Close
Menu

‘ਦਲਿਤ’ ਤੇ ‘ਮੁਸਲਿਮ’ ਮਗਰੋਂ ਹੁਣ ਭਗਵਾਨ ਹਨੂਮਾਨ ਨੂੰ ਜਾਟ ਦੱਸਿਆ

-- 22 December,2018

ਲਖਨਊ, 22 ਦਸੰਬਰ
ਰਾਮ ਭਗਤ ਹਨੂਮਾਨ ਨੂੰ ਪਹਿਲਾਂ ‘ਦਲਿਤ’ ਤੇ ਮਗਰੋਂ ‘ਮੁਸਲਿਮ’ ਦੱਸਣ ਮਗਰੋਂ ਹੁਣ ਜਾਟ ਦੱਸਿਆ ਜਾਣ ਲੱਗਾ ਹੈ। ਉੱਤਰ ਪ੍ਰਦੇਸ਼ ਸਰਕਾਰ ਵਿੱਚ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਨੇ ਭਗਵਾਨ ਹਨੂਮਾਨ ਦੇ ‘ਜਾਟ’ ਹੋਣ ਦਾ ਦਾਅਵਾ ਕੀਤਾ ਹੈ। ਯੋਗੀ ਸਰਕਾਰ ’ਚ ਮੰਤਰੀ ਲਕਸ਼ਮੀ ਨਰਾਇਣ ਚੌਧਰੀ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘ਜਾਟ, ਭਗਵਾਨ ਹਨੂਮਾਨ ਦੇ ਵੰਸ਼ਜ ਹਨ, ਹਨੂਮਾਨ ਜੀ ਜਾਟ ਸਨ।’ ਚੌਧਰੀ ਦੇ ਪਾਰਟੀ ਵਿਚਲੇ ਸਾਥੀ ਤੇ ਯੂਪੀ ਵਿਧਾਨ ਪ੍ਰੀਸ਼ਦ ਦੇ ਮੈਂਬਰ ਬੁੱਕਲ ਨਵਾਬ ਨੇ ਅਜੇ ਲੰਘੇ ਦਿਨ ਕਿਹਾ ਸੀ ਕਿ ਭਗਵਾਨ ਹਨੂਮਾਨ ‘ਅਸਲ ਵਿੱਚ ਮੁਸਲਿਮ’ ਸਨ। ਪਿਛਲੇ ਮਹੀਨੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦਾਅਵਾ ਕੀਤਾ ਸੀ ਕਿ ਭਗਵਾਨ ਹਨੂਮਾਨ ਦਲਿਤ ਸਨ।
ਸ੍ਰੀ ਚੌਧਰੀ ਨੇ ਆਪਣੇ ਇਸ ਬਿਆਨ ਪਿਛਲੇ ਆਧਾਰ ਦੀ ਵਿਆਖਿਆ ਕਰਦਿਆਂ ਕਿਹਾ, ‘ਭਗਵਾਨ ਰਾਮ ਦੀ ਪਤਨੀ ਮਾਤਾ ਸੀਤਾ ਨੂੰ ਰਾਵਣ ਨੇ ਅਗਵਾ ਕਰ ਲਿਆ ਸੀ, ਪਰ ਹਨੂਮਾਨਜੀ ਨੇ ਲੰਕਾ ਨੂੰ ਅੱਗ ਲਾ ਕੇ ਫ਼ੂਕ ਦਿੱਤਾ। ਇਹ ਇਕ ਵਿਅਕਤੀ ਵੱਲੋਂ ਕਿਸੇ ਦੂਜੇ ਵਿਅਕਤੀ ਨਾਲ ਕੀਤਾ ਗਿਆ ਅਨਿਆਂ ਸੀ ਤੇ ਤੀਜਾ ਵਿਅਕਤੀ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਜਾਣਦਾ ਸੀ। ਕੁਦਰਤੀ ਇਹ ਜਾਟਾਂ ਦੇ ਸੁਭਾਅ ਵਿਚ ਹੈ…ਜਦੋਂ ਵੀ ਕਿਸੇ ਨਾਲ ਧੱਕਾ ਹੁੰਦਾ ਹੈ ਉਹ ਖੁ਼ਦ ਬਖ਼ੁਦ ਵਿੱਚ ਪੈ ਜਾਂਦੇ ਹਨ।’ ਭਗਵਾਨ ਹਨੂਮਾਨ ਨੂੰ ਦਿੱਤੀਆਂ ਪਛਾਣਾਂ ’ਚ ਚੌਧਰੀ ਦਾ ਇਹ ਬਿਆਨ ਸੱਜਰਾ ਯਤਨ ਹੈ। ਲੰਘੇ ਦਿਨ ਨਵਾਬ, ਜੋ ਸਪਾ ਨੂੰ ਛੱਡ ਕੇ ਸੱਤਾਧਾਰੀ ਭਾਜਪਾ ’ਚ ਸ਼ਾਮਲ ਹੋ ਗਿਆ ਸੀ, ਨੇ ਦਲੀਲ ਦਿੱਤੀ ਸੀ ਕਿ ਧੁਨੀ ਵਿਗਿਆਨ ਪੱਖੋਂ ਹਨੂਮਾਨ ਦਾ ਨਾਂ ਮੁਸਲਿਮਾਂ ਨਾਲ ਮੇਲ ਖਾਂਦਾ ਹੈ ਤੇ ਕਈ ਨਾਂ ਜਿਵੇਂ ਰਹਿਮਾਨ, ਰਮਜ਼ਾਨ, ਫਰਮਾਨ, ਜੀਸ਼ਾਨ, ਕੁਰਬਾਨ ਉਨ੍ਹਾਂ ਦੇ ਨਾਂ ’ਤੇ ਰੱਖੇ ਗਏ ਹਨ।

Facebook Comment
Project by : XtremeStudioz