Close
Menu

ਥਰਡ ਕੰਟਰੀ ਸਮਝੌਤੇ ਦੀਆਂ ਚੋਰ ਮੋਰੀਆਂ ਬੰਦ ਕੀਤੇ ਜਾਣ ਦੀ ਲੋੜ : ਕੇਨੀ

-- 27 February,2017

ਓਟਵਾ, ਫੈਡਰਲ ਸਰਕਾਰ ਨੂੰ ਉਹ ਚੋਰ ਮੋਰੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਸਹਾਰਾ ਲੈ ਕੇ ਪਨਾਹ ਹਾਸਲ ਕਰਨ ਦੀ ਚਾਹਨਾ ਰੱਖਣ ਵਾਲੇ ਲੋਕ ਗੈਰਕਾਨੂੰਨੀ ਤੌਰ ਉੱਤੇ ਕੈਨੇਡਾ ਵਿੱਚ ਦਾਖਲ ਹੋ ਰਹੇ ਹਨ। ਇਹ ਗੱਲ ਸਾਬਕਾ ਕੰਜ਼ਰਵੇਟਿਵ ਇਮੀਗ੍ਰੇਸ਼ਨ ਮੰਤਰੀ ਜੇਸਨ ਕੇਨੀ ਨੇ ਆਖੀ।
ਜਿ਼ਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸੱਤ ਮੁਸਲਿਮ ਮੁਲਕਾਂ ਦੇ ਬਸਿੰ਼ਦਿਆਂ ਦੇ ਅਮਰੀਕਾ ਦਾਖਲ ਹੋਣ ਉੱਤੇ ਰੋਕ ਲਾਉਣ ਦੀ ਕੀਤੀ ਕੋਸਿ਼ਸ਼ ਤੋਂ ਬਾਅਦ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਕੇ ਰਫਿਊਜੀ ਦਰਜਾ ਹਾਸਲ ਕਰਨ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਕੈਨੇਡਾ ਤੇ ਅਮਰੀਕਾ ਵਿਚਾਲੇ ਹੋਏ ਸੇਫ ਥਰਡ ਕੰਟਰੀ ਅਗਰੀਮੈਂਟ ਤਹਿਤ ਇੱਕ ਦੇਸ਼ ਵਿੱਚ ਰਫਿਊਜੀ ਦਰਜਾ ਹਾਸਲ ਕਰਨ ਵਾਲੇ ਲੋਕ ਸਰਹੱਦ ਪਾਰ ਦੂਜੇ ਦੇਸ਼ ਵਿੱਚ ਇਹੋ ਦਰਜਾ ਹਾਸਲ ਕਰਨ ਦਾ ਦਾਅਵਾ ਨਹੀਂ ਕਰ ਸਕਦੇ।
ਪਰ ਇਹ ਅਗਰੀਮੈਂਟ ਸਿਰਫ ਉਨ੍ਹਾਂ ਉੱਤੇ ਹੀ ਲਾਗੂ ਹੁੰਦਾ ਹੈ ਜਿਹੜੇ ਆਫੀਸ਼ੀਅਲ ਬਾਰਡਰ ਕਰੌਸਿੰਗ ਉੱਤੇ ਇਹ ਦਾਅਵਾ ਕਰਦੇ ਹਨ। ਜੇ ਉਹ ਸਰਹੱਦ ਪਾਰ ਕਰਕੇ ਕੈਨੇਡਾ ਦਾਖਲ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਮਾਮਲੇ ਉੱਤੇ ਵਿਚਾਰ ਕੀਤਾ ਜਾਣਾ ਲਾਜ਼ਮੀ ਹੋ ਜਾਂਦਾ ਹੈ। ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਕੈਨੇਡਾ ਦਾਖਲ ਹੋਣ ਵਾਲੇ ਮਾਮਲੇ ਤੇਜ਼ੀ ਨਾਲ ਵਧੇ ਹਨ। ਮਿਸਾਲ ਵਜੋਂ ਮੈਨੀਟੋਬਾ ਦੀ ਕੜਕ ਠੰਢ ਦੇ ਬਾਵਜੂਦ ਸੰਘਣੇ ਜੰਗਲ ਨੂੰ ਪਾਰ ਕਰਕੇ ਕੈਨੇਡਾ ਦਾਖਲ ਹੋਣ ਵਾਲੇ ਲੋਕ ਵੀ ਰਫਿਊਜੀ ਦਾ ਦਰਜਾ ਹਾਸਲ ਕਰਨਾ ਚਾਹੁੰਦੇ ਹਨ, ਇਸ ਲਈ ਸਰਕਾਰ ਨੂੰ ਥਰਡ ਕੰਟਰੀ ਅਗਰੀਮੈਂਟ ਸਸਪੈਂਡ ਕਰਨ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ।
ਪਰ ਕੇਨੀ ਨੇ ਆਖਿਆ ਕਿ ਸਰਕਾਰ ਨੂੰ ਚੋਰ ਮੋਰੀਆਂ ਹੀ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਸਾਨੂੰ ਇਹ ਅਗਰੀਮੈਂਟ ਸਸਪੈਂਡ ਕਰਨ ਦੀ ਲੋੜ ਨਹੀਂ ਹੈ ਸਗੋਂ ਸਾਨੂੰ ਉਨ੍ਹਾਂ ਚੋਰ ਮੋਰੀਆਂ ਨੂੰ ਬੰਦ ਕਰਨ ਦੀ ਲੋੜ ਹੈ ਜਿਹੜੀਆਂ ਇਸ ਦੌਰਾਨ ਰਹਿ ਗਈਆਂ ਹਨ। ਇਹ ਗੱਲ ਕੇਨੀ ਨੇ ਇੱਕ ਇੰਟਰਵਿਊ ਵਿੱਚ ਆਖੀ। ਕੇਨੀ ਨੇ ਆਖਿਆ ਕਿ 11 ਸਤੰਬਰ, 2001 ਨੂੰ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਨੇ ਇਹ ਸਮਝੌਤਾ ਕੀਤਾ ਕਿ ਜਿਹੜੇ ਹਿਫਾਜ਼ਤ ਚਾਹੁੰਦੇ ਹਨ ਉਹ ਜਿਸ ਮੁਲਕ ਵਿੱਚ ਹਨ ਉੱਥੇ ਰਹਿੰਦਿਆਂ ਅਜਿਹਾ ਕਰ ਸਕਦੇ ਹਨ। ਕੇਨੀ ਨੇ ਇਹ ਵੀ ਆਖਿਆ ਕਿ ਅਮਰੀਕਾ ਦਾ ਆਪਣਾ ਪਨਾਹ ਦੇਣ ਦਾ ਅਜ਼ਾਦਾਨਾ ਸਿਸਟਮ ਹੈ। ਉਸ ਨੂੰ ਡੌਨਲਡ ਟਰੰਪ ਨਿਯੰਤਰਿਤ ਨਹੀਂ ਕਰਦਾ। ਉਹ ਅਜ਼ਾਦਾਨਾ ਅਮਰੀਕੀ ਨਿਆਂਪਾਲਿਕਾ ਵੱਲੋਂ ਚਲਾਇਆ ਜਾਂਦਾ ਹੈ। ਉਸੇ ਨਿਆਂਪਾਲਿਕਾ ਨੇ ਟਰੰਪ ਦੇ ਐਗਜ਼ੈਕਟਿਵ ਹੁਕਮਾਂ ਉੱਤੇ ਵੀ ਰੋਕ ਲਾ ਦਿੱਤੀ ਹੈ।
ਕੇਨੀ ਨੇ ਆਖਿਆ ਕਿ ਦਿੱਕਤ ਉਹ ਛੋਟ ਹੈ ਜਿਹੜੀ ਲੋਕਾਂ ਨੂੰ ਕੈਨੇਡਾ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਤੇ ਫਿਰ ਰਫਿਊਜੀ ਦਾ ਦਰਜਾ ਹਾਸਲ ਕਰਨ ਦੀ ਖੁੱਲ੍ਹ ਦਿੰਦੀ ਹੈ। ਲੋਕ ਹਰ ਤਰ੍ਹਾਂ ਦੇ ਖਤਰੇ ਚੁੱਕ ਕੇ ਕੈਨੇਡਾ ਦਾਖਲ ਹੋਣ ਦੀ ਕੋਸਿ਼ਸ਼ ਕਰ ਰਹੇ ਹਨ। ਅਸੀਂ ਸੁਰੱਖਿਅਤ, ਨਿਯਮਿਤ, ਲੀਗਲ ਮਾਇਗ੍ਰੇਸ਼ਨ ਦੇ ਹੱਕ ਵਿੱਚ ਹਾਂ ਨਾ ਕਿ ਗੈਰਕਾਨੂੰਨੀ ਮਾਇਗ੍ਰੇਸ਼ਨ ਦੇ ਹੱਕ ਵਿੱਚ ਹਾਂ।
ਇਸ ਦੌਰਾਨ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਵੀ ਕੇਨੀ ਦੇ ਵਿਚਾਰਾਂ ਉੱਤੇ ਹੀ ਫੁੱਲ ਚੜ੍ਹਾਏ। ਇੱਕ ਇੰਟਰਵਿਊ ਵਿੱਚ ਹੁਸੈਨ ਨੇ ਆਖਿਆ ਕਿ ਅਮਰੀਕਾ ਦਾ ਘਰੇਲੂ ਪਨਾਹ ਦੇਣ ਦਾ ਸਿਸਟਮ ਉਸੇ ਤਰ੍ਹਾਂ ਦਾ ਹੈ ਜਿਹੋ ਜਿਹਾ ਐਗਜ਼ੈਕਟਿਵ ਹੁਕਮ ਜਾਰੀ ਹੋਣ ਤੋਂ ਪਹਿਲਾਂ ਹੁੰਦਾ ਸੀ। ਇਹ ਸਿਸਟਮ ਅਜੇ ਵੀ ਨਿਆਂਪਾਲਿਕਾ ਦੀ ਨਿਗਰਾਨੀ ਹੇਠ ਹੀ ਹੈ।

Facebook Comment
Project by : XtremeStudioz