Close
Menu

ਡੇਰਾ ਮੁਖੀ ਨੂੰ ਮੁਅਾਫ਼ੀ ਦੇਣ ਵਿਰੁੱਧ ਸਿੱਖ ਜਥੇਬੰਦੀਆਂ ਨੇ ਆਵਾਜਾਈ ਰੋਕੀ

-- 27 September,2015

ਮੋਗਾ, 27 ਸਤੰਬਰ: ਇਥੇ ਸ਼੍ਰੋਮਣੀ ਅਕਾਲੀ ਦਲ (ਅ), ਅਕਾਲੀ ਦਲ ਪੰਚ ਪ੍ਰਧਾਨੀ (ਬਿੱਟੂ ਗਰੁੱਪ) ਅਤੇ ਦਲ ਖਾਲਸਾ ਤੇ ਹੋਰ ਸਿੱਖ ਜਥੇਬੰਦੀਅਾਂ ਦੇ ਆਗੂਆਂ ਨੇ ਪੰਜ ਸਿੰਘ ਸਾਹਿਬਾਨ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਅਤੇ ਫ਼ਿਲਮ ਐਮਐਸਜੀ-2 ਖ਼ਿਲਾਫ਼ ਅੌਰਬਿਟ ਸਿਨੇਮਾ ਨੇੜੇ ਮੋਗਾ-ਜ਼ੀਰਾ ਸਡ਼ਕ ਦੇ ਪੁਲ ਉੱਤੇ ਆਵਾਜਾਈ ਰੋਕ ਕੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਅਤੇ ਖ਼ਾਲਿਸਤਾਨ ਦੇ ਨਾਅਰਿਆਂ ਹੇਠ ਜਿੰਦਾ-ਸੁੱਖਾ ਫ਼ਿਲਮ ਉੱਤੇ ਪਾਬੰਦੀ ਹਟਾਉਣ ਦੀ ਮੰਗ ਕੀਤੀ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਬਲਦੇਵ ਸਿੰਘ ਗਗੜਾ ਨੇ ਦੋਸ਼ ਲਾਇਆ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਸਿਆਸੀ ਦਬਾਅ ਹੇਠ ਲਿਆ ਇਹ ਫ਼ੈਸਲਾ ਮੰਦਭਾਗਾ ਹੈ। ਉਨ੍ਹਾਂ ਇਸ ਮੁਆਫ਼ੀ ਨੂੰ ਰਾਜਨੀਤਕ ਫੈਸਲਾ ਕਰਾਰ ਦਿੱਤਾ। ਇਸ ਮੌਕੇ ਉਨ੍ਹਾਂ ਸਿੱਖਾਂ ਨੂੰ ਵੱਧ ਬੱਚੇ ਪੈਦਾ ਕਰਨ ਦੀ ਅਪੀਲ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਸਿੱਖਾਂ ਦੀ ਨਸ਼ਿਆਂ ਨਾਲ ਨਸ਼ਲਕੁਸ਼ੀ ਹੋ ਰਹੀ ਹੈ। ਜਥੇਦਾਰ ਤਾਂ ਚਾਰ ਬੱਚੇ ਪੈਦਾ ਕਰਨ  ਦੀ ਗੱਲ ਕਰ ਰਹੇ ਹਨ ਪਰ ਕਈ ਪਰਿਵਾਰ ਤਾਂ ਨਸ਼ਿਆਂ ਕਾਰਨ ਇਕ-ਇਕ ਬੱਚੇ ਨੂੰ ਤਰਸ ਰਹੇ ਹਨ।
ਇਸ ਮੌਕੇ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਵਾਲ ਕੀਤਾ ਕਿ ਡੇਰਾ ਮੁਖੀ ਦੀਆਂ ਸਿੱਖੀ ਨੂੰ ਢਾਹ ਲਾਉਣ ਕਾਰਨ ਪੈਦਾ ਹੋਏ ਸੰਘਰਸ਼ ਵਿੱਚ ਸ਼ਹੀਦ ਜਾਂ ਜੇਲ੍ਹਾਂ ਵਿੱਚ ਡੱਕੇ ਸਿੱਖ ਨੌਜਵਾਨਾਂ ਬਾਰੇ ਉਹ ਕਿਉਂ ਚੁੱਪ ਹਨ। ਇਸ ਮੌਕੇ ਉਨ੍ਹਾਂ ਖ਼ਾਲਿਸਤਾਨ ਦੇ ਨਾਅਰਿਆਂ ਹੇਠ ਆਪਣੇ ਭਾਵੁਕ ਸੰਬੋਧਨ ਵਿੱਚ ਕਿਹਾ ਕਿ ਚਿੱਟਾ ਸਰਕਾਰ ਦੀ ਦੇਣ ਹੈ ਅਤੇ ਪੁਲੀਸ ਪ੍ਰਸ਼ਾਸਨ ਇਸ ਨੂੰ ਵਿਕਾਉਣ ਵਿੱਚ ਭੂਮਿਕਾ ਨਿਭਾ ਰਿਹਾ ਹੈ। ਇਸ ਮੌਕੇ ਉਨ੍ਹਾਂ ਫ਼ਿਲਮ ‘ਜਿੰਦਾ-ਸੁੱਖਾ’ ਉੱਤੇ ਲਾਈ ਪਾਬੰਦੀ ਹਟਾਉਣ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲੜਾਈ ਜ਼ੁਲਮ ਖ਼ਿਲਾਫ਼ ਹੈ। ਉਨ੍ਹਾਂ ਐਲਾਨ ਕੀਤਾ ਡੇਰਾ ਸਿਰਸਾ ਮੁਖੀ ਦੀਆਂ ਸਿੱਖੀ ਨੂੰ ਢਾਹ ਲਾਉਣ ਦੀਆਂ ਕਾਰਵਾਈਆਂ ਖ਼ਿਲਾਫ਼ ਪਾਰਟੀ ਵੱਲੋਂ ਸ਼ਾਂਤਮਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਕੁੱਸਾ, ਸ਼ਹਿਰੀ ਪ੍ਰਧਾਨ ਬਲਰਾਜ ਸਿੰਘ ਅਕਾਲੀ ਦਲ ਪੰਚ ਪ੍ਰਧਾਨੀ (ਬਿੱਟੂ ਗਰੁੱਪ) ਆਗੂ ਸੁਰਜੀਤ ਸਿੰਘ ਰਾਮਗੜ੍ਹ ਤੇ ਦਲ ਖ਼ਾਲਸਾ ਆਗੂ ਜਗਜੀਤ ਸਿੰਘ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਸਿੱਖੀ ਸਿਧਾਤਾਂ ਤੋਂ ਉਲਟ ਜਾ ਕੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦੀ ਨਿਖ਼ੇਧੀ ਕਰਦਿਆਂ ਕਿਹਾ ਕਿ ਇਸ ਫੈਸਲੇ ਨੂੰ ਸਿੱਖ ਕੌਮ ਕਦੇ ਵੀ ਮਨਜ਼ੂਰ ਨਹੀਂ ਕਰੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਡੇਰਾ ਮੁਖੀ ਦੀ ਫ਼ਿਲਮ ਐਮਐਸਜੀ-2 ਦਾ ਵਿਰੋਧ ਜਾਰੀ ਰਹੇਗਾ।
ਇਸ ਮੌਕੇ ਮਹਿਲ ਸਿੰਘ, ਗੁਰਪ੍ਰੀਤ ਸਿੰਘ, ਤਾਰਾ ਸਿੰਘ, ਪਿਸ਼ੌਰਾ ਸਿੰਘ, ਹਰਚਰਨਪ੍ਰੀਤ ਸਿੰਘ, ਜਗਜੀਤ ਸਿੰਘ, ਸੁਰਜਨ ਸਿੰਘ, ਜੀਤ ਸਿੰਘ, ਗੁਰਮੇਲ ਸਿੰਘ, ਗੁਰਦੇਵ ਸਿੰਘ, ਸੁਖਮੰਦਰ ਸਿੰਘ, ਅੰਗਰੇਜ਼ ਸਿੰਘ ਤਖਤੂਪੁਰਾ, ਭੋਲਾ ਸਿੰਘ, ਨਿਰਭੈ ਸਿੰਘ, ਗੁਰਜੰਟ ਸਿੰਘ, ਸਤਨਾਮ ਸਿੰਘ, ਗੁਰਦਿਆਲ ਸਿੰਘ ਲਾਡੀ, ਸੁਖਦੀਪ ਸਿੰਘ ਕੋਟਲਾ ਅਤੇ ਗੁਰਸੇਵਕ ਸਿੰਘ ਹਾਜ਼ਰ ਸਨ।
ਦੂਜੇ ਪਾਸੇ ਇਥੇ ਬਹੁਮੰਤਵੀ ਅੌਰਬਿਟ ਸਿਨੇਮਾ ਵਿੱਚ ਅੱਜ 10 ਸ਼ੋਅ ਚਲਾਉਣ ਦੀ ਯੋਜਨਾ ਸੀ। ਇੱਥੇ ਸਵੇਰੇ 7.30 ਵਜੇ ਸ਼ੁਰੂ ਹੋਏ ਪਹਿਲੇ ਸ਼ੋਅ ਵਿੱਚ ਅੱਧਾ ਸਿਨੇਮਾ ਹਾਲ ਖਾਲੀ ਰਹਿ ਜਾਣ ਕਾਰਨ ਪ੍ਰਬੰਧਕਾਂ ਨੇ ਦੂਜਾ ਸ਼ੋਅ ਰੱਦ ਕਰ ਦਿੱਤਾ। ਸੂਤਰਾਂ ਅਨੁਸਾਰ ਪ੍ਰਬੰਧਕਾਂ ਨੇ ਡੇਰਾ ਪ੍ਰੇਮੀਅਾਂ ਨੂੰ 1 ਅਕਤੂਬਰ ਤੱਕ ਅਗਾੳੂਂ ਬੁਕਿੰਗ ਲਈ ਸੁਨੇਹਾ ਦਿੱਤਾ ਹੈ। ਨਹੀਂ ਤਾਂ ਦਰਸ਼ਕਾਂ ਦੀ ਗਿਣਤੀ ਘਟਣ ਦੀ ਸੂਰਤ ਵਿੱਚ ਉਹ ਪਹਿਲਾਂ ਹੀ ਫਿਲਮ ਬੰਦ ਕਰ ਦੇਣਗੇ

Facebook Comment
Project by : XtremeStudioz