Close
Menu

ਦਾਰਜੀਲਿੰਗ ਬੰਦ ਵਿਰੁੱਧ ਮਮਤਾ ਦਾ ਰੁਖ਼ ਸਖ਼ਤ

-- 11 August,2013

WB CM interacting with media

ਕੋਲਕਾਤਾ,11 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਗੋਰਖਾ ਜਨਮੁਕਤੀ ਮੋਰਚਾ (ਜੀਜੀਐਮ) ਨੂੰ ਚਿਤਾਵਨੀ ਦਿੱਤੀ ਹੈ ਕਿ ਜਾਂ ਤਾਂ ਉਹ 72 ਘੰਟਿਆਂ ਵਿੱਚ ਆਪਣਾ ਅਣਮਿਥੇ ਸਮੇਂ ਲਈ ਬੰਦ ਦਾ ਸੱਦਾ ਵਾਪਸ ਲੈ ਲਵੇ ਜਾਂ ਫਿਰ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਜ਼ਿਕਰਯੋਗ ਹੈ ਕਿ ਕੋਲਕਾਤਾ ਹਾਈ ਕੋਰਟ ਨੇ ਦਾਰਜੀਲਿੰਗ ਖਿੱਤੇ ਵਿੱਚ ਜਨ-ਜੀਵਨ ਆਮ ਵਰਗਾ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਹਨ।
ਇਥੇ ਸੂਬਾ ਸਕੱਤਰੇਤ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੇ ਕਿਹਾ, ‘‘ਹੁਣ ਹੱਦ ਹੋ ਗਈ ਹੈ, ਅਸੀਂ ਪਿਛਲੇ 8 ਦਿਨਾਂ ਤੋਂ ਸਹਿ ਰਹੇ ਹਾਂ। ਮੈਂ ਬਹੁਤ ਸਖ਼ਤ ਹਾਂ। ਮੈਨੂੰ ਦਾਰਜੀਲਿੰਗ ਵਿੱਚ ਸਥਿਤੀ ਆਮ ਵਰਗੀ ਕਰਨ ਲਈ 72 ਘੰਟੇ ਦੀ ਮੋਹਲਤ ਮਿਲੀ ਹੈ, ਮੈਨੂੰ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਨਾ ਕਰੋ।’’
ਪੱਛਮੀ ਬੰਗਾਲ ਦੀ ਵੰਡ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਦਾਰਜੀਲਿੰਗ ਪੱਛਮੀ ਬੰਗਾਲ ਦਾ ਅਨਿੱਖੜਵਾਂ ਅੰਗ ਹੈ। ਦਾਰਜੀਲਿੰਗ ਮੇਰਾ ਦਿਲ ਹੈ। ਨਸਲ ਦੇ ਆਧਾਰ ਉਤੇ ਸੂਬੇ ਦੀ ਵੰਡ ਨਹੀਂ ਹੋ ਸਕਦੀ। ਉਨ੍ਹਾਂ ਦਾਰਜੀਲਿੰਗ ਵਿੱਚ ਜਨਜੀਵਨ ਨੂੰ ਆਮ ਵਰਗਾ ਬਣਾਉਣ ਲਈ ਕੋਲਕਾਤਾ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਗੋਰਖਾ ਜਨਮੁਕਤੀ ਮੋਰਚਾ ਆਏ ਦਿਨ ਜ਼ਬਰਦਸਤੀ ਬੰਦ ਕਰਵਾਉਣ ਤੇ ਬੰਦ ਕਾਰਨ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਕਰਕੇ ਲੋਕਾਂ ਦੇ ਦਿਲਾਂ ਤੋਂ ਉੱਤਰ ਚੁੱਕਾ ਹੈ।
ਉਨ੍ਹਾਂ ਕਿਹਾ, ‘‘ਮੇਰੀਆਂ ਕੁਝ ਸੰਵਿਧਾਨਕ ਜ਼ਿੰਮੇਵਾਰੀਆਂ ਹਨ। ਇਸ ਸਬੰਧੀ ਹਾਈ ਕੋਰਟ ਦੇ ਹੁਕਮ ਹਨ ਤੇ ਬੰਦ ਸਬੰਧੀ ਸੁਪਰੀਮ ਕੋਰਟ ਦੀਆਂ ਵੀ ਹਦਾਇਤਾਂ ਹਨ।’’
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੀ ਸਰਕਾਰ ਗੋਰਖਾ ਜਨਮੁਕਤੀ ਮੋਰਚਾ ਨਾਲ ਗੱਲਬਾਤ ਕਰੇਗੀ ਤਾਂ ਉਨ੍ਹਾਂ ਕਿਹਾ ਕਿ ਜੇ ਉਹ ਬੰਦ ਦਾ ਸੱਦਾ ਵਾਪਸ ਲੈਂਦੇ ਹਨ ਤਾਂ ਗੱਲਬਾਤ ਵਿੱਚ ਕੋਈ ਮੁਸ਼ਕਲ ਨਹੀਂ ਹੈ। ਉਹ ਸੂਬੇ ਦੇ ਮੁੱਖ ਸਕੱਤਰ ਤੇ ਗ੍ਰਹਿ ਸਕੱਤਰ ਨਾਲ ਗੱਲਬਾਤ ਕਰ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ, ‘‘ਮੈਂ ਦਾਰਜੀਲਿੰਗ 25 ਵਾਰ ਗਈ ਹਾਂ ਤੇ ਅੱਗੇ ਨੂੰ ਵੀ ਜਾਵਾਂਗੀ।’’ ਉਨ੍ਹਾਂ ਕਿਹਾ ਕਿ ਉਹ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਬੰਦ ਨੂੰ ਗੈਰ-ਕਾਨੂੰਨੀ ਤੇ ਗੈਰ-ਸੰਵਿਧਾਨਕ ਕਰਾਰ ਦੇ ਰਹੀ ਹੈ।
ਕੇਂਦਰ ਉਤੇ ਹਮਲਾ ਕਰਦਿਆਂ ਕੁਝ ਰਾਜਸੀ ਆਗੂਆਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ, ‘‘ਪਾੜੋ ਤੇ ਰਾਜ ਕਰੋ’ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਨਾ ਕਰੋ। ਸਾਨੂੰ ਇਕੱਠੇ  ਰਹਿਣ ਦਿਓ ਤੇ ਇਕੱਠੇ ਸੋਚਣ ਦਿਓ।
ਉਨ੍ਹਾਂ ਗੋਰਖਾ ਮੁਕਤੀ ਮੋਰਚਾ ਦੇ ਆਗੂ ਬਿਮਲ ਗੁਰੰਗ ਬਾਰੇ ਵੀ ਬੇਹੱਦ ਸਖ਼ਤ ਭਾਸ਼ਾ ਦੀ ਵਰਤੋਂ ਕੀਤੀ। ਉਨ੍ਹਾਂ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਆਪਣੀ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ।

Facebook Comment
Project by : XtremeStudioz