Close
Menu

ਡੇਰਾ ਮੁਖੀ ਨੂੰ ਮਿਲੀ ਮੁਅਾਫ਼ੀ

-- 25 September,2015

ਅੰਮ੍ਰਿਤਸਰ, 25 ਸਤੰਬਰ: ਪੰਜ ਸਿੰਘ ਸਾਹਿਬਾਨ ਦੀ ਅੱਜ ੲਿਥੇ ਹੰਗਾਮੀ ਇਕੱਤਰਤਾ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੂੰ 2007 ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਉਣ ਦੇ ਮਾਮਲੇ ਵਿੱਚ ਉਸ ਵੱਲੋਂ ਭੇਜੇ ਗਏ ਸਪੱਸ਼ਟੀਕਰਨ ਦੇ ਆਧਾਰ ’ਤੇ ਮੁਅਾਫ਼ੀ ਦੇ ਦਿੱਤੀ ਗਈ ਹੈ। ਉਸਨੂੰ ਹਦਾਇਤ ਕੀਤੀ ਹੈ ਕਿ ਭਵਿੱਖ ਵਿੱਚ ਉਹ ਕੋਈ ਅਜਿਹਾ ਸਵਾਂਗ ਨਾ ਕਰੇ, ਜਿਸ ਨਾਲ ਸਿੱਖ ਪੰਥ ਤੇ ਹੋਰ ਧਰਮਾਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇ। ਪੰਜ ਸਿੰਘ ਸਾਹਿਬਾਨ ਵੱਲੋਂ ਚੁੱਪ ਚਪੀਤੇ ਕੀਤੇ ਇਸ ਫੈਸਲੇ ਦਾ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਵਿਰੋਧ ਕਰਦਿਆਂ ਸਰਬੱਤ ਖਾਲਸਾ ਸੱਦਣ ਦੀ ਮੰਗ ਕੀਤੀ ਗਈ ਹੈ।
ਅੱਜ ਇਥੇ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ, ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਤਖ਼ਤ ਹਜ਼ੂਰ ਸਾਹਿਬ ਤੋਂ ਗਿਆਨੀ ਰਾਮ ਸਿੰਘ ਸ਼ਾਮਲ ਸਨ। ਇਕੱਤਰਤਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਅੱਜ ਦੀ ਇਕੱਤਰਤਾ ਵਿੱਚ ਡੇਰਾ ਮੁਖੀ ਵੱਲੋਂ ਭੇਜੇ ਗਏ ਸਪੱਸ਼ਟੀਕਰਨ ’ਤੇ ਵਿਚਾਰ ਕੀਤਾ ਗਿਆ ਹੈ। ਇਹ ਸਪੱਸ਼ਟੀਕਰਨ ਡੇਰੇ ਮੁਖੀ ਵੱਲੋਂ ਆਪਣੇ ਨੁਮਾਇੰਦਿਆਂ ਰਾਹੀਂ ਭੇਜਿਆ ਗਿਆ ਹੈ। ਉਸ ਵੱਲੋਂ ਸਪੱਸ਼ਟੀਕਰਨ ਦੇ ਨਾਲ ਇਕ ਸੀਡੀ ਭੇਜੀ ਹੈ,  ਜਿਸ ਵਿੱਚ ਉਹ ਇਹ ਸਪੱਸ਼ਟੀਕਰਨ ਦੇ ਰਿਹਾ ਹੈ। ਜਥੇਦਾਰ ਨੇ  ਕਿਹਾ ਕਿ ਇਸ ਮਾਮਲੇ ਨੂੰ ਪੰਥਕ ਰਵਾਇਤਾਂ ਅਨੁਸਾਰ ਵਿਚਾਰਦਿਆਂ ਸਪੱਸ਼ਟੀਕਰਨ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਆਖਿਆ ਕਿ ਸਪੱਸ਼ਟੀਕਰਨ ਨੂੰ ਪ੍ਰਵਾਨ ਕਰਨ ਦਾ ਭਾਵ ਉਸਨੂੰ ਮੁਅਾਫੀ ਦੇਣਾ ਹੀ ਹੈ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਡੇਰਾ ਮੁਖੀ ਦੀ ਫਿਲਮ ‘ਮੈਸੰਜਰ ਆਫ ਗੌਡ’ ਨੂੰ ਚਲਾਉਣ  ਲਈ ਹਰੀ ਝੰਡੀ ਦੇਣ ਬਾਰੇ ਆਖਿਆ ਕਿ ਉਨ੍ਹਾਂ ਦਾ ਫਿਲਮ ਨਾਲ ਕੋਈ ਸਬੰਧ ਨਹੀਂ ਹੈ। ਇਸ ਬਾਰੇ ਸਰਕਾਰ ਨੇ ਫੈਸਲਾ ਕਰਨਾ ਹੈ। ਉਨ੍ਹਾਂ ਬਡ਼ੇ ਦਾਅਵੇ ਨਾਲ ਕਿਹਾ ਕਿ ਸਪੱਸ਼ਟੀਕਰਨ ’ਤੇ ਡੇਰਾ ਮੁਖੀ ਦੇ ਹੀ ਦਸਤਖ਼ਤ ਹਨ। ਇਸੇ ਲਈ ਹੀ ਇਸ ’ਤੇ ਵਿਚਾਰ ਕੀਤਾ ਗਿਆ ਹੈ। ਇਸ ਤੋਂ ਕੁਝ ਵਰ੍ਹੇ ਪਹਿਲਾਂ ਵੀ ਇਸੇ ਤਰ੍ਹਾਂ ਦੇ ਭੇਜੇ ਗਏ ਸਪੱਸ਼ਟੀਕਰਨ ਬਾਰੇ ਉਨ੍ਹਾਂ ਆਖਿਆ ਕਿ ਉਸ ਉਪਰ ਡੇਰਾ ਮੁਖੀ ਦੇ ਦਸਤਖ਼ਤ ਨਹੀਂ ਸਨ ਅਤੇ ਉਹ ਉਸਦੇ ਕਿਸੇ ਨੁਮਾਇੰਦੇ ਵੱਲੋਂ ਉਸਦੇ ਆਧਾਰ ’ਤੇ ਭੇਜਿਆ ਗਿਆ ਸੀ, ਜਿਸ ਨੂੰ ਵਿਚਾਰਨ ਯੋਗ ਨਹੀਂ ਸਮਝਿਆ ਗਿਆ ਸੀ। ਸਪੱਸ਼ਟੀਕਰਨ ਅਤੇ ਖਿਮਾ ਯਾਚਨਾ ਲਈ ਡੇਰਾ ਮੁਖੀ ਨੂੰ ਅਕਾਲ ਤਖ਼ਤ ’ਤੇ ਸੱਦਣ ਸਬੰਧੀ ਉਨ੍ਹਾਂ ਆਖਿਆ ਕਿ ਉਹ ਆਪਣੇ ਆਪ ਨੂੰ ਜਦੋਂ ਸਿੱਖ ਹੀ ਨਹੀਂ ਮੰਨਦਾ ਤਾਂ ਉਸ ਨੂੰ ਅਕਾਲ ਤਖ਼ਤ ’ਤੇ ਕਿਵੇਂ ਸੱਦਿਆ ਜਾ ਸਕਦਾ ਹੈ।
ਪੰਜ ਸਿੰਘ ਸਾਹਿਬਾਨ ਦੀ ਇਸ ਇਕੱਤਰਤਾ ਨੂੰ ਗੁਪਤ ਰੱਖਿਆ ਗਿਆ ਸੀ। ਸਿੰਘ ਸਾਹਿਬਾਨ ਕੱਲ੍ਹ ਵੀ ਇਸ ਮਾਮਲੇ ਵਿੱਚ ਬੈਠੇ ਸਨ। ਕੱਲ੍ਹ ਵੀ ਮੀਟਿੰਗ ਨੂੰ ਗੁਪਤ ਰੱਖਣ ਦਾ ਯਤਨ ਕੀਤਾ ਗਿਆ ਸੀ। ਸਕੱਤਰੇਤ ਦੇ ਕਿਸੇ ਕਰਮਚਾਰੀ ਨੂੰ ਵੀ ਮੀਟਿੰਗ ਦੇ ਏਜੰਡੇ ਸਬੰਧੀ ਜਾਣਕਾਰੀ ਨਹੀਂ ਸੀ। ਅੱਜ ਵੀ ਸਾਰਾ ਦਿਨ ਮੀਡੀਆ ਨੂੰ ਸਕੱਤਰੇਤ ਦੇ ਦਫਤਰ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ।
ਇਸ ਫੈਸਲੇ ’ਤੇ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਵਿਰੋਧ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੀਰ ਮੁਹੰਮਦ ਦੇ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸ ਫੈਸਲੇ ਨੂੰ ਸਿਆਸਤ ਤੋਂ ਪੇ੍ਰਿਤ ਦੱਸਦਿਆਂ ਕਿਹਾ ਕਿ ਇਹ ਫੈਸਲਾ ਸਿੱਖ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ। ਉਨ੍ਹਾਂ ਆਖਿਆ ਕਿ ਪੰਜ ਸਿੰਘ ਸਾਹਿਬਾਨ ਸਿੱਖਾਂ ਦੇ ਨਹੀਂ ਸਰਕਾਰ ਦੇ ਬਣ ਗਏ ਹਨ। ਅਜਿਹੀ ਸਥਿਤੀ ਵਿਚ 1986 ਦੀ ਤਰਜ ’ਤੇ ਸਰਬੱਤ ਖਾਲਸਾ ਸੱਦਣ ਦੀ ਲੋੜ ਹੈ।
ਦਲ ਖਾਲਸਾ ਤੇ ਪੰਚ ਪ੍ਰਧਾਨੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕੇ ਜਥੇਦਾਰਾਂ ਨੇ ਆਪਣੇ ਬਣਾਏ ਨਿਯਮ ਤੇ ਸਿਧਾਂਤ ਨੂੰ ਭੰਗ ਕੀਤਾ ਹੈ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਆਖਿਆ ਕਿ ਡੇਰੇ ਦੇ ਬਾਈਕਾਟ ਦਾ ਫੈਸਲਾ ਪੰਥਕ ਜਥੇਬੰਦੀਆਂ ਦੇ ਸਮਰਥਨ ਅਤੇ ਰਜ਼ਾਮੰਦੀ ਨਾਲ ਲਿਆ ਗਿਆ ਸੀ। ਇਸ ਲੲੀ ਪੰਥਕ ਤਾਲਮੇਲ ਸੰਗਠਨ ਇਸ ਫੈਸਲੇ ਨੂੰ ਅਪ੍ਰਵਾਨ ਕਰਦਾ ਹੈ।
ਸ੍ਰੀ ਆਨੰਦਪੁਰ ਸਾਹਿਬ(ਪੱਤਰ ਪ੍ਰੇਰਕ) ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਜਥੇਦਾਰਾਂ ਦੀਆਂ ਮਨਮਰਜ਼ੀਆਂ ਦੀ ਅੱਤ ਹੋ ਗਈ ਹੈ ਤੇ ਕੌਮ ਲਈ ਸਿਰ ਜੋੜ ਕੇ ਫੈਸਲੇ ਲੈਣ ਦਾ ਸਮਾਂ ਆ ਗਿਆ ਹੈ। ਜਥੇਦਾਰਾਂ ਵੱਲੋਂ ਕੀਤਾ ਗਿਆ ਫੈਸਲਾ ਬਹੁਤ ਦੁਖਦਾਈ ਹੈ ਅਤੇ ਇਤਿਹਾਸ ਜਥੇਦਾਰਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੇੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਡੇਰਾ ਮੁਖੀ ਨੂੰ ਮੁਆਫ਼ ਕਰਕੇ ਜਥੇਦਾਰਾਂ ਨੇ ਪੰਥ ਨਾਲ ਧ੍ਰੋਹ ਕਮਾਇਆ ਹੈ।

ਕੀ ਸੀ ਸਵਾਂਗ ਵਾਲਾ ਮਾਮਲਾ

2007 ਵਿੱਚ ਡੇਰਾ ਮੁਖੀ ’ਤੇ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਿਆ, ਗੁਰੂ ਸਾਹਿਬ ਵਰਗੀ ਪੁਸ਼ਾਕ ਪਾਈ ਅਤੇ ਅੰਮ੍ਰਿਤ ਸੰਚਾਰ ਕੀਤਾ। ਅੰਮ੍ਰਿਤ ਸੰਚਾਰ ਦੌਰਾਨ ਖੰਡੇ ਬਾਟੇ ਦਾ ਪਾਹੁਲ ਤਿਆਰ ਕਰਨ ਦੀ ਥਾਂ ਰੂਹਅਫਜ਼ਾ ਦਾ ਅੰਮ੍ਰਿਤ ਬਣਾਇਆ ਸੀ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਸਮੁੱਚੇ ਸਿੱਖ ਜਗਤ ਵਿੱਚ ਰੋਹ ਦੀ ਇਕ ਵੱਡੀ ਲਹਿਰ ਖੜੀ ਹੋ ਗਈ ਸੀ। ਇਸ ਰੋਹ ਨੂੰ ਦੇਖਦਿਆਂ ਉਸ ਵੇਲੇ ਪੰਜ ਸਿੰਘ ਸਾਹਿਬਾਨ ਵੱਲੋਂ ਅਕਾਲ ਤਖ਼ਤ ਤੋਂ ਡੇਰਾ ਮੁਖੀ ਖਿਲਾਫ਼ ਹੁਕਮਨਾਮਾ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਸਿੱਖ ਸੰਗਤਾਂ ਨੂੰ ਉਸ ਨਾਲ ਕੋਈ ਸਬੰਧ ਨਾ ਰੱਖਣ ਅਤੇ ਡੇਰੇ ਦਾ ਬਾਈਕਾਟ ਕਰਨ ਦੇ ਆਦੇਸ਼ ਦਿੱਤੇ ਗਏ ਸਨ।

ਸਾਦੇ ਕਾਗਜ਼ ਉੱਤੇ ਹੀ ਦਿੱਤਾ ਹੈ ਸਪਸ਼ਟੀਕਰਨ

ਡੇਰਾ ਮੁਖੀ ਵੱਲੋਂ ਭੇਜਿਆ ਗਿਆ ਸਪੱਸ਼ਟੀਕਰਨ ਸਾਦੇ ਕਾਗਜ਼ ਉਪਰ ਪੰਜਾਬੀ ਵਿੱਚ ਲਿਖਿਆ ਹੋਇਆ ਹੈ ਅਤੇ ਦਸਤਖ਼ਤ ਕੀਤੇ ਹੋਏ ਹਨ। ਇਸ ਉਪਰ ਨਾ ਤਾਂ ਡੇਰੇ ਮੁਖੀ ਦੀ ਜਾਂ ਕਿਸੇ ਅਧਿਕਾਰੀ ਦੀ ਕੋਈ ਮੋਹਰ ਹੈ ਅਤੇ ਨਾ ਹੀ ਇਹ ਸਪੱਟੀਕਰਨ ਡੇਰੇ ਦੇ ਲੈਟਰ ਹੈੱਡ ’ਤੇ ਹੈ। ਇਸ ਵਿੱਚ ਵਰਤੀ ਗਈ ਸ਼ਬਦਾਵਲੀ ਵਿੱਚ ਡੇਰਾ ਮੁਖੀ ਨੇ 2007 ਦੀ ਘਟਨਾ ਬਾਰੇ ਕਿਸੇ ਵੀ ਤਰ੍ਹਾਂ ਦੇ ਅਫਸੋਸ ਦਾ ਪ੍ਰਗਟਾਵਾ ਨਹੀਂ ਕੀਤਾ ਹੈ ਅਤੇ ਨਾ ਹੀ ਮੁਅਾਫੀ ਮੰਗਣ ਦਾ ਕੋਈ ਜ਼ਿਕਰ ਸ਼ਾਮਲ ਹੈ। ਉਸ ਨੇ ਸਿਰਫ ਸਵਾਂਗ ਰਚਣ ਦੇ ਲਾਏ ਜਾ ਰਹੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਆਖਿਆ ਕਿ ਉਹ ਗੁਰੂਆਂ ਤੇ ਪੀਰ -ਪੈਗੰਬਰਾਂ ਦਾ ਸਤਿਕਾਰ ਕਰਦਾ ਹੈ ਅਤੇ ਕਿਸੇ ਦੀ ਨਕਲ ਕਰਨ ਬਾਰੇ ਸੋਚ ਵੀ ਨਹੀਂ ਸਕਦਾ।

Facebook Comment
Project by : XtremeStudioz