Close
Menu

ਤੇਂਦੁਲਕਰ ਦੇ 200ਵੇਂ ਟੈਸਟ ਮੈਚ ਦੀ ਮੇਜ਼ਬਾਨੀ ਕਰਨੀ ਚਾਹੁੰਦੀ ਹੈ ਐਮਸੀਏ

-- 06 September,2013

sachin3

ਮੁੰਬਈ, 6 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਮੁੰਬਈ ਕ੍ਰਿਕਟ ਐਸੋਸੀਏਸ਼ਨ (ਐਮਸੀਏ) ਸਟਾਰ ਬੱਲੇਬਾਜ਼ ਸਚਿਨ ਤੇਂਦੁਲਕਰ ਦੇ 200ਵੇਂ ਟੈਸਟ ਮੈਚ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ। ਉਹ ਵੈਸਟ ਇੰਡੀਜ਼ ਖ਼ਿਲਾਫ਼ ਨਵੰਬਰ ’ਚ ਹੋਣ ਵਾਲੇ ਇਸ ਮੈਚ ਦੀ ਇੱਥੇ ਵਾਨਖੇੜੇ ਸਟੇਡੀਅਮ ਵਿੱਚ ਮੇਜ਼ਬਾਨੀ ਕਰਨ ਦਾ ਇੱਛੁਕ ਹੈ। ਜੇਕਰ ਐਮਸੀਏ ਲੜੀ ਦੇ ਦੂਜੇ ਮੈਚ ਦੀ ਮੇਜ਼ਬਾਨੀ ਹਾਸਲ ਕਰ ਲੈਂਦਾ ਹੈ ਤਾਂ ਫਿਰ ਇਹ ਕ੍ਰਿਕਟ ਬੋਰਡ ਦੀ ਰੋਟੇਸ਼ਨ ਨੀਤੀ ਦੇ ਉਲਟ ਹੋਵੇਗਾ ਤੇ ਵਾਨਖੇੜੇ ਨੂੰ ਸਮੇਂ ਤੋਂ ਪਹਿਲਾਂ ਮੈਚ ਦੀ ਮੇਜ਼ਬਾਨੀ ਦਾ ਮੌਕਾ ਮਿਲੇਗਾ। ਐਮਸੀਏ ਦੇ ਸੰਯੁਕਤ ਸਕੱਤਰ ਨਿਤਿਨ ਦਲਾਲ ਨੇ ਪੀ.ਟੀ.ਆਈ. ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਸਚਿਨ ਦੇ 200ਵੇਂ ਟੈਸਟ ਮੈਚ ਦੀ ਮੇਜ਼ਬਾਨੀ ਵਾਨਖੇੜੇ ਸਟੇਡੀਅਮ ’ਚ ਕਰਨਾ ਚਾਹੁੰਦੇ ਹਨ, ਹਾਲਾਂਕਿ ਮੈਚ ਦੀ ਮੇਜ਼ਬਾਨੀ ਦਾ ਉਨ੍ਹਾਂ ਦਾ ਨੰਬਰ ਨਹੀਂ ਹੈ। ਉਹ ਦੂਜੇ ਟੈਸਟ ਮੈਚ ਦੀ ਮੇਜ਼ਬਾਨੀ ਸੌਂਪਣ ਲਈ ਭਾਰਤੀ ਕ੍ਰਿਕਟ ਬੋਰਡ ਨੂੰ ਰਸਮੀ ਅਪੀਲ ਭੇਜਣਗੇ।
ਭਾਰਤੀ ਕ੍ਰਿਕਟ ਬੋਰਡ ਨੇ ਇਸ ਸੰਖੇਪ ਦੌਰੇ ਦੀ ਯੋਜਨਾ ਬਣਾਈ ਹੈ, ਹਾਲਾਂਕਿ ਇਹ ਕੌਮਾਂਤਰੀ ਕ੍ਰਿਕਟ ਕੌਂਸਲ ਦੇ ਭਵਿੱਖ ਦੇ ਦੌਰੇ ਦੇ ਪ੍ਰੋਗਰਾਮ ਦਾ ਹਿੱਸਾ ਨਹੀਂ ਹੈ। ਕ੍ਰਿਕਟ ਦੱਖਣੀ ਅਫਰੀਕਾ ਨੇ, ਜੋ ਪ੍ਰੋਗਰਾਮ ਤਿਆਰ ਕੀਤਾ ਹੈ, ਉਸ ਅਨੁਸਾਰ ਭਾਰਤ ਨੂੰ ਨਵੰਬਰ ’ਚ ਦੱਖਣੀ ਅਫਰੀਕਾ ਦੌਰੇ ’ਤੇ ਜਾਣਾ ਸੀ। ਭਾਰਤੀ ਕ੍ਰਿਕਟ ਬੋਰਡ ਦੀ ਦੌਰਾ ਕਮੇਟੀ ਦੀ ਜਲਦੀ ਹੀ ਮੀਟਿੰਗ ਹੋਵੇਗੀ, ਜਿਸ ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਦੋ ਟੈਸਟ ਤੇ ਤਿੰਨ ਇਕ-ਰੋਜ਼ਾ ਮੈਚਾਂ ਦੀ ਲੜੀ ਦਾ ਪ੍ਰੋਗਰਾਮ ਤੈਅ ਕੀਤਾ ਜਾਵੇਗਾ। ਇਕ-ਰੋਜ਼ਾ ਤੇ ਟੀ-20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਸਚਿਨ ਲਈ ਆਪਣੇ ਘਰੇਲੂ ਮੈਦਾਨ ’ਤੇ 200ਵਾਂ ਟੈਸਟ ਮੈਚ ਖੇਡਣਾ ਸੋਨੇ ’ਤੇ ਸੁਹਾਗਾ ਹੋਵੇਗਾ।

Facebook Comment
Project by : XtremeStudioz