Close
Menu

‘ਥੱਕੇ’ ਨਵੀਨ ਬਾਬੂ ਨੂੰ ‘ਆਰਾਮ’ ਦੀ ਲੋੜ: ਸ਼ਾਹ

-- 08 April,2019

ਪੋਲੋਸਰਾ(ਉੜੀਸਾ), 8 ਅਪਰੈਲ
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਉੜੀਸਾ ਦੇ ਵੋਟਰਾਂ ਨੂੰ ਕਿਹਾ ਕਿ ਉਹ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ‘ਆਰਾਮ’ ਦੇਣ ਕਿਉਂਕਿ ਨਵੀਨ ਬਾਬੂ ‘ਥੱਕ’ ਚੁੱਕੇ ਹਨ ਤੇ ਉਨ੍ਹਾਂ ਵਿੱਚ ਰਾਜ ਨੂੰ ਅੱਗੇ ਲਿਜਾਣ ਦੀ ‘ਇੱਛਾ ਸ਼ਕਤੀ’ ਹੁਣ ਨਹੀਂ ਰਹੀ। ਸ੍ਰੀ ਸ਼ਾਹ ਇਥੇ ਗੰਜਮ ਜ਼ਿਲ੍ਹੇ ਵਿੱਚ ਅਸਕਾ ਲੋਕ ਸਭਾ ਖੇਤਰ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਦੂਜੇ ਗੇੜ ਤਹਿਤ 18 ਅਪਰੈਲ ਨੂੰ ਵੋਟਾਂ ਪੈਣੀਆਂ ਹਨ। ਉੜੀਸਾ ਦੀ 147 ਮੈਂਬਰੀ ਵਿਧਾਨ ਸਭਾ ਤੇ ਰਾਜ ਦੀਆਂ 21 ਲੋਕ ਸਭਾ ਸੀਟਾਂ ਲਈ ਵੋਟਾਂ ਨਾਲੋ-ਨਾਲ ਪੈਣਗੀਆਂ।
ਭਾਜਪਾ ਵੱਲੋਂ ਉੜੀਸਾ ਨੂੰ ਵਿਕਾਸ ਦੇ ਰਾਹ ਪਾਉਣ ਦਾ ਵਾਅਦਾ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ, ‘ਨਵੀਨ ਬਾਬੂ ਦੇ 19 ਸਾਲਾਂ ਦੇ ਕਾਰਜਕਾਲ ਦੌਰਾਨ ਉੜੀਸਾ ਵਿੱਚ ਵਿਕਾਸ ਦਾ ਕੋਈ ਕੰਮ ਨਹੀਂ ਹੋਇਆ। ਉਹ ਥੱਕ ਚੁੱਕੇ ਹਨ। ਲਿਹਾਜ਼ਾ, ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਭਾਜਪਾ ਨੂੰ ਇਕ ਮੌਕਾ ਦਿੱਤਾ ਜਾਵੇ।’ ਉੜੀਸਾ ਦੀ ਕਮਾਨ ਕਥਿਤ ਬਾਬੂਆਂ (ਅਧਿਕਾਰੀਆਂ) ਹੱਥ ਹੋਣ ਦਾ ਦਾਅਵਾ ਕਰਦਿਆਂ ਸ਼ਾਹ ਨੇ ਕਿਹਾ ਕਿ ਅਗਲੀ ਭਾਜਪਾ ਸਰਕਾਰ ਉੜੀਸਾ ਵਿੱਚ ਇਸ ‘ਬਾਬੂ-ਡਮ’ ਦਾ ਖ਼ਾਤਮਾ ਕਰੇਗੀ। ਉਨ੍ਹਾਂ ਕਿਹਾ ਕਿ ਨਵੀਨ ਪਟਨਾਇਕ ਸਰਕਾਰ ਵਿੱਚ ਚੁਣੇ ਹੋਏ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਥਾਂ ਅਧਿਕਾਰੀਆਂ ਦੀ ਚਲਦੀ ਹੈ। ਉਨ੍ਹਾਂ ਲੋਕਾਂ ਨੂੰ ਯਕੀਨ ਦਿਵਾਇਆ ਕਿ ਭਾਜਪਾ ਸਰਕਾਰ ਰਾਜ ਵਿੱਚ ਬਿਹਤਰ ਸਰਕਾਰ ਦੇਣ ਦੇ ਸਮਰੱਥ ਹੈ।

Facebook Comment
Project by : XtremeStudioz