Close
Menu

ਢੀਂਡਸਾ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਅਧਿਆਪਕਾਂ ਅਤੇ ਪੁਲੀਸ ਵਿਚਾਲੇ ਖਿੱਚ-ਧੂਹ

-- 24 September,2015

ਸੰਗਰੂਰ, ਇੱਥੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਸੈਂਕੜੇ ਪ੍ਰਾਇਮਰੀ ਅਧਿਆਪਕਾਂ ਅਤੇ ਪੁਲੀਸ ਵਿਚਾਲੇ ਖਿੱਚ-ਧੂਹ ਹੋਈ। ਖਿੱਚ-ਧੂਹ ਦੌਰਾਨ ਪੰਜਾਬ ਸਰਕਾਰ ਦੀ ਅਰਥੀ ਵੀ ਤੀਲਾ-ਤੀਲਾ ਹੋ ਗਈ, ਜਿਸਨੂੰ ਬਾਅਦ ਵਿੱਚ ਇਕੱਠਾ ਕਰਕੇ ਫ਼ੂਕਿਆ ਗਿਆ। ਰੋਹ ਵਿੱਚ ਆਏ ਅਧਿਆਪਕਾਂ ਨੇ ਢੀਂਡਸਾ ਦੀ ਕੋਠੀ ਨੇਡ਼ੇ ਧੂਰੀ-ਪਟਿਆਲਾ ਬਾਈਪਾਸ ਸੜਕ ’ਤੇ ਆਵਾਜਾਈ ਠੱਪ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ। ਅਧਿਆਪਕ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ।
ਇਸ ਤੋਂ ਪਹਿਲਾਂ ਸ਼ਹੀਦ ਕਿਰਨਜੀਤ ਕੌਰ ਈਟੀਟੀ  ਈਜੀਐਸ, ਏਆਈਈ, ਐਸਟੀਆਰ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਠੇਕਾ ਆਧਾਰ ’ਤੇ ਕੰਮ ਕਰਦੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਬਨਾਸਰ ਬਾਗ ਵਿੱਚ ਇਕੱਠੇ ਹੋਏ। ਪੰਜਾਬ ਸਰਕਾਰ ਦੀ ਅਰਥੀ ਮੋਢਿਆਂ ’ਤੇ ਚੁੱਕ ਕੇ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਅਧਿਆਪਕ ਢੀਂਡਸਾ ਦੀ ਕੋਠੀ ਨੇੜੇ ਪੁੱਜੇ। ਜਿਉਂ ਹੀ ਅਧਿਆਪਕਾਂ ਨੇ ਅਰਥੀ ਸਮੇਤ ਢੀਂਡਸਾ ਕੋਠੀ ਵੱਲ ਜਾਣ ਦਾ ਯਤਨ ਕੀਤਾ ਤਾਂ ਵੱਡੀ ਤਾਦਾਦ ’ਚ ਨਾਕਾ ਲਾ ਕੇ ਖੜ੍ਹੀ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਕਾਰਨ ਅਧਿਆਪਕਾਂ ਅਤੇ ਪੁਲੀਸ ਵਿਚਾਲੇ ਖਿੱਚ-ਧੂਹ ਹੋਈ। ਅਧਿਆਪਕਾਂ ਵੱਲੋਂ ਮੋਢਿਆਂ ’ਤੇ ਚੁੱਕੀ ਅਰਥੀ ਵੀ ਖਿੱਚ-ਧੂਹ ਦੌਰਾਨ ਹੇਠਾਂ ਡਿੱਗ ਕੇ ਖਿੰਡ ਗਈ। ਪੁਲੀਸ ਨੇ ਅਧਿਆਪਕਾਂ ਨੂੰ ਅੱਗੇ ਨਾ ਵਧਣ ਦਿੱਤਾ ਤਾਂ ਰੋਹ ਵਿੱਚ ਆਏ ਅਧਿਆਪਕਾਂ ਨੇ ਕੋਠੀ ਨੇੜੇ ਧੂਰੀ-ਪਟਿਆਲਾ ਬਾਈਪਾਸ ਸੜਕ ’ਤੇ ਆਵਾਜਾਈ ਠੱਪ ਕਰਕੇ ਸਰਕਾਰ ਦੀ ਅਰਥੀ ਫ਼ੂਕਦਿਆਂ ਪਿੱਟ ਸਿਆਪਾ ਕੀਤਾ।
ਯੂਨੀਅਨ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਤੋਲਾਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ 2003 ਵਿੱਚ ਕੇਂਦਰ ਦੀਆਂ ਵੱਖ-ਵੱਖ ਸਕੀਮਾਂ ਤਹਿਤ ਪੜ੍ਹਾਈ ਛੱਡ ਚੁੱਕੇ ਅਤੇ ਮਜ਼ਦੂਰੀ ਕਰ ਰਹੇ ਬੱਚਿਆਂ ਨੂੰ ਪੜ੍ਹਾਉਣ ਲਈ ਪਿੰਡਾਂ ਵਿੱਚ ਕੇਂਦਰ ਖੋਲ੍ਹੇ ਗਏ ਸਨ, ਜਿਸ ਵਿੱਚ 2008 ਤੱਕ ਸੇਵਾਵਾਂ ਨਿਭਾਈਆਂ ਅਤੇ ਬਾਅਦ ਵਿੱਚ ਕੇਂਦਰ ਬੰਦ ਕਰ ਦਿੱਤੇ ਗਏ। ੳੁਨ੍ਹਾਂ ਵੱਲੋਂ ਕੀਤੇ ਗਏ ਸੰਘਰਸ਼ ਮਗਰੋਂ ਪੰਜਾਬ ਸਰਕਾਰ ਨੇ 2010 ਵਿੱਚ ੳੁਨ੍ਹਾਂ ਨੂੰ ਈਟੀਟੀ ਕਰਵਾ ਦਿੱਤੀ ਅਤੇ ਭਰੋਸਾ ਦਿੱਤਾ ਕਿ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ। 24 ਫਰਵਰੀ 2014 ਤੋਂ ਪ੍ਰਾਇਮਰੀ ਸਕੂਲਾਂ ਵਿੱਚ ਦੋ ਸਾਲਾਂ ਲਈ ਸਿਰਫ਼ ਪੰਜ ਹਜ਼ਾਰ ਰੁਪਏ ਤਨਖਾਹ ’ਤੇ ਸਿੱਖਿਆ ਵਾਲੰਟੀਅਰ ਨਿਯੁਕਤ ਕਰ ਦਿੱਤਾ, ਜਿਸਦੀ ਮਿਆਦ ਫਰਵਰੀ 2016 ਤੱਕ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਸਿੱਖਿਆ ਵਾਲੰਟੀਅਰ ਵਜੋਂ 7813 ਅਧਿਆਪਕ ਠੇਕਾ ਆਧਾਰ ’ਤੇ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਅਤੇ ਡੀਈਓ ਪਾਸ ਉਚੇਰੀ ਸਿੱਖਿਆ ਨਾਲ ਸਬੰਧਤ ਪਏ ਅਧੂਰੇ ਕੇਸਾਂ ਦੀ ਤੁਰੰਤ ਮਨਜ਼ੂਰੀ ਦਿੱਤੀ ਜਾਵੇ। ਇਸ ਮੌਕੇ ਯੂਨੀਅਨ ਆਗੂ ਰਾਜਵੀਰ ਸਿੰਘ ਹਰਿਆਊ, ਬੂਟਾ ਖਾਂ, ਗੁਰਜੀਵਨ ਸਿੰਘ ਛਾਜਲੀ, ਦੇਵਿਕਾ ਸ਼ਰਮਾ, ਜਸਪਾਲ ਕੌਰ, ਹਰਵਿੰਦਰ ਦਿੜ੍ਹਬਾ, ਕਾਂਤਾ ਦੇਵੀ, ਅਮਜਦ ਖਾਂ, ਸਰਬਜੀਤ ਕੌਰ, ਜਸਪਾਲ ਕੌਰ ਧੂਰੀ, ਲਵਪ੍ਰੀਤ ਕੌਰ ਕੋਟੜਾ, ਕੁਲਵੀਰ ਰਟੌਲਾਂ, ਪਰਮਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਤੋਂ ਬਾਅਦ ਢੀਂਡਸਾ ਕੋਠੀ ’ਚ ਯੂਨੀਅਨ ਵਫ਼ਦ ਦੀ ਮੀਟਿੰਗ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨਾਲ ਹੋਈ। ੳੁਨ੍ਹਾਂ ਨੇ 25 ਸਤੰਬਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਯੂਨੀਅਨ ਵਫ਼ਦ ਦੀ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਖ਼ਤਮ ਕੀਤਾ।

Facebook Comment
Project by : XtremeStudioz