Close
Menu

ਤਿਹਾਡ਼ ਜੇਲ੍ਹ ’ਚ ਬੰਦ ਪ੍ਰੋ. ਭੁੱਲਰ ਨੂੰ ਪੰਜਾਬ ਤਬਦੀਲ ਕੀਤਾ ਜਾਵੇਗਾ

-- 09 June,2015

ਚੰਡੀਗੜ੍ਹ, 9 ਜੂਨ
ਪੰਜਾਬ ਦੀਆਂ ਪੰਥਕ ਜਥੇਬੰਦੀਆਂ ਦੇ ਸਾਂਝੇ ਵਫਦ ਦੀ ਅੱਜ ਪੰਜਾਬ ਦੇ ਪੁਲੀਸ ਮੁਖੀ ਸੁਮੇਧ ਸਿੰਘ ਸੈਣੀ ਨਾਲ ਹੋਈ ਮੀਟਿੰਗ ਦੌਰਾਨ ਘੱਲੂਘਾਰਾ ਦਿਵਸ ਮੌਕੇ ਪੁਲੀਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤੇ ਗੲੇ 31 ਸਿੱਖ ਰਿਹਾਅ ਕਰਨ ਅਤੇ ਤਿਹਾੜ ਜੇਲ੍ਹ ਵਿੱਚ ਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਤੁਰੰਤ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ’ਤੇ ਸਹਿਮਤੀ ਹੋਈ ਹੈ।
ਮੀਟਿੰਗ ਵਿੱਚ ਪੰਜਾਬ ਅਤੇ ਹੋਰ  ਰਾਜਾਂ ਦੀਆਂ ਜੇਲ੍ਹਾਂ ਵਿੱਚ ਬੰਦ 78 ਸਿੱਖ ਕੈਦੀਆਂ ਦੀ ਰਿਹਾਈ ’ਤੇ ਵੀ ਦੋਵਾਂ ਧਿਰਾਂ ਵਿਚਾਲੇ ਚਰਚਾ ਹੋਈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਥਕ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਇਸ ਮੁੱਦੇ ’ਤੇ ਉਚ ਪੱਧਰੀ ਕਮੇਟੀ ਬਣਾਈ ਸੀ। ਅੱਜ ਇਸੇ ਲੜੀ ਤਹਿਤ ਬੰਦੀ ਸਿੱਖਾਂ ਦੀ ਰਿਹਾਈ ਲਈ ਪੁਲੀਸ ਨਾਲ ਸਬੰਧਤ ਮਾਮਲੇ ਵਿਚਾਰਨ ਲਈ ਇਹ ਮੀਟਿੰਗ ਹੋਈ ਹੈ। ਸ੍ਰੀ ਸੈਣੀ ਨੂੰ ਮਿਲੇ ਵਫਦ ਵਿੱਚ ਬਾਪੂ ਸੂਰਤ ਸਿੰਘ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਤੇ ਯੂਨਾਈਟਿਡ ਅਕਾਲੀ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ, ਦਮਦਮੀ ਟਕਸਾਲ ਅਜਨਾਲਾ ਦੇ ਭਾਈ ਅਮਰੀਕ ਸਿੰਘ, ਆਖੰਡ ਕੀਰਤਨੀ ਜਥੇ ਵੱਲੋਂ ਆਰ.ਪੀ. ਸਿੰਘ, ਪੰਚ ਪ੍ਰਧਾਨੀ ਦੇ ਐਡਵੋਕੇਟ ਹਰਪਾਲ ਸਿੰਘ ਚੀਮਾ, ਬਾਪੂ ਸੂਰਤ ਸਿੰਘ ਖਾਲਸਾ ਦੇ ਪੁੱਤਰ ਰਵਿੰਦਰਜੀਤ ਸਿੰਘ ਗੋਗੀ, ਅਕਾਲੀ ਦਲ ਮਾਨ ਦੇ ਜਸਕਰਨ ਸਿੰਘ ਕਾਹਨ ਸਿੰਘਵਾਲਾ, ਭਾਈ ਮਨਜਿੰਦਰ ਸਿੰਘ ਅਤੇ ਜਸਪਾਲ ਸਿੰਘ ਹੇਰਾਂ ਸ਼ਾਮਲ ਸਨ। ਮੀਟਿੰਗ ਵਿੱਚ ਸ੍ਰੀ ਸੈਣੀ ਨਾਲ ਅੈਡੀਸ਼ਨਲ ਡਾਇਰੈਕਟਰ ਜਨਰਲ  (ਖੁਫੀਆ ਵਿੰਗ) ਹਰਦੀਪ ਸਿੰਘ ਢਿੱਲੋਂ ਅਤੇ ਡਿਪਟੀ ਇੰਸਪੈਕਟਰ ਜਨਰਲ ਆਰ. ਕੇ. ਜੈਸਵਾਲ ਮੌਜੂਦ ਸਨ। ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ 78 ਬੰਦੀ ਸਿੱਖਾਂ ਦੀ ਰਿਹਾਈ ’ਤੇ ਆਪੋ-ਆਪਣੇ ਪੱਖ ਰਖੇ। ਸ੍ਰੀ ਸੈਣੀ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਕਾਨੂੰਨੀ ਅੜਚਣਾਂ ਦੇ ਵੇਰਵੇ ਦਿੱਤੇ ਤਾਂ ਵਫਦ ਨੇ ਕਿਹਾ ਕਿ ਬੰਦੀ ਸਿੱਖਾਂ ਨੂੰ ਸਿਆਸੀ ਕੈਦੀ ਮੰਨ ਕੇ ਰਿਹਾਅ ਕਰਨ ਵਿੱਚ ਕੋਈ ਰੁਕਾਵਟ ਨਹੀਂ ਹੈ। ਵਫਦ ਨੇ ਕਿਹਾ ਕਿ ਜੇਲ੍ਹਾਂ ਵਿੱਚ ਦਹਾਕਿਆਂ ਤੋਂ ਬੰਦ 78 ਸਿੱਖ ਉਸ ਵੇਲੇ ਅਕਾਲੀ ਦਲ ਵੱਲੋਂ ਲਾਏ ਧਰਮ ਯੁੱਧ ਮੋਰਚੇ ਦੇ ਕੈਦੀ ਹਨ। ਮੀਟਿੰਗ ਤੋਂ ਬਾਅਦ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਈ ਹੈ ਅਤੇ ਪੁਲੀਸ ਅਧਿਕਾਰੀਆਂ ਨੇ ਹਾਂ-ਪੱਖੀ ਹੁੰਗਾਰਾ ਦਿੱਤਾ ਹੈ। ਸ੍ਰੀ ਸੈਣੀ ਨੇ 6 ਜੂਨ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਗ੍ਰਿਫ਼ਤਾਰ ਕੀਤੇ 31 ਸਿੱਖ ਤੁਰੰਤ ਰਿਹਾਅ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਪ੍ਰੋ. ਭੁੱਲਰ ਨੂੰ ਵੀ ਕੁਝ ਦਿਨਾਂ ਵਿੱਚ ਹੀ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦਾ ਫੈਸਲਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ 78 ਬੰਦੀ ਸਿੱਖਾਂ ਦੀ ਰਿਹਾਈ ’ਤੇ ਚਰਚਾ ਹੋਈ ਹੈ ਅਤੇ ਇਸ ਮੁੱਦੇ ’ਤੇ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ।

ਏਡੀਜੀਪੀ ਨੇ ਭੁੱਲਰ ਨੂੰ ਪੰਜਾਬ ਤਬਦੀਲ ਕਰਨ ਦੀ ਕੀਤੀ ਪੁਸ਼ਟੀ
ਏਡੀਜੀਪੀ ਸ੍ਰੀ ਢਿੱਲੋਂ ਨੇ ਸੰਪਰਕ ਕਰਨ ’ਤੇ ਮੀਟਿੰਗ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਬਾਦਲ ਵੱਲੋਂ ਪਿਛਲੇ ਸਮੇਂ ਇਸ ਮੁੱਦੇ ’ਤੇ ਕੀਤੀ ਗੲੀ ਮੀਟਿੰਗ ਦੀ ਲਗਾਤਾਰਤਾ ਵਿੱਚ ਅੱਜ ਪੁਲੀਸ ਮੁਖੀ ਨੇ ਸੰਘਰਸ਼ ਕਮੇਟੀ ਦੇ ਵਫਦ ਨਾਲ ਮੀਟਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਉਪਰ ਚਰਚਾ ਹੋਈ ਹੈ। ਉਨ੍ਹਾਂ ਦੱਸਿਆ ਕਿ ਪ੍ਰੋ. ਭੁੱਲਰ ਨੂੰ ਦਿੱਲੀ ਤੋਂ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦਾ ਫੈਸਲਾ ਹੋ ਚੁੱਕਾ ਹੈ ਅਤੇ ਹੁਣ ਕਾਨੂੰਨੀ ਪ੍ਰਕਿਰਿਆ ਹੀ ਬਾਕੀ ਰਹਿੰਦੀ ਹੈ।

ਘੱਲੂਘਾਰਾ ਦਿਵਸ ਮੌਕੇ ਗ਼ਿ੍ਫ਼ਤਾਰ 31 ਨੌਜਵਾਨ ਨਿੱਜੀ ਮੁਚੱਲਕੇ ’ਤੇ ਰਿਹਾਅ
ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਵਾਪਰੀ ਹਿੰਸਕ ਘਟਨਾ ਦੇ ਸਬੰਧ ਵਿੱਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ 31 ਵਿਅਕਤੀਅਾਂ ਨੂੰ ਅੱਜ ਸ਼ਾਮ ਨਿੱਜੀ ਮੁਚਲਕੇ ਦੇ ਆਧਾਰ ’ਤੇ ਕੇਂਦਰੀ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਇਸ ਸਬੰਧੀ ਅਦਾਲਤ ਵਿੱਚ ਸੁਣਵਾਈ 18 ਜੂਨ ਨੂੰ ਹੋਵੇਗੀ। ਯੂਨਾਈਟਿਡ ਅਕਾਲੀ ਦਲ ਦੇ ਮੁਖੀ ਭਾਈ ਮੋਹਕਮ ਸਿੰਘ ਨੇ ਦੱਸਿਆ ਕਿ 31 ਨੌਜਵਾਨਾਂ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਸੀ, ਜਿਨ੍ਹਾਂ ਨੂੰ ਨਿੱਜੀ ਮੁਚਲਕੇ ਦੇ ਆਧਾਰ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਇਹ ਨੌਜਵਾਨ ਰਿਹਾਈ ਮਗਰੋਂ ਆਪੋ ਆਪਣੇ ਘਰਾਂ ਨੂੰ ਰਵਾਨਾ ਹੋ ਜਾਣਗੇ। ਇਸ ਸਬੰਧੀ ਅਦਾਲਤ ਵਿੱਚ ਸੁਣਵਾਈ 18 ਜੂਨ ਨੂੰ ਤੈਅ ਹੋਈ ਹੈ, ਜਿਥੇ ਇਨ੍ਹਾਂ ਖ਼ਿਲਾਫ ਦਰਜ ਕੇਸ ਰੱਦ ਹੋਣ ਦੀ ਸੰਭਾਵਨਾ ਹੈ। ਇਸ ਦੀ ਪੁਸ਼ਟੀ ਕਰਦਿਆਂ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਆਰ.ਕੇ. ਸ਼ਰਮਾ ਨੇ ਦੱਸਿਆ ਕਿ ਦਰਬਾਰ ਸਾਹਿਬ ਵਿੱਚ ਵਾਪਰੀ ਹਿੰਸਕ ਘਟਨਾ ਸਬੰਧੀ ਗ੍ਰਿਫਤਾਰ 31 ਵਿਅਕਤੀਆਂ ਨੂੰ ਅੱਜ ਸ਼ਾਮ ਜੇਲ੍ਹ ਵਿੱਚੋਂ ਨਿੱਜੀ ਮੁਚਲਕੇ ’ਤੇ ਰਿਹਾਅ ਕੀਤਾ ਗਿਆ ਹੈ।

Facebook Comment
Project by : XtremeStudioz