Close
Menu

ਡੱਫੀ ਘੁਟਾਲੇ ਵਿਚ ਹਾਰਪਰ ਕਿਸੇ ਢੰਗ ਨਾਲ ਵੀ ਨਹੀਂ ਸਨ ਸ਼ਾਮਲ- ਨਿਗਲ ਰਾਈਟ

-- 13 August,2015

ਔਟਵਾ: ਸਿਨੇਟਰ ਮਾਈਕ ਡੱਫੀ ਦੇ ਕੇਸ ਵਿਚ ਅੱਜ ਇਕ ਨਵਾਂ ਮੋੜ ਆਇਆ ਜਦੋਂ ਪ੍ਰਧਾਨ ਮੰਤਰੀ ਦੇ ਚੀਫ਼ ਆਫ਼ ਸਟਾਫ਼ ਰਹੇ ਨਿਗਲ ਰਾਈਟ ਨੇ ਇਹ ਖੁਲਾਸਾ ਕੀਤਾ ਕਿ ਡੱਫੀ ਦੇ ਖਰਚਿਆਂ ਦਾ 90,000 ਡਾਲਰ ਉਸ ਨੇ ਚੁਕਾਇਆ ਸੀ ਅਤੇ ਇਸ ਬਾਰੇ ਪ੍ਰਧਾਨ ਮੰਤਰੀ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਰਾਈਟ ਇਹ ਖਰਚੇ ਨਿੱਜੀ ਤੌਰ ਤੇ ਚੁਕਾ ਰਿਹਾ ਹੈ। ਰਾਈਟ ਨੇ ਦਸਿਆ ਕਿ ਉਸਨੂੰ ਲੱਗਦਾ ਸੀ ਕਿ ਡੱਫੀ ਦੇ ਖਰਚਿਆਂ ਬਾਰੇ ਉਸ ਦੀ ਜਿੰਮੇਵਾਰੀ ਹੈ ਕਿਉਂਕਿ ਇਸ ਤਰ੍ਹਾਂ ਦਾ ਬੰਦੋਬਸਤ ਡੱਫੀ ਨਾਲ ਕੀਤਾ ਗਿਆ ਸੀ।

ਰਾਈਟ ਨੇ ਕਿਹਾ ਕਿ ਪਹਿਲਾਂ ਪਹਿਲ ਉਸ ਨੂੰ ਲੱਗਿਆ ਕਿ ਇਹ ਖਰਚਾ 32,000 ਡਾਲਰ ਹੈ ਪਰ ਔਡਿਟ ਤੋਂ ਬਾਅਦ ਇਹ ਪਤਾ ਲੱਗਿਆ ਕਿ ਕੁੱਲ ਖਰਚਾ 90,000 ਡਾਲਰ ਤੋਂ ਵੀ ਵੱਧ ਹੈ।

ਡੱਫੀ ਕੋਰਟਰੂਮ ਵਿਚ ਅੱਜ ਚੁੱਪ ਚਾਪ ਰਾਈਟ ਦੀ ਗਵਾਹੀ ਸੁਣ ਰਹੇ ਸਨ ਅਤੇ ਉਨ੍ਹਾਂ ਦੇ ਨਾਲ ਉਸ ਦੀ ਪਤਨੀ ਮੌਜੂਦ ਸੀ। ਡੱਫੀ ਉੱਪਰ ਲੱਗੇ 31 ਦੋਸ਼ਾਂ ਬਾਰੇ ਉਸ ਨੇ ਨਾਨ-ਗਿਲਟੀ ਦੀ ਅਪੀਲ ਦਾਇਰ ਕੀਤੀ ਹੈ। ਇਹ ਦੋਸ਼ ਰਿਸ਼ਵਤ, ਧੋਖਾਧੜੀ ਅਤੇ ਵਿਸ਼ਵਾਸਘਾਤ ਨਾਲ ਜੁੜੇ ਹੋਏ ਹਨ।

ਰਾਈਟ ਨੇ ਦਸਿਆ ਕਿ ਔਡਿਟ ਤੋਂ ਬਾਅਦ ਉਸ ਨੇ ਕੰਸਰਵੇਟਿਵ ਸਿਨੇਟਰ ਇਰਵਿੰਗ ਗਰਸਟੀਨ ਨਾਲ ਗੱਲ ਕੀਤੀ ਜੋ ਕਿ ਕੰਸਰਵੇਟਿਵ ਫੰਡ ਚੇਅਰ ਵਜੋਂ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਦਸਿਆ ਕਿ ਪਾਰਟੀ ਡਫੀ ਵਲੋਂ ਕੀਤੇ ਖਰਚੇ ਨਹੀਂ ਭਰੇਗੀ।

ਰਾਈਟ ਨੇ ਦਸਿਆ ਕਿ ਡੱਫੀ ਨੇ ਉਸ ਵਕਤ ਤੱਕ ਖਰਚਿਆਂ ਨੂੰ ਲੈ ਕੇ ਆਪਣੀ ਗਲਤੀ ਮੰਨ ਲਈ ਸੀ ਅਤੇ ਉਹ ਸਾਰਾ ਖਰਚਾ ਦੇਣ ਲਈ ਤਿਆਰ ਹੋ ਗਿਆ ਸੀ।

ਰਾਈਟ ਨੇ ਕਿਹਾ ਕਿ ਉਸ ਉੱਪਰ ਜੁੰਮੇਵਾਰੀ ਸੀ ਕਿ ਉਹ ਡੱਫੀ ਨਾਲ ਕੀਤੇ ਇਸ ਪ੍ਰਬੰਧ ਨੂੰ ਨਿਭਾਵੇ ਅਤੇ ਉਸ ਵੇਲੇ ਉਸ ਦੇ ਦਿਮਾਗ ਵਿਚ ਹੋਰ ਕੁੱਝ ਨਹੀਂ ਆਇਆ ਜਿਸ ਕਾਰਣ ਅੱਜ ਉਸਨੂੰ ਪਛਤਾਉਣਾ ਪੈ ਰਿਹਾ ਹੈ।

ਰਾਈਟ ਨੇ ਕਿਹਾ ਕਿ ਉਸ ਨੇ ਹਾਰਪਰ ਨਾਲ ਡੱਫੀ ਦੇ ਖਰਚਿਆਂ ਸੰਬੰਧੀ ਗੱਲ ਕੀਤੀ ਸੀ ਅਤੇ ਦਸਿਆ ਸੀ ਕਿ ਡੱਫੀ ਆਪਣੇ ਖਰਚੇ ਆਪ ਦੇਵੇਗਾ ਅਤੇ ਪਾਰਟੀ ਮੰਨੇਗੀ ਕਿ ਡਫੀ ਨੇ ਗਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਰਪਰ ਨੇ ਇਸ ਸਕੀਮ ਨੂੰ ਮਨਜ਼ੂਰੀ ਦਿਤੀ ਸੀ ਅਤੇ ਡੱਫੀ ਇਨ੍ਹਾਂ ਖਰਚਿਆਂ ਵਾਸਤੇ ਯੋਗ ਸੀ ਪਰ ਜਿਸ ਢੰਗ ਨਾਲ ਡਾਲਰਾਂ ਨੂੰ ਖਰਚ ਕੀਤਾ ਗਿਆ ਸੀ ਉਹ ਬਿਲਕੁਲ ਸਹੀ ਨਹੀਂ ਸਨ।

ਰਾਈਟ ਨੇ ਆਪਣੀ ਗਵਾਹੀ ਵਿਚ ਦਸਿਆ ਕਿ ਹਾਰਪਰ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇਹ ਪੈਸਾ ਮੈਂ ਆਪਣੇ ਕੋਲੋਂ ਡੱਫੀ ਨੂੰ ਦੇਣ ਜਾ ਰਿਹਾ ਹਾਂ।

ਬੁੱਧਵਾਰ ਨੂੰ ਹੋਈ ਇਹ ਸੁਣਵਾਈ ਦਾ 37ਵਾਂ ਦਿਨ ਸੀ ਅਤੇ ਇਸ ਤੋਂ ਪਹਿਲਾਂ ਸੁਣਵਾਈ 18 ਜੂਨ ਨੂੰ ਹੋਈ ਸੀ। ਇਸ ਕੇਸ ਦੀ ਪਹਿਲੀ ਸੁਣਵਾਈ 7 ਅਪ੍ਰੈਲ ਨੂੰ ਔਟਵਾ ਵਿਖੇ ਉਂਟੇਰੀਓ ਕੋਰਟ ਆਫ਼ ਜਸਟਿਸ ਵਿਚ ਸ਼ੁਰੂ ਹੋਈ ਸੀ। ਇਸ ਸੁਣਵਾਈ ਦਾ ਤੀਜਾ ਪੜ੍ਹਾ 28 ਅਗਸਤ ਤੱਕ ਚਲੇਗਾ ਅਤੇ ਉਸ ਤੋਂ ਬਾਅਦ ਇਹ ਸੁਣਵਾਈ ਨਵੰਬਰ ਦੇ ਮੱਧ ਵਿਚ ਸ਼ੁਰੂ ਹੋਵੇਗੀ।

ਇਸ ਕੇਸ ਵਿਚ ਪਾਇਆ ਗਿਆ ਹੈ ਕਿ 90,000 ਡਾਲਰ ਪਹਿਲਾਂ ਰਾਈਟ ਦੇ ਖਾਤੇ ਵਿਚੋਂ ਨਿਕਲ ਕੇ ਔਟਵਾ ਦੀ ਲਾਅ-ਫਰਮ ਕੋਲ ਗਿਆ ਅਤੇ ਉਸ ਤੋਂ ਬਾਅਦ ਵਿਚ ਡੱਫੀ ਦੇ ਖਾਤੇ ਵਿਚ ਗਿਆ ਜਿਥੋ ਇਹ ਰਿਸੀਵਰ ਜਨਰਲ ਦੇ ਖਾਤੇ ਵਿਚ ਤਬਦੀਲ ਕੀਤਾ ਗਿਆ।

ਰਾਈਟ ਅਤੇ ਡੱਫੀ ਦਰਮਿਆਨ ਹੋਈ ਇਸ ਸੌਦੇਬਾਜ਼ੀ ਦੀ ਖਬਰ ਜਨਤਕ ਹੋਣ ਤੋਂ ਬਾਅਦ ਰਾਈਟ ਨੂੰ ਬਰਖ਼ਾਸਤ(ਜਾਂ ਉਸ ਵਲੋਂ ਅਸਤੀਫਾ ਦਿਤਾ ਗਿਆ ਦੀ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ) ਕਰ ਦਿਤਾ ਗਿਆ। ਰਾਈਟ ਨੇ ਮੰਨਿਆ ਕਿ ਉਸ ਨੇ ਹਾਰਪਰ ਨੂੰ ਕਦੇ ਵੀ ਇਸ ਮਾਮਲੇ ਵਿਚ ਸਲਾਹ ਨਹੀਂ ਸੀ ਦਿਤੀ ਅਤੇ ਹਾਰਪਰ ਨੂੰ ਇਸ ਸੌਦੇਬਾਜ਼ੀ ਬਾਰੇ ਕੋਈ ਵੀ ਖਬਰ ਨਹੀਂ ਸੀ।

ਲਿਬਰਲ ਪਾਰਟੀ ਨੇ ਇਸ ਪ੍ਰਤੀ ਪ੍ਰਤੀਕਰਮ ਵਿਚ ਕਿਹਾ ਹੈ ਕਿ ਈਮੇਲ ਸਬੂਤਾਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਲਾਬਰੈਟਨ ਇਸ ਸਕੀਮ ਵਿਚ ਸ਼ਾਮਲ ਸਨ ਅਤੇ ਹਾਰਪਰ ਇਸ ਮਾਮਲੇ ਵਿਚ ਮਾਰਜੋਰੀ ਲਾਬਰੈਟਨ ਨੂੰ ਤੁਰੰਤ ਆਪਣੀ ਚੋਣ ਮੁਹਿੰਮ ਤੋਂ ਬਰਖ਼ਾਸਤ ਕਰਨ।

Facebook Comment
Project by : XtremeStudioz