Close
Menu

ਥਕਾਵਟ ਦੇ ਬਾਵਜੂਦ ਡੇਵਿਸ ਕੱਪ ਖੇਡਾਂਗਾ: ਨਡਾਲ

-- 12 September,2013

Rafael Nadal

ਮੈਡਰਿਡ, 12 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਦੂਜੀ ਵਾਰ ਯੂਐਸ ਓਪਨ ਟੈਨਿਸ ਖ਼ਿਤਾਬ ਜਿੱਤਣ ਵਾਲੇ ਸਪੇਨ ਦੇ ਰਾਫੇਲ ਨਡਾਲ ਨੇ ਕਿਹਾ ਹੈ ਕਿ ਏਸ਼ੀਆ ਵਿਚ ਹਾਰਡ ਕੋਰਟ ਦੀ ਤਿਆਰੀ ਲਈ ਮੈਡਰਿਡ ਵਿਚ ਡੇਵਿਸ ਕੱਪ ਖੇਡਣਾ ਠੀਕ ਨਹੀਂ ਹੈ ਪਰ ਉਹ ਦੇਸ਼ ਲਈ ਇਹ ਟੀਪ ਟੂਰਨਾਮੈਂਟ ਖੇਡੇਗਾ। ਨਡਾਲ ਏਸ਼ੀਆ ਦੌਰੇ ਤੋਂ ਪਹਿਲਾਂ ਯੂਕਰੇਨ ਖ਼ਿਲਾਫ਼ ਸਪੇਨ ਲਈ ਡੇਵਿਸ ਕੱਪ ਖੇਡੇਗਾ। ਸਾਲ 2011 ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਉਹ ਇਹ ਟੂਰਨਾਮੈਂਟ ਖੇਡ ਰਿਹਾ ਹੈ। ਨਡਾਲ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਪਛਾੜ ਕੇ ਵਿਸ਼ਵ ਰੈਂਕਿੰਗਜ਼ ਵਿਚ ਅੱਵਲ ਨੰਬਰ ਬਣਨ ਦੀ ਦਹਿਲੀਜ਼ ’ਤੇ ਹੈ।
13 ਗਰੈਂਡ ਸਲੈਮ ਜੇਤੂ ਨਡਾਲ ਨੇ ਕਿਹਾ, ‘‘ਮੈਂ ਥਕਾਵਟ ਮਹਿਸੂਸ ਕਰ ਰਿਹਾ ਹਾਂ। ਮੈਂ ਆਰਾਮ ਕਰਨਾ ਚਾਹੁੰਦਾ ਹਾਂ ਤਾਂ ਜੋ ਏਸ਼ੀਆ ਦੌਰੇ ਲਈ ਤਰੋਤਾਜ਼ਾ ਹੋ ਸਕਾਂ। ਇਹ ਸਾਲ ਦਾ ਆਖਰੀ ਸਮਾਂ ਹੈ ਅਤੇ ਮੈਂ ਨੰਬਰ ਵੰਨ ਬਣਨ ਵਾਲਾ ਹਾਂ।’’ ਦੱਸਣਯੋਗ ਹੈ ਕਿ ਜੂਨ 2011 ਵਿਚ ਨਡਾਲ ਅੱਵਲ ਦਰਜਾ ਸੀ ਪਰ ਇਸ ਬਾਅਦ ਗੋਡੇ ਦੀ ਸੱਟ ਕਾਰਨ ਉਸ ਨੂੰ ਸੱਤ ਮਹੀਨੇ ਕੋਰਟ ਤੋਂ ਬਾਹਰ ਰਹਿਣਾ ਪਿਆ ਅਤੇ ਉਹ ਵਿਸ਼ਵ ਰੈਂਕਿੰਗਜ਼ ਖਿਸਕ ਕੇ ਪੰਜਵੇਂ ਸਥਾਨ ’ਤੇ ਪਹੁੰਚ ਗਿਆ। ਇਸ ਸਾਲ ਹਾਰਡ ਕੋਰਟ ਵਿਚ ਸਾਰੇ ਮੈਚ ਜਿੱਤਣ ਵਾਲੇ ਇਸ ਸਪੈਨਿਸ਼ ਖਿਡਾਰੀ ਨੇ ਕਿਹਾ, ‘‘ਡੇਵਿਸ ਕੱਪ ਖੇਡਣ ਨਾਲ ਮੈਨੂੰ ਨੰਬਰ ਵੰਨ ਬਣਨ ਵਿਚ ਮਦਦ ਨਹੀਂ ਮਿਲੇਗੀ ਪਰ ਫਿਰ ਵੀ ਮੈਂ ਇਸ ਕੱਪ ’ਚ ਹਿੱਸਾ ਲਵਾਂਗਾ ਕਿਉਂਕਿ ਇਹ ਕੱਪ ਖੇਡਣ ਦਾ ਮੈਂ ਵਾਅਦਾ ਕੀਤਾ ਸੀ। ਮੈਂ ਆਪਣੇ ਦੇਸ਼ ਦੀ ਟੀਮ ਦੀ ਵਿਸ਼ਵ ਗਰੁੱਪ ਵਿਚ ਬਣੀ ਰਹਿਣ ’ਚ ਮਦਦ ਕਰਾਂਗਾ।’’ ਉਨ੍ਹਾਂ ਕਿਹਾ ਕਿ ਸਪੇਨ ਦੀ ਟੀਮ ਨੂੰ ਵਿਸ਼ਵ ਦੀਆਂ ਚੋਟੀ ਦੀਆਂ ਟੀਮਾਂ ਵਿਚ ਰਹਿਣਾ ਚਾਹੀਦਾ ਹੈ। ਕਈ ਸਾਲਾਂ ਤੋਂ ਟੀਮ ਅੱਵਲ ਨੰਬਰ ’ਤੇ ਹੈ ਅਤੇ ਭਵਿੱਖ ’ਚ ਵੀ ਟੀਮ ਨੂੰ ਇਹ ਸਥਾਨ ਮੱਲੀ ਰੱਖਣਾ ਚਾਹੀਦਾ ਹੈ।
ਸਪੇਨ ਦੀ ਡੇਵਿਸ ਕੱਪ ਟੀਮ ਦੇ ਕਪਤਾਨ ਅਲੈਕਸ ਕੋਰਤਜਾ ਨੇ ਕਿਹਾ ਕਿ ਨਡਾਲ ਨੂੰ ਇਸ ਟੂਰਨਾਮੈਂਟ ਵਿਚ ਖਿਡਾਉਣ ਦਾ ਫੈਸਲਾ ਸਥਿਤੀ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਜਾਵੇਗਾ। ਨਡਾਲ ਨੂੰ ਪਹਿਲੇ ਸਿੰਗਲਜ਼ ਮੁਕਾਬਲੇ ’ਚ ਆਰਾਮ ਦਿੱਤਾ ਜਾ ਸਕਦਾ ਹੈ ਅਤੇ ਟੌਮੀ ਰੌਬਰੈਡੋ ਜਾਂ ਫਰਨਾਡੋ ਵਰਦਸਕੋ ਨੂੰ ਇਸ ’ਚ ਉਤਾਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਯੂਕਰੇਨ ਦੇ ਖਿਡਾਰੀ ਉਲਟਫੇਰ ਕਰਦੇ ਹਨ ਤਾਂ ਨਡਾਲ ਨੂੰ ਡਬਲਜ਼ ਜਾਂ ਸਿੰਗਲਜ਼ ’ਚ ਉਤਾਰਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸਪੇਨ ਨੂੰ ਫਰਵਰੀ ਵਿਚ ਵਿਸ਼ਵ ਗਰੁੱਪ ਦੇ ਪਹਿਲੇ ਰਾਊਂਡ ਵਿਚ ਕੈਨੇਡਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਹੁਣ ਉਸ ਲਈ ਵਿਸ਼ਵ ਗਰੁੱਪ ਵਿਚ ਬਣੇ ਰਹਿਣ ਲਈ ਪਲੇਅ ਆਫ ਵਿਚ ਯੂਕਰੇਨ ਨੂੰ ਹਰਾਉਣਾ ਜ਼ਰੂਰੀ ਹੈ।

Facebook Comment
Project by : XtremeStudioz