Close
Menu

ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਤੋਂ ਪਰਵਾਸੀ ਸਿੱਖਾਂ ’ਚ ਰੋਸ

-- 29 September,2015

ਵੈਨਕੂਵਰ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਪੰਜ ਸਿੰਘ ਸਹਿਬਾਨਾਂ ਵੱਲੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਮਾਮਲੇ ਵਿੱਚ ਮੁਆਫੀ ਦਿੱਤੇ ਜਾਣ ਖ਼ਿਲਾਫ਼ ਕੈਨੇਡਾ ਤੇ ਅਮਰੀਕਾ ਸਮੇਤ ਹੋਰ ਮੁਲਕਾਂ ਵਿੱਚ ਵਸਦੇ ਸਿੱਖਾਂ ਦੇ ਮਨਾਂ ’ਚ ਸਖ਼ਤ ਰੋਸ ਹੈ। ਵੱਖ ਵੱਖ ਸਿੱਖ ਜਥੇਬੰਦੀਆਂ ਨੇ ਇਸ ਫੈ਼ਸਲੇ ਖ਼ਿਲਾਫ਼ ਨਿਖੇਧੀ ਮਤੇ ਪਾਸ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਫੈਸਲੇ ਉਤੇ ਸਹੀ ਪਾਉਣ ਵਾਲੇ ਪੰਜਾਂ ਜਥੇਦਾਰਾਂ ’ਚੋਂ ਕਿਸੇ ਦੀ ਵੀ ਇਧਰ ਆਮਦ ’ਤੇ ਉਨ੍ਹਾਂ ਨੂੰ ਕਿਸੇ ਵੀ ਸਟੇਜ ਤੋਂ ਬੋਲਣ ਨਹੀਂ ਦੇਣਗੇ ਅਤੇ ਹਰ ਥਾਂ ਸਖਤ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਆਸੀ ਅਕਾਵਾਂ ਦੇ ਇਸ਼ਾਰੇ ’ਤੇ ਲਏ ਗਏ ਮੁਆਫੀ ਦੇ ਫੈਸਲੇ ਨੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ। ਬ੍ਰਿਟਿਸ਼ ਕੋਲੰਬੀਆ ਦੀਆਂ ਸਮੂਹ ਸਿੰਘ ਸਭਾਵਾਂ ਤੇ ਕਈ ਸਿੱਖ ਸੰਗਠਨਾਂ ਨੇ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
ਅਮਰੀਕਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ ਨੇ ਫੋਨ ’ਤੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਵੀ ਸਾਰੀਆਂ ਸਿੰਘ ਸਭਾਵਾਂ ਤੇ ਗੁਰਦੁਆਰਾ ਕਮੇਟੀਆਂ ਦੀ ਸਹਿਮਤੀ ਨਾਲ ਮਤਾ ਪਾਸ ਕੀਤਾ ਹੈ ਕਿ ਸਿਆਸੀ ਦਬਾਅ ਹੇਠ ਕੀਤੇ ਗਏ ਇਸ ਫੈਸਲੇ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸੇ ਮਾਮਲੇ ’ਤੇ ਦੋ ਦਿਨਾਂ ਤੋਂ ਸਾਰੇ ਪੰਜਾਬੀ ਰੇਡੀਓਜ਼ ’ਤੇ ਵੀ ਟਾਕ ਸ਼ੋਅ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਵੱਲੋਂ ਇਸ ਫ਼ੈਸਲੇ ਖ਼ਿਲਾਫ਼ ਰੋਸ ਪ੍ਰਗਟਾਇਆ ਜਾ ਰਿਹਾ ਹੈ।  ਸਿੱਖ ਮਾਮਲਿਆਂ ਨਾਲ ਸਬੰਧਤ ਸ਼ੇਰ-ਏ-ਪੰਜਾਬ ਰੇਡੀਓ ਦੇ ਕੁਲਦੀਪ ਸਿੰਘ ਸ਼ੋਅ ’ਚ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਅਤੇ ਸਿੰਘ ਸਭਾ ਜਰਮਨੀ ਦੇ ਪ੍ਰਧਾਨ ਤਰਸੇਮ ਸਿੰਘ ਅਟਵਾਲ ਨੇ ਵੀ ਸਿੰਘ ਸਹਿਬਾਨਾਂ ਦੇ ਫ਼ੈਸਲੇ ਖ਼ਿਲਾਫ਼ ਸਖਤ ਸ਼ਬਦਾਂ ’ਚ ਰੋਸ ਜ਼ਾਹਿਰ ਕੀਤਾ ਹੈ। ਸਰੀ ਦੇ ਪਾਰਕਾਂ ਵਿੱਚ ਸੱਜਦੀਆਂ ਸੱਥਾਂ ’ਚ ਵੀ ਇਹੀ ਮਾਮਲਾ ਛਾਇਆ ਰਹਿੰਦਾ ਹੈ ਅਤੇ ਸਾਰੇ ਸਿੱਖਾਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ।

Facebook Comment
Project by : XtremeStudioz