Close
Menu

ਤੇਲੰਗਾਨਾ ਬਿੱਲ ਨੂੰ ਵਿਧਾਨ ਸਭਾ ‘ਚ ਪਾਸ ਨਹੀਂ ਹੋਣ ਦੇਵਾਂਗੇ : ਰੇਡੀ

-- 08 December,2013

ਵਿਜੇਵਾੜਾ- ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਕਿਰਨ ਕੁਮਾਰ ਰੇਡੀ ਨੇ ਕਿਹਾ ਕਿ ਵੱਖਰੇ ਤੇਲੰਗਾਨਾ ਬਿੱਲ ਨੂੰ ਸੂਬਾਈ ਵਿਧਾਨ ਸਭਾ ‘ਚ ਪਾਸ ਨਹੀਂ ਹੋਣ ਦਿੱਤਾ ਜਾਏਗਾ। ਸ਼੍ਰੀ ਰੇਡੀ ਨੇ ਇਥੇ ਪੁਲਿਚਿੰਨਤਾਲਾ ਪਰਿਯੋਜਨਾ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਮੌਕੇ ‘ਤੇ ਆਯੋਜਿਤ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਇਹ ਬਿੱਲ ਵਿਧਾਨ ਸਭਾ ‘ਚ ਆਏਗਾ ਤਾਂ ਇਸ ਨੂੰ ਪਾਸ ਨਹੀਂ ਹੋਣ ਦਿੱਤਾ ਜਾਏਗਾ। ਉਨ੍ਹਾਂ ਨੇ ਕਾਂਗਰਸ ਹਾਈ ਕਮਾਨ ਨੂੰ ਪੁੱਛਿਆ ਕਿ ਕੀ ਉਹ ਵੱਖਰੇ ਤੇਲੰਗਾਨਾ ਸੂਬੇ ਦੇ ਗਠਨ ਦੇ ਲਈ ਸਹਿਮਤੀ ਸੰਬੰਧੀ ਪੱਤਰ ਦੇਣ ਵਾਲੇ ਚੰਦਰਸ਼ੇਕਰ ਰਾਓ, ਵਾਈ. ਐਸ. ਜਗਮੋਹਨ ਰੈਡੀ ਅਤੇ ਐਨ. ਚੰਦਰਬਾਬੂ ਨਾਇਡੂ ਦੇ ਲਈ ਸੂਬੀ ਦੀ ਵੰਡ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਜਦੋਂ ਵੱਖਰਾ ਤੇਲੰਗਾਨਾ ਸੂਬਾ ਬਿੱਲ ਵਿਧਾਨ ਸਭਾ ‘ਚ ਲਿਆਇਆ ਜਾਏਗਾ ਤਾਂ ਅਸੀਂ ਇਸ ਨੂੰ ਪਾਸ ਨਹੀਂ ਕਰਾਂਗੇ। ਅਸੀਂ ਇਹ ਵੀ ਦੇਖਾਂਗੇ ਕਿ ਇਹ ਬਿੱਲ ਸੰਸਦ ‘ਚ ਕਿਵੇਂ ਪਾਸ ਹੁੰਦਾ ਹੈ। ਉਨ੍ਹਾਂ ਨੇ ਕਾਂਗਰਸ ਹਾਈ ਕਮਾਨ ‘ਤੇ ਸੂਬੇ ਦੀ ਵੰਡ ਦੇ ਸੰਬੰਧ ‘ਚ ਇਕਤਰਫਾ ਫੈਸਲਾ ਲੈਣ ਦਾ  ਦੋਸ਼ ਲਗਾਇਆ। ਸ਼੍ਰੀ ਰੈਡੀ ਨੇ ਕਿਹਾ ਕਿ ਸੂਬੇ ‘ਚ ਦੋ ਮਹੀਨੇ ਤੋਂ ਵੀ ਵੱਧ ਸਮਾਂ ਸੂਬੇ ਦੀ ਵੰਡ ਕੀਤੇ ਜਾਣ ਦੇ ਖਿਲਾਫ ਸ਼ਾਂਤੀਪੂਰਣ ਢੰਗ ਨਾਲ ਅੰਦੋਲਨ ਹੋਇਆ ਪਰ ਦਿੱਲੀ ‘ਚ ਕਾਂਗਰਸ ਨੂੰ ਇਹ ਨਜਰ ਨਹੀਂ ਆਇਆ ਕਿਉਂਕਿ ਅਜਿਹਾ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੇ ਆਪਣੀਆਂ ਅੱਖਾਂ, ਮੂੰਹ ਅਤੇ ਕੰਨ ਬੰਦ ਕਰ ਲਏ ਹਨ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਦੋਹਾਂ ਖੇਤਰਾਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ‘ਚ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦੀ ਵੰਡ ਹੋਈ ਤਾਂ ਮਾਓਵਾਦੀ ਅਤੇ ਫਿਰਕੂ ਹਿੰਸਾ ਦਾ ਖਤਰਾ ਵੱਧ ਸਕਦਾ ਹੈ ਅਤੇ ਖੁਫੀਆ ਪ੍ਰਮੁੱਖ ਇਸ ਦੀ ਪੁਸ਼ਟੀ ਵੀ ਕਰ ਚੁੱਕੇ ਹਨ।

Facebook Comment
Project by : XtremeStudioz