Close
Menu

ਦਲਿਤ ਬੱਚਿਆਂ ਦੀ ਵਜ਼ੀਫ਼ਾ ਸਕੀਮ ’ਚ ਕਰੋਡ਼ਾਂ ਦਾ ਘਪਲਾ

-- 22 September,2015

ਬਠਿੰਡਾ, 22 ਸਤੰਬਰ
ਪੰਜਾਬ ਵਿੱਚ ਦਲਿਤ ਬੱਚਿਆਂ ਦੀ ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਵਿੱਚ ਸਾਲ 2014 15 ਵਿੱਚ ਕਰੀਬ ਵੀਹ ਕਰੋੜ ਦਾ ਘਪਲਾ ਸਾਹਮਣੇ ਆਇਆ ਹੈ। ਪੰਜਾਬ ਦੇ ਪ੍ਰਾਈਵੇਟ ਤਕਨੀਕੀ ਤੇ ਡਿਗਰੀ ਕਾਲਜ ਹਰ ਵਰ੍ਹੇ ਦਲਿਤ ਵਿਦਿਆਰਥੀਆਂ ਦੇ ਫਰਜ਼ੀ ਦਾਖਲੇ ਕਰਕੇ ਆਪਣੇ ਹੱਥ ਰੰਗ ਰਹੇ ਹਨ। ਇਸ ਵਜੀਫਾ ਸਕੀਮ ਨੂੰ ਅਾਧਾਰ ਕਾਰਡ ਨਾਲ ਜੋਡ਼ਿਆ ਗਿਆ ਤਾਂ ਪੰਜਾਬ ਵਿੱਚ 1700 ਦਲਿਤ ਵਿਦਿਆਰਥੀ ਉਹ ਨਿਕਲੇ ਜਿਨ੍ਹਾਂ ਦੇ ਇੱਕੋ ਵੇਲੇ ਦੋ ਦੋ ਕਾਲਜਾਂ ਵਿੱਚ ਦਾਖਲੇ ਹਨ। ਇਵੇਂ ਹੀ 966 ਅਜਿਹੇ ਵਿਦਿਆਰਥੀ ਬੇਪਰਦ ਹੋਏ ਹਨ ਜਿਨ੍ਹਾਂ ਦਾ ਇੱਕੋ ਵੇਲੇ ਪੋਸਟ ਮੈਟ੍ਰਿਕ ਵਜੀਫਾ ਵੀ ਲਿਆ ਗਿਆ ਤੇ ਘੱਟ ਗਿਣਤੀ ਵਜੀਫਾ ਵੀ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ 27 ਵਿਦਿਆਰਥੀ ਉਹ ਬੇਪਰਦ ਹੋਏ ਹਨ ਜਿਨ੍ਹਾਂ ਦਾ ਇੱਕੋ ਵੇਲੇ ਤਿੰਨ-ਤਿੰਨ ਕਾਲਜਾਂ ਵਿੱਚ ਦਾਖਲਾ ਹੈ। ਇਸ ਤੋਂ ਬਿਨਾਂ 1674 ਵਿਦਿਆਰਥੀਆਂ ਦੇ ਦਾਖਲੇ ਦੋ‘ਦੋ ਕਾਲਜਾਂ ਵਿਚ ਹਨ। ਹੁਣ ਭਾਵੇਂ ਪ੍ਰਾਈਵੇਟ ਕਾਲਜਾਂ ਨੇ ਅਜਿਹੇ ਵਿਦਿਆਰਥੀਆਂ ਨੂੰ ਡਰਾਪ ਆਊਟ ਸੂਚੀ ਵਿੱਚ ਦਿਖਾ ਦਿੱਤਾ ਹੈ ਪਰ ਕਾਲਜਾਂ ਨੇ ਇਨ੍ਹਾਂ ਵਿਦਿਆਰਥੀਆਂ ਦੀ 80 ਫੀਸਦੀ ਵਜੀਫਾ ਰਾਸ਼ੀ ਆਪਣੀ ਜੇਬ ਵਿੱਚ ਪਾ ਲਈ ਹੈ। ਬਠਿੰਡਾ ਜ਼ਿਲ੍ਹੇ ਦੇ ਕਰੀਬ 20 ਅਜਿਹੇ ਵਿਦਿਆਰਥੀ ਸਾਹਮਣੇ ਆਏ ਜਿਨ੍ਹਾਂ ਨੇ ਇੱਕੋ ਦਿਨ ਇੱਕੋ ਸਮੇਂ ਦੋ-ਦੋ ਕਾਲਜਾਂ ਵਿੱਚ ਪ੍ਰੀਖਿਆ ਵੀ ਦੇ ਦਿੱਤੀ।
ਵੇਰਵਿਆਂ ਅਨੁਸਾਰ ਭਲਾਈ ਵਿਭਾਗ ਪੰਜਾਬ ਨੇ ਸਾਲ 2014-15 ਵਿੱਚ ਪੋਸਟ ਮੈਟ੍ਰਿਕ ਵਜੀਫਾ ਸਕੀਮ (ਐਸਸੀ, ਬੀਸੀ) ਤਹਿਤ 3209 ਸਕੂਲਾਂ-ਕਾਲਜਾਂ ਦੇ 2.51 ਲੱਖ ਵਿਦਿਆਰਥੀਆਂ ਨੂੰ 288.14 ਕਰੋੜ ਰੁਪਏ ਦਾ ਵਜੀਫਾ ਜਾਰੀ ਕੀਤਾ ਸੀ। ਪੰਜਾਬ ਸਰਕਾਰ ਨੇ ਇਸ ਵਿੱਚ 60.80 ਕਰੋੜ ਦਾ ਹਿੱਸਾ ਪਾਇਆ ਤੇ ਬਾਕੀ ਪੈਸਾ ਕੇਂਦਰ ਸਰਕਾਰ ਨੇ ਭੇਜਿਆ। ਇਸ ’ਚੋਂ 440 ਤਕਨੀਕੀ ਕਾਲਜਾਂ ਦੇ 57,440 ਵਿਦਿਆਰਥੀਆਂ ਨੂੰ ਇਸ ਸਕੀਮ ਤਹਿਤ ਵਜੀਫਾ ਜਾਰੀ ਕੀਤਾ ਗਿਆ ਸੀ। ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਸਰਕਾਰੀ ਦਸਤਾਵੇਜ਼ਾਂ ਅਨੁਸਾਰ ਇੱਕੋ ਵੇਲੇ ਦੋ-ਦੋ ਕਾਲਜਾਂ ਵਿੱਚ 1700 ਦਾਖਲੇ ਹਨ  ਜਿਨ੍ਹਾਂ ਦਾ 7.01 ਕਰੋੜ ਵਜੀਫਾ ਕਲੇਮ ਬਣਦਾ ਹੈ। ਇਸ ਕਲੇਮ ’ਚੋਂ 80 ਫੀਸਦੀ ਰਾਸ਼ੀ ਕਰੀਬ 5.81 ਕਰੋੜ ਰੁਪਏ ਕਾਲਜਾਂ ਨੂੰ ਦੇ ਵੀ ਦਿੱਤੀ ਗਈ ਹੈ। ਪੰਜਾਬ ਦੇ ਕੲੀ ਤਕਨੀਤੀ ਕਾਲਜਾਂ ਵਿੱਚ ਡਬਲ ਕਲੇਮ ਵਾਲੇ 1463 ਦਾਖਲੇ ਬੇਪਰਦ ਹੋਏ ਹਨ ਜਿਸ ਦੀ ਰਾਸ਼ੀ ਕਰੀਬ 4.23 ਕਰੋੜ ਰੁਪਏ ਬਣਦੀ ਹੈ। ਡੀਪੀਆਈ (ਕਾਲਜਾਂ) ਅਧੀਨ ਪੈਂਦੇ ਕਾਲਜਾਂ ਵਿੱਚ 861 ਦਾਖਲੇ ਅਤੇ ਡੀਪੀਆਈ (ਸੈਕੰਡਰੀ) ਅਧੀਨ ਪੈਂਦੇ ਕਾਲਜਾਂ ਵਿੱਚ 940 ਦਾਖਲੇ ਡਬਲ ਨਿਕਲੇ ਹਨ। ਫਰਜ਼ੀ ਦਾਖਲਿਆਂ ਵਿੱਚ ਸਭ ਤੋਂ ਮੋਹਰੀ ਪ੍ਰਾਈਵੇਟ ਬਹੁਤਕਨੀਕੀ ਕਾਲਜ ਹਨ।
ਸੂਤਰਾਂ ਅਨੁਸਾਰ ਪ੍ਰਾਈਵੇਟ ਕਾਲਜਾਂ ਦੇ ਪ੍ਰਬੰਧਕ ਦਲਿਤ ਬੱਚਿਆਂ ਦੇ ਫਰਜ਼ੀ ਦਾਖਲੇ ਕਰਕੇ ਉਨ੍ਹਾਂ ਦੀ ਵਜੀਫਾ ਰਾਸ਼ੀ ਸਰਕਾਰ ਤੋਂ ਕਲੇਮ ਕਰ ਲੈਂਦੇ ਹਨ। ਬਹੁਤੇ ਬਹੁਤਕਨੀਕੀ ਕਾਲਜ ਤਾਂ ਕਈ ਵਰ੍ਹਿਆਂ ਤੋਂ ਇਸ ਵਜੀਫਾ ਰਾਸ਼ੀ ਆਸਰੇ ਚੱਲ ਰਹੇ ਹਨ। ਇਨ੍ਹਾਂ ’ਚੋਂ ਬਹੁਤੇ ਕਾਲਜ ਹਾਕਮ ਧਿਰ ਨਾਲ ਸਬੰਧਤ ਵੀਆਈਪੀਜ਼ ਦੇ ਹਨ। ਵੇਰਵਿਆਂ ਅਨੁਸਾਰ ਸੰਗਰੂਰ ਬਰਨਾਲਾ ਜ਼ਿਲ੍ਹੇ ਵਿੱਚ 130 ਅਤੇ ਪਟਿਆਲਾ ਜ਼ਿਲ੍ਹੇ ਵਿੱਚ 62 ਦਾਖਲੇ ਡਬਲ ਨਿਕਲੇ ਹਨ। ਬਠਿੰਡਾ ਜ਼ਿਲ੍ਹੇ ਦੇ ਪ੍ਰਾਈਵੇਟ ਤਕਨੀਕੀ ਕਾਲਜਾਂ ਨੇ ਕਰੀਬ ਇੱਕ ਹਜ਼ਾਰ ਵਿਦਿਆਰਥੀਆਂ ਦੇ ਡਰਾਪ ਆਊਟ ਹੋਣ ਦੀ ਸੂਚਨਾ ਦੇ ਦਿੱਤੀ ਹੈ।
ਪੱਖ ਜਾਣਨ ਲਈ ਪੰਜਾਬ ਅਣਏਡਿਡ ਟੈਕਨੀਕਲ ਇੰਸਟੀਚਿੳੂਸ਼ਨਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜੀਐਸ ਧਾਲੀਵਾਲ ਨੂੰ ਵਾਰ ਵਾਰ ਸੰਪਰਕ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਵਧੀਕ ਡਾਇਰੈਕਟਰ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਡੁਪਲੀਕੇਸੀ ਵਾਲੇ ਕਰੀਬ 700 ਕੇਸ ਅਤੇ ਡਰਾਪ ਆਊਟ ਵਾਲੇ ਕਰੀਬ ਚਾਰ ਹਜ਼ਾਰ ਕੇਸ ਰੱਦ ਕਰ ਦਿੱਤੇ ਹਨ ਅਤੇ ਇਨ੍ਹਾਂ ਕੇਸਾਂ ਵਿੱਚ ਜੋ 80 ਫੀਸਦੀ ਵਜੀਫਾ ਦਿੱਤਾ ਜਾ ਚੁੱਕਾ ਹੈ, ਉਸ ਨੂੰ ਬਕਾਇਆ ਰਾਸ਼ੀ ’ਚ ਅਡਜਸਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਭਵਿੱਖ ਵਿੱਚ ਅਜਿਹਾ ਹੋਇਆ ਤਾਂ ਉਸ ਕਾਲਜ ਨੂੰ ਨੌ ਅੈਡਮਿਸ਼ਨ ਜ਼ੋਨ ਵਿੱਚ ਪਾ ਦਿੱਤਾ ਜਾਵੇਗਾ ਅਤੇ ਕੇਸ ਦਰਜ ਕਰਾਏ ਜਾਣਗੇ।

Facebook Comment
Project by : XtremeStudioz