Close
Menu

ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦਾ ਫ਼ੈਸਲਾ ਗੈਰਵਾਜਬ: ਸੰਤ ਸਮਾਜ

-- 03 October,2015

ਐਸ.ਏ.ਐਸ. ਨਗਰ (ਮੁਹਾਲੀ), 3 ਅਕਤੂਬਰ: ਪੰਜ ਸਿੰਘ ਸਾਹਿਬਾਨ ਵੱਲੋਂ ਕੁਝ ਦਿਨ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦਿੱਤੇ ਜਾਣ ਮਗਰੋਂ ਪੈਦਾ ਹੋਇਆ ਧਾਰਮਿਕ ਸੰਕਟ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਸੰਤ ਸਮਾਜ ਦੀ ਉੱਚ ਤਾਕਤੀ ਪੰਜ ਮੈਂਬਰੀ ਕੇਂਦਰੀ ਕਮੇਟੀ ਦੇ ਤਿੰਨ ਪ੍ਰਮੁੱਖ ਆਗੂਆਂ, ਜਿਨ੍ਹਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਸਕੱਤਰ ਜਨਰਲ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਤੇ ਜਨਰਲ ਸਕੱਤਰ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲੇ ਸ਼ਾਮਲ ਹਨ, ਨੇ ਡੇਰਾ ਮੁਖੀ ਦੇ ਮਾਮਲੇ ’ਤੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕਿਹਾ ਕਿ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦੇ ਫ਼ੈਸਲੇ ਦੀ ਵਾਪਸੀ ਤੋਂ ਬਿਨਾਂ ਹੋਰ ਕੋੲੀ ਗੱਲ ਪ੍ਰਵਾਨ ਨਹੀਂ ਕੀਤੀ ਜਾਵੇਗੀ।
ਪਿਛਲੇ ਕੁਝ ਦਿਨਾਂ ਤੋਂ ਸੰਤ ਸਮਾਜ ਪ੍ਰਤੀ ਸੋਸ਼ਲ ਮੀਡੀਆ ਅਤੇ ਅਖਬਾਰਾਂ ਰਾਹੀਂ ਪ੍ਰਗਟ ਕੀਤੇ ਜਾ ਰਹੇ ਸ਼ੰਕਿਆਂ ਤੇ ਭੰਬਲਭੂਸੇ ਵਾਲੀ ਸਥਿਤੀ ਨੂੰ ਸਪੱਸ਼ਟ ਕਰਦਿਆਂ ਉਕਤ ਆਗੂਆਂ ਨੇ ਸਮੁੱਚੀ ਸਿੱਖ ਕੌਮ ਸਾਹਮਣੇ ਸੰਤ ਸਮਾਜ ਦਾ ਪੱਖ ਸਪੱਸ਼ਟ ਕਰਦਿਅਾਂ ਕਿਹਾ ਕਿ ਡੇਰਾ ਮੁਖੀ ਨੂੰ ਮੁਆਫ਼ੀ ਦੇਣਾ ਗ਼ੈਰਵਾਜਬ ਹੈ। ਸੰਤ ਸਮਾਜ ਦੇ ਆਗੂਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਮੁੱਚੀਆਂ ਧਾਰਮਿਕ ਸੰਪਰਦਾਵਾਂ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹਨ ਪ੍ਰੰਤੂ ਕੌਮ ਦੀ ਪ੍ਰਵਾਨਗੀ ਤੋਂ ਬਿਨਾਂ ਕਾਹਲੀ ਵਿੱਚ ਲਏ ਇਸ ਫ਼ੈਸਲੇ ਨੂੰ ਸੰਤ ਸਮਾਜ ਕਿਸੇ ਵੀ ਤਰ੍ਹਾਂ ਪ੍ਰਵਾਨ ਨਹੀਂ ਕਰਦਾ ਹੈ। ਉਨ੍ਹਾਂ ਸਿੰਘ ਸਾਹਿਬਾਨ ਨੂੰ ਕਿਹਾ ਕਿ ਪੰਥਕ ਪ੍ਰੰਪਰਾਵਾਂ ਦੀ ਰਾਖੀ ਕਰਦਿਆਂ ਕੌਮੀ ਭਾਵਨਾਵਾਂ ਅਤੇ ਸਮੇਂ ਦੀ ਨਜ਼ਾਕਤ ਦੇ ਮੱਦੇਨਜ਼ਰ ੳੁਹ ਇਸ ਪਾਸੇ ਤੁਰੰਤ ਧਿਆਨ ਦੇਣ। ਇਸ ਦੇ ਨਾਲ ਹੀ ਉਨ੍ਹਾਂ ਸਮੁੱਚੀ ਕੌਮ ਨੂੰ ਇਸ ਮਸਲੇ ਸਬੰਧੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਵਿਚਾਰਾਂ ਦੀ ਲੜਾਈ ਹੈ, ਜੋ ਦਲੀਲਾਂ ਨਾਲ ਸਿਧਾਂਤਕ ਪੱਖ ’ਤੇ ਰੱਖੀ ਜਾਵੇ। ਸੰਤ ਸਮਾਜ ਦੀ ਅੱਜ ਰਤਵਾਡ਼ਾ ਸਾਹਿਬ ਵਿਖੇ ਹੋੲੀ ਮੀਟਿੰਗ ਵਿੱਚ ਭਵਿੱਖ ਦੀ ਰਣਨੀਤੀ ’ਤੇ ਵੀ ਵਿਚਾਰਾਂ ਕੀਤੀਆਂ ਗਈਆਂ।
ਸਖ਼ਤ ਫ਼ੈਸਲਾ ਲੈਣ ਦੇ ਆਸਾਰ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੀਬ ਅੱਠ ਸਾਲਾਂ ਬਾਅਦ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਕਾਰਨ ਸੰਤ ਸਮਾਜ ਦੀ ਪੂਰੀ ਸ਼ਕਤੀ ਸਖ਼ਤ ਰੁਖ਼ ਅਖਤਿਆਰ ਕਰਨ ਤੇ ਫੈਸਲਾਕੁਨ ਧਾਰਮਿਕ ਲੜਾਈ ਲੜਨ ਵੱਲ ਆ ਗਈ ਹੈ। ਇਸ ਮੀਟਿੰਗ ਨੂੰ ਕੇਵਲ ਡੇਰਾ ਸਿਰਸਾ ਨਾਲ ਸਬੰਧਤ ਮਾਮਲਾ ਹੀ ਨਹੀਂ ਸਗੋਂ ਪਿਛਲੇ ਸਮੇਂ ਤੋਂ ਸੰਤ ਸਮਾਜ ਉੱਤੇ ਬਣ ਰਹੇ ਰਾਜਸੀ ਪ੍ਰਭਾਵ ਨੂੰ ਖ਼ਤਮ ਕਰਨ ਦੇ ਨਜ਼ਰੀਏ ਨਾਲ ਵੀ ਦੇਖਿਆ ਜਾ ਰਿਹਾ ਹੈ। ਸਮੁੱਚੇ ਪੰਥ ਵਿੱਚ ਸੰਤ ਸਮਾਜ ਦੀ ਸਾਖ਼ ਨੂੰ ਬਣਾਈ ਰੱਖਣ ਲਈ ਭਵਿੱਖ ਵਿੱਚ ਹੋਰ ਵੀ ਸਖ਼ਤ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ।

Facebook Comment
Project by : XtremeStudioz