Close
Menu

ਥੌਮਸ ਮਲਕੇਅਰ ਦਾ ਦਾਅਵਾ : ਗ੍ਰੀਨ ਹਾਊਸ ਗੈਸਾਂ ਵਿਚ ਵਾਧੇ ਬਗੈਰ ਆਇਲਸਲੈਂਡ ਵਿਚ ਵਾਧਾ ਸੰਭਵ

-- 11 August,2015

ਮਾਂਟ੍ਰੀਅਲ : ਕੈਨੇਡਾ ਦੀ ਆਰਥਿਕ ਤਰੱਕੀ ਲਈ ਇਹ ਜ਼ਰੂਰੀ ਹੈ ਕਿ ਕੋਈ ਭਰੋਸੇਯੋਗ ਅਤੇ ਨਿਸ਼ਚਿਤ ਯੋਜਨਾ ਬਣਾਈ ਜਾਵੇ, ਜਿਸ ਰਾਹੀਂ ਦੇਸ਼ ਦੇ ਸਰੋਤਾਂ ਦੀ ਸਹੀ ਵਰਤੋਂ ਅਤੇ ਇਸ ਨਾਲ ਦੇਸ਼ ਦੇ ਆਰਥਿਕ ਵਿਕਾਸ ਵਿਚ ਇਕ ਸਮਾਨ ਵਾਧਾ ਲਿਆਂਦਾ ਜਾ ਸਕੇ। ਚੁਣਾਵੀ ਭੇੜ ਸ਼ੁਰੂ ਹੋ ਚੁੱਕਿਆ ਹੈ ਅਤੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੀਆਂ ਵੱਲੋਂ ਇਸ ਦੌਰਾਨ ਕਈ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ, ਜਿਨ੍ਹਾਂ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਉਹ ਆਪਣੇ ਨਾਲ ਜੋੜ ਸਕਣ। ਅਜਿਹਾ ਹੀ ਇਕ ਦਾਅਵਾ ਐਨ.ਡੀ.ਪੀ. ਪਾਰਟੀ ਦੇ ਲੀਡਰ ਥੌਮਸ ਮਲਕੇਅਰ ਨੇ ਸੋਮਵਾਰ  ਨੂੰ ਕੀਤਾ। ਥੌਮਸ ਮਲਕੇਅਰ ਨੇ ਇਕੱਠ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ, “ਕੈਨੇਡਾ ਨੂੰ ਇਕ ਅਜਿਹੇ ਕਾਨੂੰਨ ਦੀ ਲੋੜ ਹੈ, ਜਿਸ ਰਾਹੀਂ ਐਲਬਰਟਾ ਦੇ ਆਇਲਸਲੈਨਡ ਦੀ ਸਹੀ ਵਰਤੋਂ ਕਰਕੇ ਸਥਿਰ ਵਿਕਾਸ ਵਿਚ ਵਾਧਾ ਕੀਤਾ ਜਾ ਸਕੇ।” ਇਹ ਗੱਲ ਮਲਕੇਅਰ ਵੱਲੋਂ ਇਕ ਬੁੱਕ ਲਾਂਚ ਸਮਾਗਮ ਅਤੇ ਐਨ.ਡੀ.ਪੀ. ਪਾਰਟੀ ਦੇ ਕੈਂਪੇਨ ਸਟੌਪ ਦੌਰਾਨ ਆਖੀ ਗਈ।

ਇਹ ਵੀ ਖਬਰ ਮਿਲੀ ਹੈ ਕਿ ਟੋਰਾਂਟੋ ਵਿਖੇ ਇਕ ਅਜਿਹੇ ਹੀ ਸਮਾਗਮ ਦੌਰਾਨ ਲੋਕਾਂ ਦੀ ਭੀੜ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਟ੍ਰਾਂਸਕੈਨੇਡਾ ਦੀ ਐਨਰਜੀ ਈਸਟ ਪਾਈਪਲਾਈਨ ਯੋਜਨਾ ‘ਤੇ ਥੌਮਸ ਮਲਕੇਅਰ ਵੱਲੋਂ ਲਏ ਗਏ ਸਟੈਂਟ ਖਿਲਾਫ਼ ਗੁੱਸਾ ਜਤਾਇਆ ਗਿਆ।

ਇਸ ਯੋਜਨਾ ਨੂੰ ਲੈ ਕੇ ਦੇਸ਼ ਦੀ ਜਨਤਾ ਦੋ ਹਿੱਸਿਆਂ ਵਿਚ ਵੰਡੀ ਗਈ ਹੈ ਕਿ ਤੇਲ ਦੇ ਮੈਦਾਨਾਂ ‘ਤੇਹੋ ਰਹੀ ਪੈਦਾਵਾਰ ਨੂੰ ਵਧਾਇਆ ਜਾਵੇ ਜਾਂ ਨਹੀਂ ਅਤੇ ਇਸ ਯੋਜਨਾ ‘ਤੇ ਵਿਚਾਰ ਕਰਨ ਲਈ ਕੁੱਝ ਮਾਹਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਕੰਜ਼ਰਵਟਿਵ ਪਾਰਟੀ ਵੱਲੋਂ ਵੀ ਹਾਲੇ ਐਨਰਜੀ ਈਸਟ ਯੋਜਨਾ ਨੂੰ ਲੈ ਕੇ ਕੋਈ ਅੰਤਿਮ ਰਾਏ ਨਹੀਂ ਦਿੱਤੀ ਗਈ ਹੈ। ਇਹ ਮੁੱਦਾ ਸਿੱਧੇ ਸਿੱਧੇ ਗ੍ਰੀਨ ਹਾਊਸ ਗੈਸਾਂ ਦੀ ਪੈਦਾਵਾਰ ਨਾਲ ਜੁੜਿਆ ਹੋਇਆ ਹੈ। ਥੌਮਸ ਮਲਕੇਅਰ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਅਜਿਹੀ ਯੋਜਨਾ ਹੈ, ਜਿਸ ਰਾਹੀਂ ਗ੍ਰੀਨ ਹਾਊਸ ਗੈਸਾਂ ਦੀ ਪੈਦਾਵਾਰ ਵਿਚ ਵਾਧਾ ਕੀਤੇ ਬਿਨਾ ਇਸ ਦੀ ਪੈਦਾਵਾਰ ਵਿਚ ਵਾਧਾ ਕੀਤਾ ਜਾ ਸਕਦਾ ਹੈ। ਹਾਲ ਦੀ ਘੜੀ ਵਿਗਿਆਨੀਆਂ ਦੀ ਸਲਾਹ ਲੈ ਕੇ ਅਜਿਹੇ ਨੁਕਤਿਆਂ ਦੀ ਖੋਜ ਕੀਤੀ ਜਾ ਰਹੀ ਹੈ, ਜਿਸ ਰਾਹੀਂ ਗ੍ਰੀਨ ਹਾਊਸ ਗੈਸਾਂ ਦੀ ਘੱਟ ਤੋਂ ਘੱਟ ਪੈਦਾਵਾਰ ਨਾਲ ਤੇਲ ਦੀ ਵੱਧ ਤੋਂ ਵੱਧ ਪੈਦਾਵਾਰ ਵਿਚ ਸੰਤੁਲਨ ਬਣਾਇਆ ਜਾ ਸਕੇ। ਹੁਣ ਵੇਖਣਾ ਇਹ ਬਣਦਾ ਹੈ ਕਿ ਅਜਿਹੀ ਖੋਜ ਜਦੋਂ ਹਾਲੇ ਵਿਚਾਰ-ਵਿਮਰਸ਼ ਦੀ ਸਥਿਤੀ ਵਿਚ ਚੱਲ ਰਹੀ ਹੈ ਤਾਂ ਐਨ.ਡੀ.ਪੀ. ਲੀਡਰ ਥੌਮਸ ਮਲਕੇਅਰ ਆਪਣੇ ਵੱਲੋਂ ਅਜਿਹੀ ਕਿਹੜੀ ਯੋਜਨਾ ਲੈ ਕੇ ਆਏ ਹਨ, ਜੋ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨਾਲੋਂ ਵੀ ਪਹਿਲਾਂ ਇਸ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦੀ ਹੈ।

Facebook Comment
Project by : XtremeStudioz