ਸ਼ਹਿਰ ਦੇ ਜ਼ਿਆਦਾਤਰ ਸਿਨੇਮਾ ਘਰਾਂ ਦੇ ਬਾਹਰ ਪੁਲੀਸ ਸੁਰੱਖਿਆ ਵਧਾ ਦਿੱਤੀ। ਛੁੱਟੀ ਕਾਰਨ ਸ਼ਹਿਰ ਦੇ ਸ਼ਾਪਿੰਗ ਮਾਲਾਂ ਵਿੱਚ ਸਥਿਤ ਮਲਟੀਪਲੈਕਸ ਸਿਨੇਮਾ ਘਰਾਂ ਵਿੱਚ ਕਾਫ਼ੀ ਭੀੜ ਹੁੰਦੀ ਹੈ। ਬੀਤੇ ਦਿਨੀਂ ਵੀ ਪੁਲੀਸ ਨੇ ਡੇਰਾ ਪ੍ਰੇਮੀਆਂ ਵੱਲੋਂ ਮਾਲਵਾ ਬੈਲਟ ’ਚ ਵਿਰੋਧ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਲੁਧਿਆਣਾ ਵਿੱਚ ਅਲਰਟ ਜਾਰੀ ਕਰ ਦਿੱਤਾ ਸੀ। ਸ਼ਹਿਰ ’ਚ ਅੱਜ ਸਾਰੇ ਮਲਟੀਪਲੈਕਸਾਂ ਅਤੇ ਸਿਨੇਮਾ ਘਰਾਂ ਦੇ ਬਾਹਰ ਦੇਰ ਦੁਪਹਿਰ ਤੋਂ ਬਾਅਦ ਪੁਲੀਸ ਨੇ ਸੁਰੱਖਿਆ ਪ੍ਰਬੰਧ ਕਰੜੇ ਕਰ ਦਿੱਤੇ। ਪੁਲੀਸ ਨੇ ਸਿਨੇਮਾ ਘਰਾਂ ਦੇ ਕੋਲ ਨਾਕਾਬੰਦੀ ਕਰ ਦਿੱਤੀ ਅਤੇ ਉੱਥੇ ਆਉਣ ਵਾਲੇ ਹਰ ਸ਼ੱਕੀ ਵਿਅਕਤੀ ਦੀ ਤਲਾਸ਼ੀ ਲਈ ਗਈ। ਐਤਵਾਰ ਨੂੰ ਡੇਰਾ ਪ੍ਰੇਮੀਆਂ ਵੱਲੋਂ ਪਹਿਲਾਂ ਕੌਮੀ ਸ਼ਾਹਮਾਰਗ ਅਤੇ ਢੰਡਾਰੀ ਰੇਲਵੇ ਸਟੇਸ਼ਨ ’ਤੇ ਰੇਲ ਗੱਡੀਆਂ ਰੋਕਣ ਦੇ ਵਿਰੋਧ ਤੋਂ ਬਾਅਦ ਸ਼ਹਿਰ ਦੀ ਪੁਲੀਸ ਨੇ ਫਿਰੋਜ਼ਪੁਰ ਰੋਡ ਸਥਿਤ ਸ਼ਾਪਿੰਗ ਮਾਲਜ਼ ਦੇ ਬਾਹਰ ਵੀ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ। ਹਰ ਮਾਲ ਦੇ ਬਾਹਰ ਵੱਡੀ ਗਿਣਤੀ ’ਚ ਪੁਲੀਸ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਸਨ।

Facebook Comment
Project by : XtremeStudioz