Close
Menu

ਦਾਵੋਸ ਸੰਮੇਲਨ: ਜੇਤਲੀ ਤੇ ਕਮਲ ਨਾਥ ਕਰਨਗੇ ਸ਼ਿਰਕਤ

-- 24 December,2018

ਨਵੀਂ ਦਿੱਲੀ, 24 ਦਸੰਬਰ
ਸਵਿੱਟਜ਼ਰਲੈਂਡ ਦੇ ਦਾਵੋਸ ਵਿਚ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਆਰਥਿਕ ਫੋਰਮ (ਡਬਲਿਊਈਐੱਫ) ਦੇ ਸਾਲਾਨਾ ਸੰਮੇਲਨ ’ਚ ਵਿੱਤ ਮੰਤਰੀ ਅਰੁਣ ਜੇਤਲੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਇਸ ਸੰਮੇਲਨ ਵਿਚ ਸ਼ਿਰਕਤ ਕਰਨਗੇ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਇਸ ਆਲਮੀ ਸੰੰਮੇਲਨ ਵਿਚ ਹਾਜ਼ਰੀ ਲਵਾ ਸਕਦੇ ਹਨ। ਭਾਰਤ ਦੀਆਂ ਵੱਖ-ਵੱਖ ਕੰਪਨੀਆਂ ਦੇ 100 ਮੁੱਖ ਕਾਰਜਕਾਰੀ ਅਧਿਕਾਰੀ (ਸੀਈਓਜ਼) ਵੀ ਇਸ ਸੰਮੇਲਨ ਵਿਚ ਸ਼ਿਰਕਤ ਕਰਨਗੇ। ਦਾਵੋਸ ਵਿਚ 21 ਤੋਂ 25 ਜਨਵਰੀ ਤੱਕ ਹੋਣ ਵਾਲੇ ਸੰਮੇਲਨ ਦੀ ਅਗਵਾਈ ਇਸ ਵਾਰ ਮਾਈਕ੍ਰੋਸੌਫ਼ਟ ਦੇ ਭਾਰਤੀ ਮੂਲ ਦੇ ਸੀਈਓ ਸੱਤਿਆ ਨਾਡੇਲਾ ਤੇ ਵਿਸ਼ਵ ਬੈਂਕ ਦੇ ਪ੍ਰਧਾਨ ਜਿਮ ਜੌਂਗ ਕਿਮ ਸਾਂਝੇ ਤੌਰ ’ਤੇ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿਚ ਛੇ ਨੌਜਵਾਨ ਆਗੂ ਵੀ ਸ਼ਾਮਲ ਹੋਣਗੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੀ ਇਸ ਸੰਮੇਲਨ ਵਿਚ ਹਿੱਸਾ ਲੈਣ ਦੀ ਸੰਭਾਵਨਾ ਹੈ। ਸੰਮੇਲਨ ਵਿਚ ਵਪਾਰ, ਸਿਆਸਤ, ਸਰਕਾਰ, ਸਿਵਲ ਸੁਸਾਇਟੀ, ਕਲਾ ਤੇ ਮੀਡੀਆ ਨਾਲ ਸਬੰਧਤ ਕਰੀਬ 3,000 ਆਲਮੀ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਇਸ ਸੰਮੇਲਨ ਦਾ ਥੀਮ ਚੌਥੀ ਸਨਅਤੀ ਕ੍ਰਾਂਤੀ ਉੱਤੇ ਆਧਾਰਿਤ ਹੈ। ਇਸ ਵਿਚ ਭਾਰਤ ਉੱਤੇ ਆਧਾਰਿਤ ਕਈ ਸੈਸ਼ਨ ਹੋਣਗੇ। ਆਮ ਚੋਣਾਂ ਤੋਂ ਪਹਿਲਾਂ ਤੇ ਪੰਜ ਰਾਜਾਂ ਦੀਆਂ ਸੂਬਾਈ ਚੋਣਾਂ ਤੋਂ ਬਾਅਦ ਹੋਣ ਜਾ ਰਹੇ ਇਨ੍ਹਾਂ ਸੈਸ਼ਨਾਂ ਦੇ ਅਹਿਮ ਰਹਿਣ ਦੀ ਸੰਭਾਵਨਾ ਹੈ।

Facebook Comment
Project by : XtremeStudioz